Sunday 11 March 2012

ਖ਼ੁਦਕੁਸ਼ੀਆਂ ਦੀ ਸਮੱਸਿਆ।

ਸਿਰਫ਼ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਹੀ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਹਰ ਦਿਨ ਅਤੇ ਹਰ ਸਾਲ ਵਧਦੀਆਂ ਜਾ ਰਹੀਆਂ ਹਨ। ਕੁਝ ਸਾਲ ਪਹਿਲਾਂ ਇਕ ਅੰਦਾਜ਼ੇ ਅਨੁਸਾਰ ਸਾਰੀ ਦੁਨੀਆਂ ਵਿੱਚ ਇਕ ਸਾਲ ਵਿੱਚ ਇਕ ਮਿਲੀਅਨ ਤੋਂ ਵੀ ਵੱਧ ਲੋਕ ਖ਼ੁਦਕੁਸ਼ੀ ਕਰਦੇ ਸਨ। ਇਸੇ ਸੰਸਥਾ ਦੇ ਅਨੁਸਾਰ, ਖ਼ੁਦਕੁਸ਼ੀਆਂ ਦੀ ਗਿਣਤੀ 2020 ਤੱਕ ਡੇਢ ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਪਰ ਜਿਸ ਹਿਸਾਬ ਨਾਲ ਸਾਰੇ ਮੁਲਕਾਂ ਵਿੱਚ ਖ਼ੁਦਕੁਸ਼ੀਆਂ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਤਾਂ 2020 ਵਿੱਚ ਡੇਢ ਮਿਲੀਅਨ ਤੋਂ ਕਿਤੇ ਜ਼ਿਆਦਾ ਖ਼ੁਦਕੁਸ਼ੀਆਂ ਹੋਣ ਦੀ ਸੰਭਾਵਨਾ ਹੈ। ਭਾਵੇਂ ਖ਼ੁਦਕੁਸ਼ੀ ਕਰਨ ਵਿੱਚ ਹਰ ਸਾਲ ਇਕ ਮਿਲੀਅਨ ਤੋਂ ਕੁਝ ਜ਼ਿਆਦਾ ਲੋਕ ਸਫਲ ਹੁੰਦੇ ਹਨ ਪਰ ਇਹ ਅੰਦਾਜ਼ਾ ਹੈ ਕਿ ਹਰ ਸਾਲ ਲੱਗ ਭਗ 10 ਤੋਂ 20 ਮਿਲੀਅਨ ਲੋਕ ਸੰਸਾਰ ਵਿੱਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਖ਼ੁਦਕੁਸ਼ੀਆਂ ਸਿਰਫ਼ ਗਰੀਬ ਮੁਲਕਾਂ ਵਿੱਚ ਹੀ ਨਹੀਂ ਹੁੰਦੀਆਂ ਸਗੋਂ ਅਮੀਰ ਮੁਲਕਾਂ ਵਿੱਚ ਵੀ ਬਹੁਤ ਹੁੰਦੀਆਂ ਹਨ ਭਾਵੇਂ ਇਨ੍ਹਾਂ ਦੇ ਕਾਰਨ ਵੱਖਰੇ ਹੋ ਸਕਦੇ ਹਨ।



ਜੇ ਖ਼ੁਦਕੁਸ਼ੀਆਂ ਦੇ ਅੰਕੜਿਆਂ ਤੇ ਨਿਗ੍ਹਾ ਮਾਰੀਏ ਤਾਂ ਸਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਚੀਨ ਵਿੱਚ ਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਕੁਝ ਸਾਲ ਪਹਿਲਾਂ ਤਿੰਨ ਲੱਖ ਸਲਾਨਾ ਦੇ ਕਰੀਬ ਸੀ। ਸੰਸਾਰ ਵਿੱਚ ਚੀਨ ਹੀ ਇਕ ਅਜਿਹਾ ਮੁਲਕ ਹੈ ਜਿੱਥੇ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਗਿਣਤੀ ਵਿੱਚ ਖ਼ੁਦਕੁਸ਼ੀ ਕਰਦੀਆਂ ਹਨ। ਬਾਕੀ ਸਾਰੇ ਮੁਲਕਾਂ ਵਿੱਚ ਔਰਤਾਂ ਨਾਲੋਂ ਮਰਦ ਜ਼ਿਆਦਾ ਗਿਣਤੀ ਵਿੱਚ ਖ਼ੁਦਕੁਸ਼ੀ ਕਰਦੇ ਹਨ।



ਹਿੰਦੁਸਤਾਨ ਵਿੱਚ ਸੰਨ 2000 ਵਿੱਚ ਇਕ ਲੱਖ ਤੋਂ ਵੱਧ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਸੀ ਜਿਨ੍ਹਾਂ ਵਿੱਚੋਂ ਲੱਗ ਭਗ 65 ਹਜ਼ਾਰ ਤੋਂ ਕੁਝ ਜ਼ਿਆਦਾ ਮਰਦ ਸਨ ਅਤੇ 35 ਹਜ਼ਾਰ ਤੋਂ ਕੁਝ ਜ਼ਿਆਦਾ ਔਰਤਾਂ ਸਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਹੁਣ ਇਹ ਅੰਕੜੇ ਦੁੱਗਣੇ ਵੀ ਹੋ ਗਏ ਹੋਣ। ਅਸਲ ਵਿੱਚ ਹਿੰਦੁਸਤਾਨ ਅਤੇ ਚੀਨ ਵਰਗੇ ਮੁਲਕਾਂ ਦੇ ਅੰਕੜਿਆਂ ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਨ੍ਹਾਂ ਮੁਲਕਾਂ ਵਿੱਚ ਬਹੁਤ ਸਾਰੀਆਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਗੁਪਤ ਹੀ ਰੱਖ ਲਈਆਂ ਜਾਂਦੀਆਂ ਹਨ ਅਤੇ ਕਦੇ ਵੀ ਗਿਣਤੀ ਵਿੱਚ ਨਹੀਂ ਆਉਂਦੀਆਂ। ਇਸ ਲਈ ਹਿੰਦੁਸਤਾਨ ਵਿੱਚ ਖ਼ੁਦਕੁਸ਼ੀਆਂ ਦੀ ਸਹੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।



ਅਮਰੀਕਾ ਵਰਗੇ ਅਮੀਰ ਦੇਸ਼ ਵਿੱਚ ਵੀ 35 ਹਜ਼ਾਰ ਦੇ ਕਰੀਬ ਲੋਕ ਹਰ ਸਾਲ ਖ਼ੁਦਕੁਸ਼ੀ ਕਰਦੇ ਹਨ। ਇਨ੍ਹਾਂ ਅੰਕੜਿਆਂ ਤੇ ਅਸੀਂ ਲੱਗ ਭਗ ਸੌ ਫੀ ਸਦੀ ਯਕੀਨ ਕਰ ਸਕਦੇ ਹਾਂ ਕਿਉਂਕਿ ਅਮਰੀਕਾ ਵਰਗੇ ਮੁਲਕਾਂ ਵਿੱਚ ਹਰ ਖ਼ੁਦਕੁਸ਼ੀ ਦੀ ਰਿਪੋਰਟ ਲਿਖਾਉਣੀ ਪੈਂਦੀ ਹੈ। ਜੇ ਨਾ ਲਿਖਾਈ ਜਾਵੇ ਤਾਂ ਪਤਾ ਲੱਗਣ ਤੇ ਰਿਸ਼ਤੇਦਾਰਾਂ ਨੂੰ ਬਹੁਤ ਸਮੱਸਿਆ ਆ ਸਕਦੀ ਹੈ।



ਸਭ ਤੋਂ ਵੱਧ ਹੈਰਾਨੀ ਜਪਾਨ ਦੇ ਅੰਕੜਿਆਂ ਤੋਂ ਹੁੰਦੀ ਹੈ। ਇੰਨੇ ਛੋਟੇ ਜਿਹੇ ਮੁਲਕ ਜਪਾਨ ਵਿੱਚ 2007 ਦੇ ਸਾਲ ਵਿੱਚ 34 ਹਜ਼ਾਰ ਦੇ ਕਰੀਬ ਖ਼ੁਦਕੁਸ਼ੀਆਂ ਕੀਤੀਆਂ ਗਈਆਂ ਸਨ। ਸ਼ਾਇਦ ਇਸਦਾ ਇਕ ਕਾਰਨ ਇਹ ਵੀ ਹੈ ਕਿ ਜਪਾਨ ਵਿੱਚ ਜੇ ਕਿਸੇ ਪਰਵਾਰ ਦਾ ਮੁਖੀ ਕਿਸੇ ਵੀ ਕਾਰਨ ਕਰ ਕੇ (ਭਾਵੇਂ ਖ਼ੁਦਕੁਸ਼ੀ ਨਾਲ ਹੀ) ਮਰ ਜਾਵੇ ਤਾਂ ਉਸ ਪਰਵਾਰ ਨੂੰ ਬੀਮਾ ਕੰਪਨੀ ਵਲੋਂ ਘਰ ਤੇ ਜਿੰਨਾਂ ਵੀ ਕਰਜ਼ਾ ਰਹਿੰਦਾ ਹੋਵੇ ਉਹ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜੇ ਕੋਈ ਪਰਵਾਰ ਘਰ ਦੀਆਂ ਕਿਸ਼ਤਾਂ ਨਾ ਦੇ ਸਕਦਾ ਹੋਵੇ ਤਾਂ ਉਸ ਪਰਵਾਰ ਦੇ ਮੁਖੀ ਵਲੋਂ ਖ਼ੁਦਕੁਸ਼ੀ ਕਰਨ ਨਾਲ ਘਰ ਦੀਆਂ ਕਿਸ਼ਤਾਂ ਮੁਆਫ਼ ਹੋ ਜਾਂਦੀਆਂ ਹਨ।



ਕੁਝ ਸਾਲ ਪਹਿਲਾਂ ਦੇ ਅੰਕੜਿਆਂ ਅਨੁਸਾਰ, ਸੰਸਾਰ ਦੇ ਸਾਰੇ ਮੁਲਕਾਂ ਵਿੱਚ ਔਸਤਨ ਹਰ ਇਕ ਲੱਖ ਇਨਸਾਨਾਂ ਵਿੱਚੋਂ 16 ਇਨਸਾਨ ਖ਼ੁਦਕੁਸ਼ੀ ਦੇ ਕਾਰਨ ਮਰਦੇ ਹਨ ਅਤੇ ਔਸਤਨ ਲੱਗ ਭਗ ਹਰ 40 ਸਕਿੰਟਾਂ ਵਿੱਚ ਇਕ ਇਨਸਾਨ ਖ਼ੁਦਕੁਸ਼ੀ ਕਰਦਾ ਹੈ। ਬਹੁਤੇ ਅੰਕੜੇ ਜੋ ਮਿਲ ਰਹੇ ਹਨ ਉਹ 2000 ਤੋਂ ਲੈ ਕੇ 2004 ਤੱਕ ਦੇ ਸਮੇਂ ਦੇ ਹੀ ਹਨ। ਹੁਣ ਤਾਂ ਇਹ ਅੰਕੜੇ ਹੋਰ ਵੀ ਬਦਸੂਰਤ ਹੋ ਗਏ ਹੋਣਗੇ।



ਜੇ ਖ਼ੁਦਕੁਸ਼ੀ ਦੇ ਅੰਕੜਿਆਂ ਤੇ ਝਾਤੀ ਮਾਰੀਏ ਤਾਂ ਇਸ ਦੀ ਗਤੀ (rate) ਸਭ ਤੋਂ ਵੱਧ ਲਿਥੁਆਨੀਆ (Lithuania) ਮੁਲਕ ਵਿੱਚ ਹੈ ਜਿੱਥੇ ਇਕ ਲੱਖ ਵਿੱਚੋਂ ਕਰੀਬ 40 ਤੋਂ ਉੱਪਰ ਲੋਕ ਖ਼ੁਦਕੁਸ਼ੀ ਨਾਲ ਮਰਦੇ ਹਨ। ਰੂਸ ਤੀਜੇ ਨੰਬਰ ਤੇ ਆਉਂਦਾ ਹੈ ਜਿੱਥੇ ਇਹ ਦਰ 34.3 ਹੈ। ਜਪਾਨ ਵਿੱਚ ਇਹ ਦਰ 24 ਹੈ ਜਿਸ ਅਨੁਸਾਰ ਜਪਾਨ ਦਸਵੇਂ ਨੰਬਰ ਤੇ ਹੈ। ਫਰਾਂਸ ਵਿੱਚ ਇਕ ਲੱਖ ਵਿੱਚੋਂ 18 ਇਨਸਾਨ ਖ਼ੁਦਕੁਸ਼ੀ ਨਾਲ ਮਰਦੇ ਹਨ ਜਿਸ ਅਨੁਸਾਰ ਇਸਦਾ ਨੰਬਰ ਅਠਾਰਵਾਂ ਹੈ। ਕਨੇਡਾ ਚਾਲੀਵੇਂ ਨੰਬਰ ਤੇ ਅਤੇ ਅਮਰੀਕਾ ਤਰਤਾਲੀਵੇਂ ਨੰਬਰ ਤੇ ਆਉਂਦਾ ਹੈ ਜਿੱਥੇ ਇਹ ਦਰ ਕ੍ਰਮਵਾਰ 11.6 ਅਤੇ 11.0 ਹਨ। ਹਿੰਦੁਸਤਾਨ ਵਿੱਚ ਇਹ ਦਰ ਇਕ ਲੱਖ ਪਿੱਛੇ 10.5 ਹੈ ਜਿਸ ਦੇ ਅਨੁਸਾਰ ਹਿੰਦੁਸਤਾਨ ਦਾ ਦਰਜ਼ਾ ਪੰਤਾਲੀਵਾਂ ਹੈ। ਜਿਵੇਂ ਕਿ ਪਹਿਲਾਂ ਕਿਹਾ ਸੀ, ਅਸੀਂ ਹਿੰਦੁਸਤਾਨ ਦੇ ਅੰਕੜਿਆਂ ਤੇ ਪੂਰਾ ਭਰੋਸਾ ਨਹੀਂ ਕਰ ਸਕਦੇ। ਇਹ ਸਾਰੇ ਦਰ ਜੋ ਬਿਆਨ ਕੀਤੇ ਗਏ ਹਨ 2002 ਤੋਂ 2004 ਤੱਕ ਦੇ ਹਨ ਅਤੇ ਵਰਲਡ ਹੈਲਥ ਆਰਗ਼ੇਨਾਈਜ਼ੇਸ਼ਨ (World Health Organization) ਵਲੋਂ ਇਕੱਠੇ ਕੀਤੇ ਗਏ ਹਨ॥



ਹੁਣ ਸਵਾਲ ਉੱਠਦਾ ਹੈ ਕਿ ਲੋਕ ਖ਼ੁਦਕੁਸ਼ੀ ਕਿਉਂ ਕਰਦੇ ਹਨ? ਇਸ ਪਿੱਛੇ ਕੋਈ ਨਾ ਕੋਈ ਮਜਬੂਰੀ ਜ਼ਰੂਰ ਹੁੰਦੀ ਹੈ ਨਹੀਂ ਤਾਂ ਮਰਨ ਨੂੰ ਕਿਸਦਾ ਜੀਅ ਕਰਦਾ ਹੈ। ਜਿਵੇਂ ਅਮਰੀਕਾ ਵਿੱਚ ਕਿਹਾ ਜਾਂਦਾ ਹੈ, ਖ਼ੁਦਕੁਸ਼ੀ ਇਕ ਆਰਜ਼ੀ ਸਮੱਸਿਆ ਦਾ ਸਦੀਵੀ ਹੱਲ ਹੈ। (It is a permanent solution to a temporary problem.) ਜਿਸ ਸਮੱਸਿਆ ਕਰ ਕੇ ਆਮ ਤੌਰ ਤੇ ਕੋਈ ਇਨਸਾਨ ਖ਼ੁਦਕੁਸ਼ੀ ਕਰਦਾ ਹੈ, ਉਹ ਸਮੱਸਿਆ ਕਈ ਵਾਰੀ ਆਰਜ਼ੀ ਹੁੰਦੀ ਹੈ ਅਤੇ ਉਸਦਾ ਕੋਈ ਨਾ ਕੋਈ ਹੱਲ ਲੱਭਿਆ ਜਾ ਸਕਦਾ ਹੈ। ਪਰ ਇਨਸਾਨ ਹੌਸਲਾ ਛੱਡ ਕੇ ਅਤੇ ਹਾਰ ਮੰਨ ਕੇ ਖ਼ੁਦਕੁਸ਼ੀ ਦਾ ਰਾਹ ਅਪਣਾ ਲੈਂਦਾ ਹੈ। ਕਈ ਵਾਰੀ ਅਸੀਂ ਖ਼ੁਦਕੁਸ਼ੀ ਨੂੰ ਬੁਜ਼ਦਿਲੀ ਦਾ ਨਾਂ ਵੀ ਦਿੰਦੇ ਹਾਂ ਭਾਵੇਂ ਇਹ ਠੀਕ ਨਹੀਂ। ਬਹੁਤੀ ਵਾਰੀ ਖ਼ੁਦਕੁਸ਼ੀ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਇਨਸਾਨ ਦਿਲ ਛੱਡ ਦੇਵੇ, ਹੌਸਲਾ ਛੱਡ ਦੇਵੇ, ਅਤੇ ਉਸਨੂੰ ਸਮੱਸਿਆਵਾਂ ਵਿੱਚੋਂ ਬਾਹਰ ਨਿਕਲਣ ਦਾ ਹੋਰ ਕੋਈ ਵੀ ਰਾਹ ਨਾ ਦਿਸਦਾ ਹੋਵੇ।



ਕਈ ਲੋਕ ਆਪਣਾ ਦਿਮਾਗ਼ੀ ਸੰਤੁਲਨ ਗਵਾਉਣ ਦੇ ਕਾਰਨ ਵੀ ਖ਼ੁਦਕੁਸ਼ੀ ਕਰ ਲੈਂਦੇ ਹਨ। ਦੁਨੀਆਂ ਵਿੱਚ ਦਿਨ-ਬ-ਦਿਨ ਮਾਨਸਿਕ ਤੌਰ ਤੇ ਰੋਗੀ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਹੈ ਬਦਲ ਗਈਆਂ ਅਤੇ ਬਦਲ ਰਹੀਆਂ ਕਦਰਾਂ-ਕੀਮਤਾਂ ਅਤੇ ਰਿਸ਼ਤੇ-ਨਾਤੇ। ਵੱਡੇ ਪਰਿਵਾਰਾਂ ਵਿੱਚ ਇਕ ਦੂਜੇ ਨਾਲ ਪਿਆਰ ਨਾਲ ਰਹਿਣਾ, ਔਖੇ ਵੇਲੇ ਇਕ ਦੂਜੇ ਦੇ ਸਹਾਈ ਹੋਣਾ, ਰਿਸ਼ਤੇਦਾਰਾਂ ਦੇ ਦੁੱਖਾਂ ਨੂੰ ਆਪਣਾ ਸਮਝ ਕੇ ਉਨ੍ਹਾਂ ਦੀ ਮਦਦ ਕਰਨੀ, ਅਤੇ ਦੁੱਖ-ਸੁੱਖ ਵਿੱਚ ਇਕ ਦੂਜੇ ਦੇ ਸ਼ਰੀਕ ਹੋਣਾ ਕਾਫੀ ਹੱਦ ਤੱਕ ਖ਼ਤਮ ਹੋ ਚੁੱਕਾ ਹੈ ਅਤੇ ਹੌਲੀ ਹੌਲੀ ਬਿਲਕੁਲ ਖ਼ਤਮ ਹੋ ਰਿਹਾ ਹੈ। ਲੋਕ ਕਾਫੀ ਸਵਾਰਥੀ ਬਣ ਗਏ ਹਨ ਅਤੇ ਦਿਨ-ਬ-ਦਿਨ ਹੋਰ ਸਵਾਰਥੀ ਹੁੰਦੇ ਜਾ ਰਹੇ ਹਨ। ਇਸ ਕਾਰਨ ਜਦੋਂ ਕਿਸੇ ਇਨਸਾਨ ਨੂੰ ਜ਼ਿੰਦਗੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਕੋਈ ਵੀ ਉਸਦੇ ਦੁੱਖ ਵਿੱਚ ਸਹਾਈ ਨਹੀਂ ਹੁੰਦਾ ਅਤੇ ਇਸ ਕਾਰਨ ਉਸਦਾ ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ। ਕਈ ਵਾਰੀ ਇਹੋ ਜਿਹੇ ਮਾਨਸਿਕ ਤੌਰ ਤੇ ਰੋਗੀ ਇਨਸਾਨ ਨੂੰ ਖ਼ੁਦਕੁਸ਼ੀ ਤੋਂ ਬਗੈਰ ਹੋਰ ਕੋਈ ਚਾਰਾ ਜਾਂ ਹੱਲ ਨਜ਼ਰ ਨਹੀਂ ਆਉਂਦਾ।



ਜੇ ਕੋਈ ਇਨਸਾਨ ਜ਼ਿੰਦਗੀ ਵਿੱਚ ਉਦਾਸੀ (depression) ਦੇ ਚੱਕਰ ਵਿੱਚ ਫਸ ਜਾਵੇ ਤਾਂ ਇਸ ਵਿੱਚੋਂ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਇਹੋ ਜਿਹੇ ਰੋਗ ਦਾ ਇਲਾਜ ਬਹੁਤ ਹੀ ਜ਼ਰੂਰੀ ਹੈ ਅਤੇ ਇਲਾਜ ਤੋਂ ਬਗੈਰ ਇਸਦਾ ਰੋਗੀ ਠੀਕ ਨਹੀਂ ਹੋ ਸਕਦਾ। ਇਸ ਬਿਮਾਰੀ ਦਾ ਰੋਗੀ ਆਪਣੇ ਆਪ ਨੂੰ ਨਿਕੰਮਾ ਅਤੇ ਜ਼ਿੰਦਗੀ ਨੂੰ ਬੇਅਰਥ ਸਮਝਣ ਲੱਗ ਪੈਂਦਾ ਹੈ। ਉਹ ਹਰ ਵੇਲੇ ਮਾੜੀਆਂ ਸੋਚਾ ਦਾ ਸ਼ਿਕਾਰੀ ਬਣਿਆ ਰਹਿੰਦਾ ਹੈ ਅਤੇ ਕਈ ਵਾਰੀ ਇਹ ਸੋਚਾਂ ਉਸਨੂੰ ਖ਼ੁਦਕੁਸ਼ੀ ਵਲ ਲੈ ਜਾਂਦੀਆਂ ਹਨ।



ਕਈ ਵਾਰੀ ਇਨਸਾਨ ਨੂੰ ਕੋਈ ਇਹੋ ਜਿਹੀ ਬੀਮਾਰੀ (ਜਿਵੇਂ ਕੈਂਸਰ ਆਦਿ) ਲੱਗ ਜਾਂਦੀ ਹੈ ਜਿਸਦਾ ਕੋਈ ਇਲਾਜ ਨਹੀਂ ਹੁੰਦਾ ਜਾਂ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਹੁੰਦੀ। ਬਿਮਾਰੀ ਦਾ ਦਰਦ ਵੀ ਬੇਹੱਦ ਹੁੰਦਾ ਹੈ ਜਿਸਨੂੰ ਸਹਿਣਾ ਸੌਖਾ ਨਹੀਂ ਹੁੰਦਾ। ਕਈ ਵਾਰੀ ਬੁਢਾਪੇ ਵੇਲੇ ਇਨਸਾਨ ਵਿੱਚ ਆਪਣੀ ਦੇਖ-ਭਾਲ ਕਰਨ ਦੀ ਸਮਰੱਥਾ ਨਹੀਂ ਹੁੰਦੀ ਅਤੇ ਨਾ ਹੀ ਕੋਈ ਰਿਸ਼ਤੇਦਾਰ ਦੇਖ-ਭਾਲ ਕਰਨ ਵਾਲਾ ਹੁੰਦਾ ਹੈ। ਇਹੋ ਜਿਹੇ ਹਾਲਤਾਂ ਵਿੱਚ ਇਨਸਾਨ ਸੋਚਦਾ ਹੈ ਕਿ ਇਸ ਜੀਵਣ ਨਾਲੋਂ ਤਾਂ ਮਰਨਾ ਹੀ ਚੰਗਾ ਹੈ। ਅਮਰੀਕਾ ਵਰਗੇ ਮੁਲਕਾਂ ਵਿੱਚ ਇਹੋ ਜਿਹੇ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਕਾਰਨ ਬਹੁਤ ਦੁੱਖ-ਦਰਦ ਹੈ ਅਤੇ ਜਿਨ੍ਹਾਂ ਦੇ ਠੀਕ ਹੋਣ ਦੀ ਕੋਈ ਆਸ ਨਹੀਂ assisted suicide ਨੂੰ ਕਨੂੰਨੀ ਬਣਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਬਹੁਤ ਸਾਰੇ ਲੋਕ ਇਸਦੇ ਹੱਕ ਵਿੱਚ ਹਨ ਅਤੇ ਬਹੁਤ ਸਾਰੇ ਵਿਰੁੱਧ। ਅਮਰੀਕਾ ਵਿੱਚ ਜੈਕ ਕਵੋਰਕੀਅਨ (Jack Kevorkian), ਜੋ ਕਿ ਪੇਸ਼ੇ ਵਲੋਂ ਡਾਕਟਰ ਹੈ, ਇਹੋ ਜਿਹੇ ਇਨਸਾਨਾਂ ਦੀ ਖ਼ੁਦਕੁਸ਼ੀ ਵਿੱਚ ਮਦਦ ਕਰਨ ਦਾ ਬਹੁਤ ਸਮਰਥਕ ਹੈ। ਕਿਹਾ ਜਾਂਦਾ ਹੈ ਕਿ ਉਸਨੇ ਅਮਰੀਕਾ ਵਿੱਚ ਲੱਗ ਭਗ 130 ਇਹੋ ਜਿਹੇ ਬਿਮਾਰ ਇਨਸਾਨਾਂ ਦੀ ਖ਼ੁਦਕੁਸ਼ੀ ਕਰਨ ਵਿੱਚ ਮਦਦ ਕੀਤੀ ਜਿਨ੍ਹਾਂ ਦੇ ਠੀਕ ਹੋਣ ਦੀ ਕੋਈ ਆਸ ਨਹੀਂ ਸੀ ਅਤੇ ਜੋ ਬਹੁਤ ਹੀ ਦੁੱਖ-ਦਰਦ ਵਾਲੀ ਜ਼ਿੰਦਗੀ ਜੀਅ ਰਹੇ ਸਨ। ਇਸ ਬਦਲੇ ਜੈਕ ਕਵੋਰਕੀਅਨ ਨੂੰ ਅੱਠ ਸਾਲਾਂ ਦੇ ਕਰੀਬ ਜੇਲ੍ਹ ਵੀ ਕੱਟਣੀ ਪਈ।



ਪਰ ਕਈ ਵਾਰੀ ਖ਼ੁਦਕੁਸ਼ੀ ਕਿਸੇ ਸਮੱਸਿਆ ਕਰ ਕੇ ਨਹੀਂ ਕੀਤੀ ਜਾਂਦੀ ਸਗੋਂ ਕਿਸੇ ਗਲਤੀ ਤੋਂ ਮਿਲੀ ਸ਼ਰਮਿੰਦਗੀ ਕਰ ਕੇ ਵੀ ਕੀਤੀ ਜਾਂਦੀ ਹੈ। ਕਈ ਇਨਸਾਨ ਜ਼ਿੰਦਗੀ ਵਿੱਚ ਇਹੋ ਜਿਹੀ ਗਲਤੀ ਕਰ ਬੈਠਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕੋਈ ਇਨਸਾਨ ਭੱਦੀ ਹਰਕਤ ਕਰ ਲਵੇ ਜਾਂ ਕੋਈ ਇੱਜ਼ਤਦਾਰ ਇਨਸਾਨ ਬਹੁਤ ਹੀ ਵੱਡੀ ਬੇਈਮਾਨੀ ਕਰ ਲਵੇ ਤਾਂ ਉਸ ਲਈ ਦੂਜਿਆਂ ਨੂੰ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰੀ ਅਜਿਹੇ ਮੌਕੇ ਤੇ ਇਨਸਾਨ ਖ਼ੁਦਕੁਸ਼ੀ ਦਾ ਸਹਾਰਾ ਲੈਣਾ ਹੀ ਚੰਗਾ ਸਮਝਦਾ ਹੈ ਭਾਵੇਂ ਇਹ ਠੀਕ ਹੋਵੇ ਜਾਂ ਗਲਤ। ਹੁਣੇ ਹੁਣੇ (ਜੁਲਾਈ 2008 ਦੇ ਅਖੀਰ ਵਿੱਚ) ਅਮਰੀਕਾ ਵਿੱਚ ਇਕ 62 ਸਾਲਾਂ ਦੇ ਸਾਇੰਸਦਾਨ ਬਰੂਸ ਆਈਵਿਨਜ (Bruce E. Ivins) ਨੇ ਖ਼ੁਦਕੁਸ਼ੀ ਕੀਤੀ ਹੈ। ਕੁਝ ਦਿਨਾਂ ਵਿੱਚ ਹੀ ਇਸ ਨੂੰ ਅਮਰੀਕਾ ਦੀ ਪੁਲੀਸ ਗ੍ਰਿਫ਼ਤਾਰ ਕਰਨ ਵਾਲੀ ਸੀ ਕਿਉਂਕਿ ਪੁਲੀਸ ਅਨੁਸਾਰ ਇਸਨੇ ਸਤੰਬਰ 2001 ਦੇ ਅਮਰੀਕਾ ਵਿੱਚ ਬੰਬ ਧਮਾਕਿਆਂ ਤੋਂ ਬਾਦ ਡਾਕ ਰਾਹੀਂ ਕਈ ਦਫ਼ਤਰਾਂ ਅਤੇ ਲੋਕਾਂ ਨੂੰ ਐਨਥਰੈਕਸ (anthrax) ਭੇਜੀ ਸੀ ਜਿਸ ਕਾਰਨ ਪੰਜ ਇਨਸਾਨ ਮਰ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ। ਕਈ ਸਾਲਾਂ ਦੀ ਪੁੱਛ ਪੜਤਾਲ ਤੋਂ ਬਾਦ ਪੁਲੀਸ ਨੇ ਇਸ ਸਾਇੰਸਦਾਨ ਨੂੰ ਦੋਸ਼ੀ ਠਹਿਰਾਇਆ ਸੀ। ਪਰ ਇਸ ਤੋਂ ਪਹਿਲਾਂ ਕਿ ਪੁਲਿਸ ਉਸਨੂੰ ਫੜ੍ਹ ਕੇ ਜੇਲ੍ਹ ਭੇਜਦੀ, ਉਸਨੇ ਖ਼ੁਦਕੁਸ਼ੀ ਕਰ ਲਈ। ਸ਼ਾਇਦ ਉਸਨੂੰ ਆਪਣੇ ਕੀਤੇ ਤੇ ਪਛਤਾਵਾ ਅਤੇ ਸ਼ਰਮਿੰਦਗੀ ਸੀ ਜਾਂ ਜੇਲ੍ਹ ਵਿੱਚ ਸਾਰੀ ਜ਼ਿੰਦਗੀ ਬਿਤਾਉਣ ਦਾ ਡਰ ਸੀ।



ਹਿੰਦੁਸਤਾਨ ਵਰਗੇ ਮੁਲਕਾਂ ਵਿੱਚ ਕਈ ਵਾਰੀ ਜਵਾਨ ਲੜਕੇ ਅਤੇ ਲੜਕੀਆਂ ਪਿਆਰ ਵਿੱਚ ਅਸਫ਼ਲ ਰਹਿਣ ਕਾਰਨ ਵੀ ਆਪਣੀ ਜਾਨ ਆਪ ਹੀ ਲੈ ਲੈਂਦੇ ਹਨ। ਇਹ ਇਕ ਰਿਵਾਜ ਜਿਹਾ ਹੀ ਬਣਿਆ ਹੋਇਆ ਹੈ। ਅਮਰੀਕਾ ਵਰਗੇ ਮੁਲਕਾਂ ਵਿੱਚ ਤਾਂ ਪਿਆਰ ਸੰਬੰਧ ਟੁੱਟਣ ਤੋਂ ਦੂਜੇ ਦਿਨ ਹੀ ਲੜਕੇ ਅਤੇ ਲੜਕੀਆਂ ਨਵੇਂ ਪਿਆਰ-ਸਾਥੀ ਲੱਭ ਲੈਂਦੇ ਹਨ। ਇਨ੍ਹਾਂ ਮੁਲਕਾਂ ਵਿੱਚ ਬਹੁਤ ਹੀ ਘੱਟ ਇਨਸਾਨ ਹਨ ਜਿਨ੍ਹਾਂ ਨੂੰ ਪਿਆਰ-ਸੰਬੰਧ ਟੁੱਟਣ ਦਾ ਜ਼ਿਆਦਾ ਦੁੱਖ ਹੋਵੇ ਅਤੇ ਉਹ ਇਸ ਦੁੱਖ ਨੂੰ ਕਈ ਕਈ ਮਹੀਨੇ ਆਪਣੇ ਨਾਲ ਨਾਲ ਲਈ ਫਿਰਦੇ ਰਹਿਣ। ਪਿਆਰ ਗੁਆ ਕੇ ਖ਼ੁਦਕੁਸ਼ੀ ਕਰਨੀ ਇੱਥੇ ਬਹੁਤ ਹੀ ਦੂਰ ਦੀ ਗੱਲ ਹੈ। ਇੱਥੇ ਤਾਂ ਪਿਆਰ-ਸੰਬੰਧ ਪਾਉਣੇ ਅਤੇ ਤੋੜਨੇ ਇੰਨੇ ਸੌਖੇ ਹਨ ਜਿਵੇਂ ਕਿਰਾਏ ਤੇ ਲਿਆ ਮਕਾਨ ਬਦਲ ਲੈਣਾ। ਪਿਆਰ ਟੁੱਟਣ ਤੇ ਖ਼ੁਦਕੁਸ਼ੀ ਕਰਨੀ ਇੱਥੋਂ ਦੇ ਸਭਿਆਚਾਰ ਦਾ ਹਿੱਸਾ ਨਹੀਂ।



ਕਈ ਵਾਰੀ ਪਰਿਵਾਰ ਵਿੱਚ ਜੇ ਲੜਾਈ ਝਗੜੇ ਲਗਾਤਾਰ ਰਹਿਣ ਤਾਂ ਕਈ ਇਨਸਾਨ ਇਸ ਤੋਂ ਛੁਟਕਾਰਾ ਪਾਉਣ ਲਈ ਖ਼ੁਦਕੁਸ਼ੀ ਦਾ ਸਹਾਰਾ ਲੈ ਲੈਂਦੇ ਹਨ। ਇਹ ਲੋਕ ਹਰ ਰੋਜ਼ ਦੇ ਕਲੇਸ਼ ਨਾਲੋਂ ਮਰ ਜਾਣਾ ਹੀ ਬਿਹਤਰ ਸਮਝਦੇ ਹਨ। ਇਸ ਲੜਾਈ ਝਗੜੇ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰੀ ਜੇ ਪਤੀ ਨਸ਼ਿਆਂ ਦੀ ਵਰਤੋਂ ਬਹੁਤ ਜ਼ਿਆਦਾ ਕਰੇ ਤਾਂ ਇਸ ਨਾਲ ਘਰ ਵਿੱਚ ਲੜਾਈ ਹੋਣ ਲੱਗ ਪੈਂਦੀ ਹੈ। ਨਸ਼ਿਆਂ ਦੀ ਵਰਤੋਂ ਕਾਰਨ ਇਨਸਾਨ ਦੀ ਕੰਮ ਕਰਨ ਦੀ ਯੋਗਤਾ ਤੇ ਵੀ ਅਸਰ ਪੈਂਦਾ ਹੈ ਅਤੇ ਘਰ ਵਿੱਚ ਪੈਸੇ ਵਲੋਂ ਵੀ ਸਮੱਸਿਆਵਾਂ ਆਉਂਦੀਆਂ ਹਨ। ਇਹ ਸਮੱਸਿਆਵਾਂ ਫਿਰ ਲੜਾਈ ਝਗੜੇ ਦਾ ਅਧਾਰ ਬਣ ਜਾਂਦੀਆਂ ਹਨ ਅਤੇ ਇਹ ਲੜਾਈ ਝਗੜੇ ਫਿਰ ਇਨਸਾਨ ਨੂੰ ਖ਼ੁਦਕੁਸ਼ੀ ਵਲ ਧੱਕ ਦਿੰਦੇ ਹਨ। ਕਈ ਵਾਰੀ ਹਿੰਦੁਸਤਾਨ ਵਰਗੇ ਮੁਲਕਾਂ ਵਿੱਚ ਪਤੀ ਵਲੋਂ ਪਤਨੀ ਦੇ ਵਿਰੁੱਧ ਹਿੰਸਾ ਦੀ ਵਰਤੋਂ ਵੀ ਪਤਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੰਦੀ ਹੈ। ਹਿੰਦੁਸਤਾਨ ਵਿੱਚ ਸਹੁਰਿਆਂ ਵਲੋਂ ਲਗਾਤਾਰ ਦਾਜ ਮੰਗਣ ਕਾਰਨ ਵੀ ਬਹੁਤ ਸਾਰੀਆਂ ਔਰਤਾਂ ਖ਼ੁਦਕੁਸ਼ੀ ਦਾ ਸਹਾਰਾ ਲੈ ਲੈਂਦੀਆਂ ਹਨ ਭਾਵੇਂ ਇਹ ਰਸਤਾ ਗ਼ਲਤ ਹੀ ਹੈ।



ਸ਼ਾਇਦ ਖ਼ੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਮੁਸ਼ਕਲਾਂ ਹਨ, ਖਾਸ ਕਰਕੇ ਹਿੰਦੁਸਤਾਨ ਵਰਗੇ ਗਰੀਬ ਮੁਲਕਾਂ ਵਿੱਚ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਅਤੇ ਕਈ ਹੋਰ ਸੂਬਿਆਂ ਦੇ ਪਿੰਡਾਂ ਵਿੱਚ ਕਿਸਾਨਾਂ ਵਲੋਂ ਅਤੇ ਹੋਰ ਗ਼ਰੀਬਾਂ ਵਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ ਹਨ। ਇਨ੍ਹਾਂ ਦਾ ਮੂਲ ਕਾਰਨ ਆਰਥਿਕ ਸਮੱਸਿਆਵਾਂ ਹਨ। ਕਈ ਵਾਰੀ ਇਹ ਆਰਥਿਕ ਸਮੱਸਿਆਵਾਂ ਜਾਇਜ਼ ਹੁੰਦੀਆਂ ਹਨ ਅਤੇ ਕਈ ਵਾਰੀ ਇਹ ਸਮੱਸਿਆਵਾਂ ਆਪਣੀ ਮੂਰਖਤਾ ਨਾਲ ਆਪ ਸਹੇੜੀਆਂ ਹੁੰਦੀਆਂ ਹਨ। ਪਿੰਡਾਂ ਵਿੱਚ ਕਈ ਲੋਕ ਦਿਖਾਵੇ ਦੇ ਕਾਰਨ ਵੱਧ ਤੋਂ ਵੱਧ ਕਰਜ਼ਾ ਲੈ ਕੇ ਬੱਚਿਆਂ ਦੇ ਵਿਆਹਾਂ ਤੇ ਖਰਚਦੇ ਹਨ ਜਾਂ ਵੱਡੇ ਵੱਡੇ ਘਰ ਬਣਾ ਲੈਂਦੇ ਹਨ। ਫਿਰ ਇਹ ਕਰਜ਼ੇ ਮੋੜ ਨਹੀਂ ਹੁੰਦੇ। ਪਰ ਬਹੁਤੀ ਵਾਰੀ ਕਿਸਾਨਾਂ ਨੂੰ ਮਜਬੂਰ ਹੋ ਕੇ ਕਰਜ਼ਾ ਲੈਣਾ ਪੈਂਦਾ ਹੈ। ਕਦੇ ਮੀਂਹ ਕਾਰਨ ਅਤੇ ਕਦੇ ਸੋਕੇ ਕਾਰਨ ਫ਼ਸਲ ਮਰ ਜਾਂਦੀ ਹੈ। ਇਹੋ ਜਿਹੇ ਹਾਲਤਾਂ ਵਿੱਚ ਕਿਸਾਨ ਕੋਲ ਕਰਜ਼ਾ ਲੈਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੁੰਦਾ। ਫਿਰ ਕਰਜ਼ਾ ਨਾ ਦੇ ਸਕਣ ਦੀ ਹਾਲਤ ਵਿੱਚ ਕਈ ਕਿਸਾਨ ਖ਼ੁਦਕੁਸ਼ੀ ਕਰ ਲੈਣ ਦੀ ਗਲਤੀ ਕਰਦੇ ਹਨ। ਕਈ ਵਾਰੀ ਗ਼ਰੀਬ ਇਨਸਾਨ ਆਰਥਿਕ ਸਮੱਸਿਆਵਾਂ ਤੋਂ ਤੰਗ ਆ ਕੇ ਸਾਰਾ ਪਰਵਾਰ ਹੀ ਖ਼ਤਮ ਕਰ ਦਿੰਦੇ ਹਨ।



ਕਿਸੇ ਇਨਸਾਨ ਦੇ ਖ਼ੁਦਕੁਸ਼ੀ ਕਰਨ ਨਾਲ ਪਿੱਛੇ ਰਹਿ ਗਏ ਪਰਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਅਤੇ ਹੋਰ ਪਿਆਰਿਆਂ ਤੇ ਮਨੋਵਿਗਿਆਨਿਕ ਅਸਰ ਵੀ ਪੈਂਦਾ ਹੈ ਅਤੇ ਆਰਥਿਕ ਅਸਰ ਵੀ। ਕਈ ਵਾਰੀ ਪਿੱਛੇ ਰਹਿ ਗਏ ਪਰਵਾਰਿਕ ਮੈਂਬਰ ਖ਼ੁਦਕੁਸ਼ੀ ਦੇ ਦੋਸ਼ੀ ਆਪਣੇ ਆਪ ਨੂੰ ਠਹਿਰਾਉਣ ਲੱਗ ਪੈਂਦੇ ਹਨ ਅਤੇ ਕਈ ਵਾਰੀ ਆਪਣੇ ਪਰਵਾਰਿਕ ਮੈਂਬਰ ਦੀ ਖ਼ੁਦਕੁਸ਼ੀ ਦੀ ਨਿਮੋਸ਼ੀ ਵੀ ਮਹਿਸੂਸ ਕਰਦੇ ਹਨ। ਇਨ੍ਹਾਂ ਅਸਰਾਂ ਦੇ ਸਿੱਟੇ ਵੀ ਭਿਆਨਕ ਹੋ ਸਕਦੇ ਹਨ। ਕਈ ਵਾਰੀ ਪਿੱਛੇ ਰਹਿ ਗਏ ਪਰਵਾਰ ਦੀਆਂ ਆਰਥਿਕ ਸਮੱਸਿਆਵਾਂ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਜਿਨ੍ਹਾਂ ਦਾ ਹੱਲ ਲੱਭਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।



ਖ਼ੁਦਕੁਸ਼ੀਆਂ ਨੂੰ ਬਿਲਕੁਲ ਖ਼ਤਮ ਤਾਂ ਕਦੇ ਵੀ ਨਹੀਂ ਕੀਤਾ ਜਾ ਸਕਦਾ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਜਾਵੇ, ਕੁਝ ਇਨਸਾਨ ਤਾਂ ਫਿਰ ਵੀ ਖ਼ੁਦਕੁਸ਼ੀ ਕਰਨ ਦਾ ਮੌਕਾ ਅਤੇ ਕਾਰਨ ਲੱਭ ਹੀ ਲੈਣਗੇ। ਪਰ ਅਸੀਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਦੀ ਗਿਣਤੀ ਘਟਾ ਜ਼ਰੂਰ ਸਕਦੇ ਹਾਂ। ਜੇ ਕਿਸੇ ਇਨਸਾਨ ਦੇ ਵਿਵਹਾਰ ਵਿੱਚ ਖ਼ੁਦਕੁਸ਼ੀ ਦੇ ਕੋਈ ਚਿੰਨ੍ਹ ਦਿਸਣ ਤਾਂ ਉਸਨੂੰ ਤੁਰੰਤ ਸਲਾਹ-ਮਸ਼ਵਰਾ (counseling) ਜਾਂ ਕੋਈ ਹੋਰ ਇਲਾਜ ਦੇਣਾ ਚਾਹੀਦਾ ਹੈ। ਜੇ ਕਿਸੇ ਇਨਸਾਨ ਦੇ ਵਿਵਹਾਰ ਵਿੱਚ ਕੋਈ ਖਾਸ ਤਬਦੀਲੀ ਦੇਖੀ ਜਾਵੇ ਜਿਵੇਂ ਕਿ ਉਹ ਅਚਾਨਕ ਇਕੱਲਾ ਰਹਿਣਾ ਪਸੰਦ ਕਰਨ ਲੱਗੇ, ਹਰ ਵੇਲੇ ਉਦਾਸ ਅਤੇ ਚੁੱਪ ਰਹਿੰਦਾ ਹੋਵੇ, ਕਿਸੇ ਵੀ ਚੀਜ਼ ਨੂੰ ਪਸੰਦ ਨਾ ਕਰੇ, ਉੱਖੜਿਆ ਉੱਖੜਿਆ ਰਹੇ, ਭੁੱਲਿਆ ਭੁੱਲਿਆ ਰਹੇ, ਮਰ ਜਾਣ ਦੀਆਂ ਗੱਲਾਂ ਕਰੇ, ਜਾਂ ਕੋਈ ਹੋਰ ਇਹੋ ਜਿਹੀ ਤਬਦੀਲੀ ਉਸ ਵਿੱਚ ਆਵੇ ਤਾਂ ਉਸਨੂੰ ਵਾਹ ਲਗਦੀ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ ਅਤੇ ਉਸਦਾ ਮਨੋਵਿਗਿਆਨੀ ਡਾਕਟਰਾਂ ਤੋਂ ਛੇਤੀ ਤੋਂ ਛੇਤੀ ਇਲਾਜ ਕਰਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਵੀ ਹੋ ਸਕੇ ਉਸਨੂੰ ਇਹ ਜ਼ਰੂਰ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਉਹ ਇਨਸਾਨ ਬਹੁਤ ਹੀ ਮਹੱਤਵਪੂਰਨ ਹੈ ਅਤੇ ਉਸਦੀ ਦੂਜਿਆਂ ਨੂੰ ਬਹੁਤ ਜ਼ਰੂਰਤ ਹੈ। ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਬਾਰੇ ਸਿੱਖਿਆ ਦੇਣ ਨਾਲ ਵੀ ਖ਼ੁਦਕੁਸ਼ੀ ਦੀਆਂ ਘਟਨਾਵਾਂ ਵਿੱਚ ਕਮੀ ਆ ਸਕਦੀ ਹੈ।

No comments:

Post a Comment