Tuesday, 17 April 2012

ਅਕਲੋਂ ਅੰਨ੍ਹੇ ਲੋਕ

ਜੇਕਰ ਕਈ ਤਰ੍ਹਾਂ ਦੇ ਕੰਮਾਂ 'ਚ ਬੁਰੀ ਤਰ੍ਹਾਂ ਅਸਫਲਤਾ ਤੋਂ ਬਾਅਦ 'ਬਿਨਾਂ ਹਿੰਗ ਫਟਕੜੀ ਲੱਗਿਆਂ' ਇਕ ਸਾਲ 'ਚ ਕਰੀਬ 250 ਕਰੋੜ ਰੁਪਏ ਕਮਾ ਲਏ ਜਾਣ ਤਾਂ 'ਬਾਬਾ' ਬਣਨ 'ਚ ਭਲਾ ਕੀ ਬੁਰਾਈ ਹੋ ਸਕਦੀ ਹੈ! ਹੋਰਨਾਂ ਕੰਮਾਂ ਵਾਂਗ 'ਬਾਬਿਆਂ ਦੀ ਮੰਡੀ' 'ਚ ਚੋਟੀ 'ਤੇ ਖੜ੍ਹੇ ਹੋਣ ਦਾ ਮਾਣ ਵੀ ਇਕ ਪੰਜਾਬੀ ਨੇ ਹੀ ਹਾਸਲ ਕੀਤਾ ਹੈ। ਦੇਸ਼ ਦੇ ਬਾਕੀ ਬਾਬੇ ਵੀ ਇਸ ਗੱਲੋਂ ਜ਼ਰੂਰ ਫਿਕਰਮੰਦ ਹੋਣਗੇ ਕਿ 'ਸਿਰੇ ਦੀਆਂ ਬੇਅਕਲੀ ਵਾਲੀਆਂ ਗੱਲਾਂ' ਕਰ ਕੇ ਅਰਬਾਂ ਰੁਪਏ ਕਮਾਉਣ ਵਾਲਾ ਬੰਦਾ ਦਿਨਾਂ 'ਚ ਪੈਸੇ ਕਮਾਉਣ ਦੇ ਨਾਲ-ਨਾਲ ਦੁਨੀਆਂ ਭਰ 'ਚ ਮਕਬੂਲ ਵੀ ਅੰਤਾਂ ਦਾ ਹੋ ਗਿਆ ਹੈ। ਉਂਝ ਉਹ ਗੱਲ ਵੱਖਰੀ ਹੈ ਕਿ 'ਬਦਨਾਮ ਹੂਏ ਤੋਂ ਕਿਆ, ਨਾਮ ਤੋਂ ਹੂਆ' ਪਰ ਕੌਡੀਆਂ 'ਚ ਖੇਡਣ ਵਾਲਾ ਬੰਦਾ ਕਰੋੜਾਂ-ਅਬਰਾਂ ਰੁਪਏ ਆ ਜਾਣ 'ਤੇ ਕਿੱਥੇ ਪਰਵਾਹ ਕਰਦੈ ਬਦਨਾਮੀ-ਬਦਨੂਮੀ ਦੀ!ਵਿਦਵਾਨਾਂ, ਧਰਮਸ਼ਾਸ਼ਤਰੀਆਂ ਅਤੇ ਬੁੱਧੀਜੀਵੀਆਂ ਦੇ ਵਿਸ਼ਲੇਸ਼ਣਾਂ ਅਤੇ ਆਲੋਚਨਾਂ ਵਿਚਕਾਰ 'ਨਿਰਮਲ ਸਿਓਂ' ਨੂੰ ਇਸ ਗੱਲੋਂ ਸਲਾਮ ਕਰਨਾ ਬਣਦਾ ਹੈ ਕਿ ਉਸਨੇ ਸ਼ਰੇਆਮ ਕਰੋੜਾਂ ਲੋਕਾਂ ਨੂੰ ਮੂਰਖ ਅਤੇ ਬੁੱਧੂ ਬਣਾ ਦਿੱਤਾ ਹੈ ਅਤੇ ਅੱਜ ਦੇ ਸਮੇਂ ਜਦੋਂ ਕੋਈ ਕਿਸੇ ਨੂੰ 100 ਰੁਪਿਆ ਵੀ ਨਹੀਂ ਦਿੰਦਾ ਉਸਨੇ ਅਰਬਾਂ ਰੁਪਿਆਂ ਲੋਕਾਂ ਤੋਂ 'ਬਿਨਾਂ ਮੰਗਿਆਂ' ਇਕੱਠਾ ਕਰ ਲਿਆ ਹੈ। ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਉਰਫ ਤੀਜੇ ਨੇਤਰ ਵਾਲਾ ਬਾਬਾ ਅੱਜ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ।
                     ਪਟਿਆਲਾ ਦੀ ਸਮਾਣਾ ਮੰਡੀ ਤੋਂ ਝਾਰਖੰਡ (ਪਹਿਲਾਂ ਬਿਹਾਰ) ਦੇ ਡਾਲਟਨਗੰਜ ਸਮੇਤ ਕਈ ਸ਼ਹਿਰਾਂ 'ਚ ਕੰਮ-ਧੰਦੇ ਕਰ ਕੇ ਫਲਾਪ ਹੋਏ ਨਿਰਮਲ ਸਿਓਂ ਦਾ 'ਨਿਰਮਲ ਬਾਬਾ' ਬਣ ਕੇ ਕੰਮ ਏਨਾ ਕੁ ਲੋਟ ਆ ਗਿਆ ਕਿ 'ਅਕਲਾਂ ਵਾਲੇ' ਬਾਬੇ ਦੀ ਕ੍ਰਿਪਾ ਹਾਸਲ ਕਰਨ ਲਈ ਉਸ ਦੇ ਦਰਬਾਰ ਹਾਜ਼ਰੀਆਂ ਭਰਦੇ ਨੇ। ਬਾਬੇ ਦੇ ਕਹਿਣ ਅਨੁਸਾਰ ਉਸ 'ਤੇ ਪ੍ਰਭੂ ਦੀ ਕ੍ਰਿਪਾ ਹੈ ਅਤੇ ਉਸ ਦਾ ਤੀਜਾ ਨੇਤਰ ਉਸ ਨੂੰ ਕਿਸੇ ਵੀ ਵਿਅਕਤੀ ਦਾ ਭੂਤਕਾਲ ਅਤੇ ਭਵਿੱਖ ਸਬੰਧੀ ਦੱਸ ਦਿੰਦਾ ਹੈ। ਖੈਰ, ਇਹ ਤਾਂ ਨਿਰਮਲ ਸਿਓਂ ਬਾਰੇ ਇਕ ਮੁੱਢਲੀ ਜਿਹੀ ਜਾਣਕਾਰੀ ਸੀ। ਉਸ ਦੇ ਚਰਚਾ 'ਚ ਆਉਣ ਦਾ ਵਿਸ਼ਾ ਤਾਂ ਹੋਰ ਹੈ, ਨਿਰਮਲ ਬਾਬੇ ਵਰਗੇ ਦਾਅਵੇ ਕਰਨ ਵਾਲੇ ਤਾਂ ਹੋਰ ਵੀ ਹਜ਼ਾਰਾਂ ਬਾਬੇ ਹੋਣਗੇ! ਪੰਜਾਬ 'ਚ ਹੀ ਚੌਂਕੀਆਂ ਲਾਉਣ ਵਾਲੇ ਬਾਬਿਆਂ ਦੀ ਭਰਮਾਰ ਹੈ!
                  ਮਹੀਨਾ ਕੁ ਪਹਿਲਾਂ ਭਾਰਤ ਦੇ ਤਕਰੀਬਨ ਹਰੇਕ ਨਾਮੀਂ ਟੀ.ਵੀ. ਚੈੱਨਲ ਉੱਤੇ ਨਿਰਮਲ ਸਿਓਂ ਦੇ ਪ੍ਰੋਗਰਾਮ 'ਨਿਰਮਲ ਦਰਬਾਰ' ਸਿਰਲੇਖ ਅਧੀਨ ਦਿਖਣੇ ਸ਼ੁਰੂ ਹੋਏ। ਭਾਰਤੀ ਸਮੇਂ ਅਨੁਸਾਰ ਇਹ ਸੁਵੱਖਤੇ ਜਾਂ ਦੁਪਹਿਰ ਵੇਲੇ ਪ੍ਰਸਾਰਿਤ ਹੁੰਦੇ ਜਾਂ ਦੇਰ ਰਾਤ। ਇਨ੍ਹਾਂ ਸਮਿਆਂ 'ਚ ਅਜਿਹੇ ਪ੍ਰੋਗਰਾਮਾਂ ਦਾ ਇਸ਼ਤਿਹਾਰੀ ਭਾਅ ਪ੍ਰਾਈਮ ਟਾਇਮ (ਰਾਤੀਂ ਅੱਠ ਤੋਂ ਗਿਆਰਾਂ) ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ। ਪ੍ਰੋਗਰਾਮ 'ਚ ਬਾਬੇ ਦੇ ਭਗਤ/ਸ਼ਰਧਾਲੂ/ਚੇਲੇ ਦੱਸਦੇ ਕਿ ਬਾਬੇ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਭ ਕੰਮ ਠੀਕ ਹੋ ਰਹੇ ਹਨ। ਸਿਰਫ ਬਾਬੇ ਨੂੰ ਧਿਆਉਣ ਨਾਲ ਹੀ ਉਨ੍ਹਾਂ ਦੇ ਸਭ ਕੰਮ ਦਰੁਸਤ ਹੋ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਇਕ ਖਾਸ ਗੱਲ ਇਹ ਹੁੰਦੀ ਹੈ ਕਿ ਕੋਈ ਬੰਦਾ ਉੱਠ ਕੇ ਆਪਣੀ ਸਮੱਸਿਆ ਦੱਸਦਾ ਹੈ ਤੇ ਨਿਰਮਲ ਸਿਓਂ ਕਹਿੰਦਾ ਹੈ ਕਿ ਉਸ ਨੂੰ ਫਲਾਣੀ ਚੀਜ਼ ਦਿਖ ਰਹੀ ਹੈ (ਤੀਜੇ ਨੇਤਰ ਰਾਹੀਂ), ਕੀ ਇਸ ਨਾਲ ਉਸ ਬੰਦੇ ਦਾ ਕੋਈ ਸਬੰਧ ਹੈ? ਉਸ ਤੋਂ ਬਾਅਦ ਉਹ ਊਲ-ਜਲੂਲ ਜਿਹਾ ਸੁਝਾਅ/ਉਪਾਅ ਦੱਸ ਦਿੰਦਾ। ਅਜਿਹੇ ਇਕ ਪ੍ਰੋਗਰਾਮ 'ਚ ਉਸ ਨੇ ਇਕ ਬੰਦੇ ਨੂੰ ਕਿਹਾ ਕਿ ਉਹ ਮੰਦਿਰ 'ਚ ਜਾ ਕੇ ਘੰਟੀ ਨਾ ਬਜਾਇਆਂ ਕਰੇ ਬਲਕਿ ਘੰਟਾ ਬਜਾਇਆਂ ਕਰੇ ਤਾਂ ਹੀ ਉਸ 'ਤੇ ਕ੍ਰਿਪਾ ਹੋਣੀ ਸ਼ੁਰੂ ਹੋਵੇਗੀ। ਇਕ ਹੋਰ ਨੂੰ ਕਹਿੰਦਾ ਮੰਦਿਰ ਦੀ ਗੋਲਕ 'ਚ 50 ਰੁਪਏ ਪਾਉਣ ਨਾਲ ਕ੍ਰਿਪਾ ਨਹੀਂ ਹੁੰਦੀ ਘੱਟੋ- ਘੱਟ 500 ਰੁਪਿਆ ਪਾਇਆ ਕਰੋ। 'ਮੂਰਖਤਾ ਨਾਲ ਲਬਰੇਜ਼' ਅਜਿਹੀਆਂ ਸੈਂਕੜੇ ਉਦਾਹਰਣਾਂ ਹਨ, ਜੇ ਇੱਥੇ ਲਿਖਣ ਬਹਿ ਗਏ ਤਾਂ ਮੁੱਕਣੀਆਂ ਹੀ ਨਹੀਂ।
                    ਅੱਗੇ ਗੱਲ ਕਰਨ ਤੋਂ ਪਹਿਲਾਂ ਇਕ ਤਨਜ਼ ਭਰੀ ਵੰਨਗੀ ਜ਼ਰੂਰ ਪੇਸ਼ ਕਰਨੀ ਚਾਹਾਂਗਾ। ਜਿਹੜੇ ਬੰਦੇ ਕਾਮੇਡੀ ਫਿਲਮਾਂ ਜਾਂ ਡਰਾਮੇ ਦੇਖ ਕੇ ਉਕਤਾ ਚੁੱਕੇ ਹਨ, ਬੋਰ ਹੋ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਵਿਅੰਗ ਭਰੇ ਜੁਮਲਿਆਂ 'ਤੇ ਹਾਸਾ ਨਹੀਂ ਆਉਂਦਾ ਉਹ ਨਿਰਮਲ ਸਿਓਂ ਦੀਆਂ ਫੁੱਦੂ ਗੱਲਾਂ ਜ਼ਰੂਰ ਸੁਣਨ, ਹਾਸੇ ਦੀ 200 ਫੀਸਦੀ ਗਾਰੰਟੀ ਹੈ। ਇਕ ਸਮਾਗਮ 'ਚ ਕਹਿੰਦਾ ਵਧੀਆਂ ਕੰਪਨੀ ਦੇ ਬੂਟ ਪਾਇਆ ਕਰੋ ਕ੍ਰਿਪਾ ਆਉਣੀ ਸ਼ੁਰੂ ਹੋ ਜਾਵੇਗੀ। ਇਕ ਸਲਾਹ ਬਾਬੇ ਦੀ ਸਾਰਿਆਂ ਨੂੰ ਸਾਂਝੀ ਹੁੰਦੀ ਹੈ ਕਿ ਪਰਸ ਕਾਲੇ ਰੰਗ ਦਾ ਰੱਖਿਆ ਕਰੋ ਅਤੇ ਜਿਸ ਜਗ੍ਹਾਂ ਅਲਮਾਰੀ 'ਚ ਪੈਸੇ ਰੱਖੇ ਹੁੰਦੇ ਹਨ ਉੱਥੇ 10 ਰੁਪਏ ਦੇ ਨਵੇਂ ਨੋਟਾਂ ਦੀ ਗੱਥੀ ਰੱਖਣ ਨਾਲ 'ਖਜ਼ਾਨੇ ਭਰਪੂਰ' ਹੋਣਗੇ। ਸਭ ਤੋਂ ਅਹਿਮ ਗੱਲ ਤਾਂ ਇਹ ਹੈ, ਜਿਥੋਂ ਅਸਲ ਰੌਲਾ ਸ਼ੁਰੂ ਹੋਇਆ, ਕਿ ਨਿਰਮਲ ਦਰਬਾਰ 'ਚ ਜਣਾ-ਖਣਾ ਹੀ ਨਹੀਂ ਜਾ ਸਕਦਾ ਬਲਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ 'ਚ ਕਰਵਾਏ ਜਾਂਦੇ ਸਮਾਗਮਾਂ 'ਚ ਦਾਖਲਾ ਟਿਕਟ ਪ੍ਰਤੀ ਵਿਅਕਤੀ ਦੋ ਹਜ਼ਾਰ ਰੁਪਏ ਹੈ ਅਤੇ ਔਸਤਨ ਇਕ ਸਮਾਗਮ 'ਚ ਪੰਜ ਹਜ਼ਾਰ ਬੰਦੇ ਆਉਂਦੇ ਹਨ ਅਤੇ ਮਹੀਨੇ 'ਚ ਅਜਿਹੇ ਘੱਟੋਂ-ਘੱਟ ਸੱਤ ਸਮਾਗਮ ਕਰਵਾਏ ਜਾਂਦੇ ਹਨ। ਯਾਨੀ ਇਕ ਸਮਾਗਮ ਤੋਂ ਇਕ ਕਰੋੜ ਦੀ ਆਮਦਨ (ਦੋ ਹਜ਼ਾਰ ਰੁਪਏ ਗੁਣਾਂ ਪੰਜ ਹਜ਼ਾਰ ਬੰਦੇ) ਅਤੇ ਸਾਲ ਦੀ ਆਮਦਨ (ਸਿਰਫ ਸਮਾਗਮਾਂ ਤੋਂ) 84 ਕਰੋੜ ਰੁਪਏ। ਅਗਲੇ ਚਾਰ ਮਹੀਨੇ ਦੇ ਸਮਾਗਮਾਂ ਦੀ ਬੁਕਿੰਗ ਹੋ ਚੁੱਕੀ ਹੈ, ਕੋਈ ਸੀਟ ਹਾਲ ਦੀ ਘੜੀ ਖਾਲੀ ਨਹੀਂ ਹੈ। ਸਮਾਗਮ 'ਚ ਹੁੰਦਾ ਕੀ ਹੈ? ਸਿਰੇ ਦੀਆਂ ਹਾਸੋ-ਹੀਣੀਆਂ ਤੇ ਫੁੱਦੂ ਗੱਲਾਂ ਜੋ ਪਹਿਲਾਂ ਬਿਆਨ ਕੀਤੀਆਂ ਹਨ! ਇਸ ਤੋਂ ਇਲਾਵਾ ਬਾਬੇ ਨੇ ਆਪਣੇ ਦੋ ਵੱਖ-ਵੱਖ ਬੈਂਕਾਂ ਦੇ ਅਕਾਊਂਟ ਦਿੱਤੇ ਹੋਏ ਹਨ ਕਿ ਉਨ੍ਹਾਂ ਦੇ ਸ਼ਰਧਾਲੂ ਦੁਨੀਆਂ ਭਰ 'ਚ ਕਿਤੇ ਵੀ ਬੈਠੇ ਹੋਣ ਉਸ ਨੂੰ ਆਪਣੀ ਕਮਾਈ ਦਾ ਦਸ਼ਵੰਧ ਦੇਣ ਤਾਂ ਜੋ ਉਨ੍ਹਾਂ 'ਤੇ ਕ੍ਰਿਪਾ ਕੀਤੀ ਜਾ ਸਕੇ ਅਤੇ 'ਇੱਛਾਵਾਂ ਪੂਰੀਆਂ ਕਰਨ ਦੇ ਚਾਹਵਾਨ' ਲੋਕ ਬਾਬੇ ਨੂੰ ਜਿੰਨਾ ਕੁ ਸਰਦਾ ਏ ਓਨਾ ਪੈਸਾ ਧੜਾਧੜ ਉਸ ਦੇ ਖਾਤੇ 'ਚ ਜਮ੍ਹਾਂ ਕਰਵਾ ਰਹੇ ਹਨ।
                    ਇਕ ਅਖਬਾਰ ਨੇ ਜਦੋਂ ਕਮਾਈ ਦਾ ਹਿਸਾਬ-ਕਿਤਾਬ ਲਗਾਇਆਂ ਤਾਂ ਇਹ 250 ਕਰੋੜ ਰੁਪਏ ਸਾਲਾਨਾ ਦੇ ਕਰੀਬ ਜਾ ਪਹੁੰਚੀ। ਬਸ ਇੱਥੋਂ ਹੀ ਗੱਲ ਵੱਧ ਗਈ। ਭਾਰਤ ਦੇ ਨਾਮੀਂ ਨਿਊਜ਼ ਚੈੱਨਲਾਂ ਨੇ ਇਹ ਗੱਲ ਚੁੱਕ ਲਈ ਕਿ ਨਿਰਮਲ ਬਾਬਾ ਅੰਧ-ਵਿਸ਼ਵਾਸ਼ ਤੇ ਝੂਠੀਆਂ ਗੱਲਾਂ ਰਾਹੀਂ ਏਨੀ ਕਮਾਈ ਕਰ ਰਿਹਾ ਹੈ।ਇਹ ਉਹੀਂ ਚੈਨਲ ਹਨ ਜਿਨ੍ਹਾਂ ਨੇ ਬਾਬੇ ਨੂੰ ਘਰ-ਘਰ ਪਹੁੰਚਾਉਣ ਦਾ ਵੀ ਕੰਮ ਕੀਤਾ। ਇਹ ਉਹੀਂ ਚੈੱਨਲ ਹਨ ਜਿਨ੍ਹਾਂ ਨੇ ਪੈਸੇ ਲੈ ਕੇ ਇਸ਼ਤਿਹਾਰ ਦੇ ਰੂਪ 'ਚ ਨਿਰਮਲ ਬਾਬੇ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ। ਇਹ ਉਹੀਂ ਚੈੱਨਲ ਹਨ ਜਿਨ੍ਹਾਂ ਨੂੰ ਹੁਣ ਅਹਿਸਾਸ ਹੋਇਆਂ ਕਿ ਬਾਬੇ ਦੀ ਕਮਾਈ 'ਚੋਂ ਤਾਂ ਉਨ੍ਹਾਂ ਨੂੰ 'ਆਟੇ 'ਚੋਂ ਲੂਣ' ਬਰਾਬਰ ਹਿੱਸਾ ਦਿੱਤਾ ਗਿਆ ਹੈ। ਇਹ ਉਹੀਂ ਚੈੱਨਲ ਹਨ ਜਿੱਥੇ ਕੰਮ ਕਰਨ ਵਾਲੇ ਕਈ ਮੁਲਾਜ਼ਮਾਂ ਦੇ ਜਾਣਕਾਰ ਵੀ ਬਾਬੇ ਦੇ ਚੇਲੇ ਜ਼ਰੂਰ ਹੋਣਗੇ (ਕਿਉਂ ਕਿ ਚੈੱਨਲਾਂ 'ਚ ਸਿਰਫ ਤਰਕਸ਼ੀਲ ਸੋਚ ਵਾਲੇ ਹੀ ਪੱਤਰਕਾਰ ਨਹੀਂ ਹੁੰਦੇ। ਹੋਰ ਵੀ ਕਈ ਵਿਭਾਗ ਹੁੰਦੇ ਹਨ ਚੈੱਨਲਾਂ 'ਚ ਅਤੇ ਪੱਤਰਕਾਰ ਵੀ ਬਥੇਰੇ ਅੰਧਵਿਸ਼ਵਾਸ਼ੀ ਹੁੰਦੇ ਹਨ)।  

No comments:

Post a Comment