Thursday, 12 April 2012

ਦੁੱਖ ਤੁਹਾਨੂੰ ਨਈ, ਤੁਸੀਂ ਦੁੱਖ ਨੂੰ ਫੜ੍ਹਦੇ ਹੋ

ਖੁਸ਼ੀ ਦੀ ਭਾਲ ਵਿੱਚ ਨਿਕਲਿਆ ਇਨਸਾਨ ਕਦੇ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਉਹ ਹੋਰ ਦੁੱਖਾਂ ਨੂੰ ਆਪਣੇ ਘਰ ਵਿੱਚ ਦਾਵਤ ਦੇ ਬਹਿੰਦਾ ਹੈ। ਜੇਕਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਖੁਸ਼ੀ ਦੀ ਭਾਲ ਵਿੱਚ ਨਿਕਲਣ ਦੀ ਲੋੜ ਨਹੀਂ, ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ, ਇੱਕ ਜਗ੍ਹਾ ਟਿਕਾਉਣ ਦੀ ਲੋੜ ਹੈ। ਗੁਰਾਂ ਨੇ ਫਰਮਾਇਆ,"ਮਨ ਜੀਤੈ ਜਗ ਜੀਤੈ"। ਮਨ ਰੱਥ ਜੁੜ੍ਹੇ ਘੋੜੇ ਵਰਗਾ ਹੈ, ਜਿਸਦੀ ਲਗਾਮ ਜਿੰਨਾ ਚਿਰ ਉਸਦੇ ਚਾਲਕ ਹੱਥ ਰਹਿੰਦੀ ਹੈ, ਉਹ ਉਸ ਤਰ੍ਹਾਂ ਹੀ ਚੱਲਦਾ ਹੈ, ਜਿਸ ਤਰ੍ਹਾਂ ਉਸਦਾ ਮਾਲਕ ਚਾਹੁੰਦਾ ਹੈ, ਜੇਕਰ ਰੱਥ ਜੁੜ੍ਹੇ ਘੋੜੇ ਨੂੰ ਬੇਲਗਾਮ ਕਰ ਦਿੱਤਾ ਜਾਵੇ ਤਾਂ ਉਹ ਮਾਰਗ ਤੋਂ ਭਟਕ ਜਾਵੇਗਾ, ਅਤੇ ਨੁਕਸਾਨ ਹੀ ਕਰੇਗਾ। ਮਨ ਦੀ ਲਗਾਮ ਚਾਲਕ ਦੇ ਹੱਥ ਹੋਣੀ ਚਾਹੀਦੀ ਹੈ, ਤਾਂ ਕਿ ਉਹ ਉਸਨੂੰ ਆਪਣੀ ਮਰਜੀ ਮੁਤਾਬਿਕ ਮੋੜ੍ਹ ਸਕੇ।

ਮਨ ਹਰ ਚੀਜ਼ ਨੂੰ ਲੈਕੇ ਲਲਚਾ ਉਠਦਾ ਹੈ, ਉਸਨੂੰ ਹਾਸਿਲ ਕਰਨ ਦੀ ਹਸਰਤ ਪੈਦਾ ਕਰਦਾ ਹੈ, ਅਤੇ ਮਨੁੱਖ ਮਨ ਦੇ ਬਹਿਕਾਵੇ ਵਿੱਚ ਆ ਕੇ ਬਹਿਕ ਜਾਂਦਾ ਹੈ, ਉਸਨੂੰ ਲੱਗਦਾ ਹੈ, ਇਸ ਨੂੰ ਪਾ ਲਾਵਾਂ ਤਾਂ ਸ਼ਾਂਤੀ ਮਿਲ ਜਾਵੇਗੀ, ਪ੍ਰੰਤੂ ਅਜਿਹਾ ਕਿਧਰੇ ਨਹੀਂ ਹੁੰਦਾ, ਮਨ ਚੰਚਲ ਹੈ, ਅਸਥਿਰ ਹੈ, ਇਸਨੂੰ ਜੋ ਮਿਲ ਗਿਆ, ਉਸ ਨੂੰ ਛੱਡ ਦੂਜੀ ਵਸਤੂ ਵਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਵਿੱਚ ਖੁਸ਼ੀ ਅਤੇ ਆਨੰਦ ਦਾ ਮਿਲਣਾ ਮੁਸ਼ਕਲ ਹੈ।

ਮੈਨੂੰ ਇੱਕ ਮਿੱਤਰ ਦੀ ਯਾਦ ਆ ਰਹੀ ਹੈ। ਉਸ ਕੋਲ ਪੈਸੇ ਦੀ ਕਮੀ ਨਹੀਂ। ਰੱਬ ਦਾ ਦਿੱਤਾ ਸਭ ਕੁੱਝ ਹੈ, ਪ੍ਰੰਤੂ ਸ਼ਾਂਤੀ ਨਹੀਂ। ਉਹ ਇੱਕ ਨਾਮੀ ਗ੍ਰਾਮੀ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਖੁਸ਼ੀ ਦੇ ਹਜ਼ਾਰ ਮੌਕੇ ਗੁਆਉਂਦਾ ਹੈ, ਪ੍ਰੰਤੂ ਦੁੱਖੀ ਹੋਣ ਦਾ ਇੱਕ ਵੀ ਨਹੀਂ, ਕਿਉਂਕਿ ਉਹ ਮਨ ਦੇ ਕਾਬੂ ਵਿੱਚ ਹੈ। ਇੱਕ ਵਾਰ ਉਸਨੂੰ ਕਿਰਾਏ ਉੱਤੇ ਨਵਾਂ ਘਰ ਲੈਣਾ ਸੀ। ਜਿਸ ਸ਼ਹਿਰ ਵਿੱਚ ਅਸੀਂ ਰਹਿ ਰਹੇ ਸੀ, ਉਸ ਸ਼ਹਿਰ ਵਿੱਚ ਕਿਰਾਏ ਉੱਤੇ ਘਰ ਮਿਲਣਾ ਬੇਹੱਦ ਮੁਸ਼ਕਲ ਹਨ, ਜੇਕਰ ਮਿਲਦਾ ਹੈ ਤਾਂ ਮਹਿੰਗਾ। ਉਹ ਕਈ ਦਿਨਾਂ ਤੋਂ ਘਰ ਨਈ ਮਿਲਣ ਨੂੰ ਲੈਕੇ ਦੁੱਖੀ ਚੱਲ ਰਿਹਾ ਸੀ। ਇੱਕ ਦਿਨ ਅਸੀਂ ਦੋ ਤਿੰਨ ਮਿੱਤਰ ਬਾਗ ਵਿੱਚ ਬੈਠੇ ਲਾਂਚ ਟਾਈਮ ਵੇਲੇ ਗੱਲਾਂ ਕਰ ਰਹੇ ਸੀ। ਉਹ ਘਰ ਨਈ ਮਿਲਣ ਨੂੰ ਲੈਕੇ ਫਿਰ ਤੋਂ ਦੁੱਖ ਰੋਣ ਲੱਗਿਆ। ਉਸ ਦੀ ਗੱਲ ਸੁਣਨ ਮਗਰੋਂ ਮੇਰੇ ਨਾਲ ਬੈਠੇ ਦੂਜੇ ਮਿੱਤਰ ਨੇ ਆਖਿਆ, "ਜੇਕਰ ਹੈਪੀ ਤੈਨੂੰ ਬਲੋਗਿੰਗ ਤੋਂ ਟਾਈਮ ਨਹੀਂ ਮਿਲਦਾ, ਘਰ ਲੱਭਣ ਵਾਸਤੇ ਤੂੰ ਜੁਆਬ ਦੇ ਦੇ, ਇਹ ਤੇਰੇ ਤੋਂ ਆਸ ਨਾ ਕਰੇ"। ਮੈਂ ਤੁਰੰਤ ਜੁਆਬ ਦਿੱਤਾ, "ਯਾਰ ਜੇ ਅਜਿਹੀ ਗੱਲ ਹੈ ਤਾਂ ਠੀਕ ਹੈ, ਮੇਰਾ ਕੋਰਾ ਜੁਆਬ ਹੈ"। ਕੁੱਝ ਦੇਰ ਗੱਲਾਂ ਕੀਤੀਆਂ, ਉਹ ਆਫ਼ਿਸ ਚੱਲੇ ਗਏ ਅਤੇ ਮੈਂ ਘਰ ਆ ਗਿਆ। ਮੈਂ ਘਰ ਦੇ ਦਰਵਾਜੇ ਉੱਤੇ ਹੀ ਸੀ ਕਿ ਮੈਂ ਆਪਣੀ ਗੁਆਂਢਣ ਨੂੰ ਪੁੱਛ ਬੈਠਾ, "ਕੋਈ ਘਰ ਨਿਗਾਹ ਵਿੱਚ ਹੈ, ਜੋ ਕਿਰਾਏ ਲਈ ਖਾਲੀ ਹੋਵੇ"। ਉਹਨਾਂ ਨੇ ਕਿਹਾ ਕਿ ਸਾਹਮਣੇ ਵਾਲਿਆਂ ਦਾ ਕੱਲ੍ਹ ਹੀ ਖਾਲੀ ਹੋਇਆ ਹੈ। ਮੈਂ ਤੁਰੰਤ ਜਾਕੇ ਗੱਲ ਕੀਤੀ, ਅਤੇ ਘਰ ਖਾਲੀ ਸੀ। ਮੈਂ ਦੋਸਤ ਨੂੰ ਫੋਨ ਕੀਤਾ, ਉਹ ਘਰ ਮਿਲਣ ਦੀ ਗੱਲ ਸੁਣਕੇ ਖੁਸ਼ ਹੋ ਗਿਆ।

ਮੈਂ ਹਾਲੇ ਘਰ ਦੀਆਂ ਪੌੜੀਆਂ ਵੀ ਨਹੀਂ ਸੀ ਚੜ੍ਹਿਆ ਕਿ ਉਸਦਾ ਫੇਰ ਆਫ਼ਿਸ 'ਚੋਂ ਫੋਨ ਆ ਗਿਆ, ਕਹਿਣੈ ਲੱਗਿਆ, ਯਾਰ ਉਸਦਾ ਘਰ ਪਾਸ ਹੈ, ਇਸ ਤਰ੍ਹਾਂ ਮੈਂ ਉੱਥੇ ਰਹਾਂਗਾ, ਤਾਂ ਮੁਸੀਬਤ ਹੋ ਸਕਦੀ ਹੈ, ਉਸਦਾ ਮਤਲਬ ਉਸਦੀ ਸਾਬਕਾ ਪ੍ਰੇਮਿਕਾ ਦਾ ਘਰ, ਜੋ ਉਸ ਨਾਲ ਧੋਖਾ ਕਰ ਗਈ ਸੀ, ਉਸਦੇ ਕਹਿਣ ਮੁਤਾਬਿਕ, ਅਸਲ ਗੱਲ ਤਾਂ ਰੱਬ ਜਾਣੈ। ਮੈਂ ਉਸਨੂੰ ਸਮਝਾਇਆ, ਅਜਿਹਾ ਕੁੱਝ ਨਹੀਂ ਹੋਵੇਗਾ, ਤੂੰ ਚਿੰਤਾ ਨਾ ਕਰ। ਉਹ ਸ਼ਾਮ ਨੂੰ ਘਰ ਵੇਖਣ ਆਇਆ, ਚੰਗਾ ਘਰ ਅਤੇ ਘੱਟ ਕਿਰਾਇਆ ਵੇਖਕੇ ਖੁਸ਼ ਹੋ ਗਿਆ, ਪ੍ਰੰਤੂ ਉਸਦੀ ਖੁਸ਼ੀ ਮੇਰੇ ਘਰ ਦੇ ਗੇਟ ਤੱਕ ਹੀ ਰਹੀ, ਫਿਰ ਸਮੱਸਿਆ ਲੈਕੇ ਖੜ੍ਹਾ ਹੋ ਗਿਆ, ਇਸ ਘਰ ਵਿੱਚ ਤਾਂ ਜੁਆਨ ਕੁੜੀ ਹੈ, ਉਸਦੇ ਹੁੰਦਿਆਂ ਮੈਨੂੰ ਇੱਥੇ ਰਹਿਣ 'ਚ ਦਿੱਕਤ ਹੋ ਸਕਦੀ ਹੈ। ਮੈਂ ਆਖਿਆ...ਜੇਕਰ ਘਰ ਨਈ ਲੈਣਾ ਤਾਂ ਮੈਂ ਉਹਨਾਂ ਨੂੰ ਜੁਆਬ ਦੇ ਦਿੰਦਾ ਹਾਂ।

ਗੱਲ ਸੁਣਦਿਆਂ ਹੀ ਉਸਨੇ ਆਖਿਆ, ਨਈ ਨਈ..ਲੈਣਾ ਐ ਯਾਰ। ਫਿਰ ਰਾਤ ਦਾ ਖਾਣਾ ਖਾਕੇ ਸੌਂਣ ਹੀ ਲੱਗੇ ਸੀ ਕਿ ਕਹਿਣ ਲੱਗਾ, ਯਾਰ ਮੇਰੇ ਮਕਾਨ ਮਾਲਕ ਨੇ ਮੇਰਾ ਮੋਟਰ ਸਾਈਕਲ ਬਾਹਰ ਤਾਂ ਨਹੀਂ ਛੱਡ ਦਿੱਤਾ ਹੋਵੇਗਾ। ਉਹ ਮੇਰਾ ਐਡਵਾਂਸ ਤਾਂ ਨਈ ਦਬ ਲਵੇਗਾ, ਜਦੋਂ ਘਰ ਛੱਡਾਂਗਾ। ਮੇਰਾ ਉਹਨਾਂ ਦੇ ਬੱਚਿਆਂ ਨਾਲ ਮਨ ਲੱਗਿਆ ਹੋਇਆ ਸੀ, ਹੁਣ ਉਹਨਾਂ ਨੂੰ ਮੈਂ ਕਿਵੇਂ ਛੱਡਕੇ ਆ ਸਕਦਾ ਹਾਂ। ਫਿਰ ਮੈਂ ਆਖਿਆ, ਚੱਲ ਏਦਾਂ ਕਰ, ਤੂੰ ਉੱਥੇ ਜਾਕੇ ਰਹਿ, ਜਦੋਂ ਮਕਾਨ ਮਾਲਕ ਧੱਕੇ ਮਾਰਕੇ ਬਾਹਰ ਕੱਢ ਦੇਵੇ, ਫਿਰ ਤੂੰ ਉਹਨਾਂ ਦੇ ਗੇਟ ਉੱਤੇ ਡੇਰੇ ਜਮਾ ਲਈ। ਉਸਨੇ ਕਿਹਾ ਕਿਉਂ? ਮੈਂ ਕਿਹਾ, ਤੈਨੂੰ ਉਹਨਾਂ ਦੇ ਬੱਚਿਆਂ ਨਾਲ ਲਗਾਓ ਜੋ ਹੈ। ਇਹ ਉਹਨਾਂ ਮਨੁੱਖਾਂ ਦੀ ਪ੍ਰਜਾਤੀ ਵਿੱਚੋਂ ਹੈ, ਜੋ ਦੁੱਖੀ ਹੋਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ।

No comments:

Post a Comment