Monday, 7 May 2012

ਮਾਂ ਵਰਗਾ ਘਣ-ਛਾਵਾਂ ਬੂਟਾ!

ਮਾਂ ਬਾਰੇ ਦੁਨੀਆ ਦੇ ਸਾਹਿਤ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ। ਪੰਜਾਬੀ ਸਾਹਿਤ ਵਿੱਚ ਵੀ ਮਾਂ ਤੇ ਕਾਫੀ ਕੁਝ ਲਿਖਿਆ ਗਿਆ ਹੈ। ਇਸਦੇ ਮੁਕਾਬਲੇ ਤੇ ਪਿਓ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਤੋਂ ਇਹ ਜ਼ਾਹਰ ਹੈ ਕਿ ਸਾਡੇ ਸਾਰਿਆਂ ਲਈ ਜ਼ਿੰਦਗੀ ਵਿੱਚ ਪਿਓ ਨਾਲੋਂ ਮਾਂ ਦੀ ਮਹੱਤਤਾ ਅਤੇ ਮਾਂ ਲਈ ਪਿਆਰ ਕਿਤੇ ਜ਼ਿਆਦਾ ਹੈ। ਜਦੋਂ ਵੀ ਕਿਸੇ ਨੂੰ ਕੋਈ ਦੁੱਖ ਹੁੰਦਾ ਹੈ ਜਾਂ ਸੱਟ ਚੋਟ ਲਗਦੀ ਹੈ ਤਾਂ ਉਹ ਇਨਸਾਨ ਜਾਂ ਤਾਂ ''ਹਾਏ ਰੱਬਾ" ਕਹਿੰਦਾ ਹੈ ਅਤੇ ਜਾਂ ਫਿਰ ''ਹਾਏ ਮਾਂ।" ਇਸ ਤੋਂ ਸਪਸ਼ਟ ਹੈ ਕਿ ਅਸੀਂ ਸਾਰੇ ਹੀ ਮਾਂ ਨੂੰ ਰੱਬ ਦੇ ਬਰਾਬਰ ਦਾ ਅਹੁਦਾ ਦਿੰਦੇ ਹਾਂ। ਸੱਚਮੁੱਚ ਹੀ ਮਾਂ ਅਤੇ ਰੱਬ ਵਿੱਚ ਕੋਈ ਫ਼ਰਕ ਨਹੀਂ। ਜੇਹੇ ਮਾਂ ਦੇ ਦਰਸ਼ਨ ਕਰ ਲਏ, ਤੇਹਾ ਖ਼ੁਦਾ ਦਾ ਨਾਂ ਲੈ ਲਿਆ। ਮਾਂ ਦਾ ਨਾਂ ਲੈਣਾ, ਮਾਂ ਨੂੰ ਮਿਲਣਾ, ਉਸਨੂੰ ਗਲਵਕੜੀ ਪਾਉਣੀ, ਉਸਦੇ ਦਰਸ਼ਨ ਕਰ ਲੈਣੇ ਇਕ ਤਰ੍ਹਾਂ ਨਾਲ ਰੱਬ ਨੂੰ ਧਿਆਉਣ ਅਤੇ ਪਾਠ ਪੂਜਾ ਕਰਨ ਦੇ ਸਮਾਨ ਹੀ ਹੈ। ਮਾਂ ਦੇ ਚਰਨ ਛੋਹਣੇ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਜਿੰਨੀ ਮਹੱਤਤਾ ਰੱਖਦਾ ਹੈ। ਸ਼ਾਇਦ ਹਾਲੇ ਤੱਕ ਵੀ ਪੰਜਾਬੀ ਵਿੱਚ ਮਾਂ ਬਾਰੇ ਸਭ ਤੋਂ ਖ਼ੂਬਸੂਰਤ ਕਵਿਤਾ (ਰੁਬਾਈ) ਕਈ ਦਹਾਕੇ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੇਠ ਲਿਖੀ ਕਵਿਤਾ ਹੀ ਹੈ:

ਮਾਂ ਵਰਗਾ ਘਣ-ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ।
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ। (ਪ੍ਰੋ. ਮੋਹਨ ਸਿੰਘ)

ਇਹ ਮਾਂ ਹੀ ਹੈ ਜੋ ਸੁੱਖਾਂ ਸੁੱਖ ਸੁੱਖ ਕੇ ਬੱਚੇ ਲੈਂਦੀ ਹੈ ਅਤੇ ਸਾਰੀ ਜ਼ਿੰਦਗੀ ਬੱਚਿਆਂ ਦੀ ਸੁੱਖ ਮੰਗਦੀ ਰੱਬ ਅੱਗੇ ਅਰਦਾਸਾਂ ਕਰਦੀ ਰਹਿੰਦੀ ਹੈ। ਇਹ ਮਾਂ ਹੀ ਹੈ ਜਿਸਨੂੰ ਬੱਚੇ ਦੇ ਜਨਮ ਤੱਕ ਦੇ ਸਾਰੇ ਦੁੱਖ ਅਤੇ ਪੀੜਾਂ ਝੱਲਣੇ ਪੈਂਦੇ ਹਨ। ਬੱਚੇ ਦੇ ਜਨਮ ਤੇ ਵੀ ਸ਼ਾਇਦ ਮਾਂ ਤੋਂ ਵੱਧ ਕਿਸੇ ਹੋਰ ਨੂੰ ਖੁਸ਼ੀ ਨਹੀਂ ਹੁੰਦੀ। ਇਹ ਮਾਂ ਹੀ ਹੈ ਜੋ ਬੱਚੇ ਨੂੰ ਲੋਰੀਆਂ ਦਿੰਦੀ ਹੈ, ਦਿਲ ਨਾਲ ਲਾ ਕੇ ਰੱਖਦੀ ਹੈ, ਅਤੇ ਲਾਡ ਲਡਾਉਂਦੀ ਹੈ। ਸ਼ਾਇਦ ਬੱਚਾ ਵੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾ ਸ਼ਬਦ ''ਮਾਂ" ਹੀ ਕਹਿੰਦਾ ਹੈ।

ਮਾਂ ਹੀ ਹੈ ਜੋ ਬੱਚਿਆਂ ਦਾ ਗੰਦ ਸਾਫ਼ ਕਰਦੀ ਹੈ। ਮਾਂ ਹੀ ਹੈ ਜੋ ਰੋਂਦੇ ਬੱਚੇ ਦੇ ਅੱਥਰੂ ਪੂੰਝਦੀ ਹੈ ਅਤੇ ਰੋਂਦੇ ਬੱਚੇ ਨੂੰ ਘੁੱਟ ਕੇ ਦਿਲ ਨਾਲ ਲਾਉਂਦੀ ਹੈ ਅਤੇ ਉਸਦੇ ਨਾਲ ਆਪ ਵੀ ਰੋਂਦੀ ਹੈ। ਮਾਂ ਹੀ ਹੈ ਜੋ ਖੁਸ਼ੀ ਵਿੱਚ ਹੱਸਦੇ ਬੱਚੇ ਨੂੰ ਦੇਖ ਕੇ ਰੱਬ ਦਾ ਸ਼ੁਕਰ ਕਰਦੀ ਹੈ ਅਤੇ ਖੁਸ਼ੀ ਮਨਾਉਂਦੀ ਹੈ।

ਜਿਨ੍ਹਾਂ ਨੂੰ ਮਾਂ ਦਾ ਪਿਆਰ ਮਿਲਿਆ ਹੈ ਉਹ ਜਾਣਦੇ ਹਨ ਕਿ ਇਹ ਪਿਆਰ ਪਿਘਲਦੀ ਬਰਫ਼ ਦੇ ਪਾਣੀ ਵਾਂਗੂ ਨਿਰਛਲ ਅਤੇ ਸੱਚਾ ਸੁੱਚਾ ਹੁੰਦਾ ਹੈ। ਮਾਂ ਦੀ ਗਲਵਕੜੀ ਵਿੱਚ ਸਿਆਲ ਦੀ ਰੁੱਤੇ ਅੱਗ ਦੀ ਧੂਣੀ ਵਿੱਚੋਂ ਮਿਲਦੇ ਸੇਕ ਜਿਹਾ ਨਿੱਘ ਹੁੰਦਾ ਹੈ। ਮਾਂ ਦੇ ਚੁੰਮਣ ਵਿੱਚ ਬਰਫ਼ ਨੂੰ ਪਿਘਲਾ ਦੇਣ ਜਿੰਨੀ ਮਮਤਾ ਹੁੰਦੀ ਹੈ। ਮਾਂ ਦੀ ਆਸ਼ੀਰਵਾਦ ਵਿੱਚ ਪਹਾੜਾਂ ਨੂੰ ਪਾੜ ਦੇਣ ਜਿੰਨੀ ਸ਼ਕਤੀ ਹੁੰਦੀ ਹੈ।

ਹਿੰਦੁਸਤਾਨੀ, ਅਤੇ ਖ਼ਾਸ ਕਰ ਕੇ ਪੰਜਾਬੀ, ਸਭਿਆਚਾਰ ਵਿੱਚ ਮਾਂ ਚਿੰਤਾ ਦਾ ਭੰਡਾਰ ਹੈ। ਉਹ ਹਰ ਵੇਲੇ ਆਪਣੇ ਬੱਚਿਆਂ ਦੇ ਫਿਕਰ ਵਿੱਚ ਸਮਾਂ ਗੁਜ਼ਾਰਦੀ ਹੈ ਭਾਵੇਂ ਉਨ੍ਹਾਂ ਦੀ ਉਮਰ ਕੁਝ ਮਹੀਨੇ ਹੋਵੇ, ਭਾਵੇਂ ਕੁਝ ਸਾਲ, ਭਾਵੇਂ ਪੰਜਾਹ ਸਾਲ, ਅਤੇ ਭਾਵੇਂ ਇਸ ਤੋਂ ਵੀ ਵੱਧ। ਹਰ ਵੇਲੇ ਉਸਦਾ ਦਿਲ ਆਪਣੇ ਬੱਚਿਆਂ ਵਿੱਚ ਧੜਕਦਾ ਰਹਿੰਦਾ ਹੈ ਬੱਚੇ ਭਾਵੇਂ ਕਿਤੇ ਵੀ ਹੋਣ। ਬੱਚੇ ਘਰ ਪਰਤਣ ਲਈ ਥੋੜਾ ਜਿਹਾ ਵੀ ਲੇਟ ਹੋ ਜਾਣ ਤਾਂ ਮਾਂ ਨੂੰ ਚੈਨ ਨਹੀਂ ਆਉਂਦਾ। ਉਹ ਘਰ ਦੇ ਬੂਹੇ ਵਿੱਚ ਖੜ੍ਹ ਕੇ ਜਾਂ ਘਰ ਦੀਆਂ ਦਹਿਲੀਜ਼ਾਂ ਤੇ ਬੈਠ ਕੇ ਬੜੀ ਚਿੰਤਾ ਨਾਲ ਉਨ੍ਹਾਂ ਦਾ ਇੰਤਜ਼ਾਰ ਕਰਦੀ ਹੈ। ਬੇਟਾ ਭਾਵੇਂ ਦਸ ਨੰਬਰ ਦਾ ਮੁਜਰਮ ਅਤੇ ਬਦਮਾਸ਼ ਹੋਵੇ, ਧੀ ਭਾਵੇਂ ਜਿੰਨੀ ਮਰਜ਼ੀ ਮਾੜੀ ਹੋਵੇ, ਮਾਂ ਨੂੰ ਉਹ ਨਿਰੇ ਅਸਲੀ ਸੋਨੇ ਵਰਗੇ ਲਗਦੇ ਹਨ। ਮਾਂ ਜੇ ਕਦੇ ਘੜੀ-ਪਲ ਲਈ ਕਿਸੇ ਬੱਚੇ ਨੂੰ ਮਾੜਾ ਕਹਿ ਵੀ ਲਵੇ ਤਾਂ ਦੂਜੇ ਪਲ ਹੀ ਉਹ ਉਸਨੂੰ ਘੁੱਟ ਕੇ ਸੀਨੇ ਨਾਲ ਲਾ ਕੇ ਪਸ਼ਚਾਤਾਪ ਕਰੇਗੀ। ਮਾਂ ਕਿਸੇ ਵੀ ਬੱਚੇ ਨਾਲ ਬੇਇਨਸਾਫ਼ੀ ਨਹੀਂ ਕਰ ਸਕਦੀ ਅਤੇ ਨਾ ਹੀ ਕਿਸੇ ਬੱਚੇ ਨਾਲ ਬੇਇਨਸਾਫ਼ੀ ਹੁੰਦੀ ਸਹਾਰ ਸਕਦੀ ਹੈ। ਮਾਂ ਹੀ ਹੈ ਜਿਹੜੀ ਹਮੇਸ਼ਾ ਆਪਣੇ ਬੱਚੇ ਨੂੰ ਕਹਿੰਦੀ ਹੈ, ''ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।" ਕੋਈ ਵਿਰਲੀ ਮਾਂ ਹੀ ਚੰਡਾਲ ਹੁੰਦੀ ਹੈ। ਮਾਂ ਹੀ ਹੈ ਜਿਹੜੀ ਆਮ ਤੌਰ ਤੇ ਬੱਚੇ ਨੂੰ ਪਾਲਦੀ ਹੈ, ਉਸਦਾ ਚਾਲ-ਚਲਨ ਢਾਲਦੀ ਹੈ, ਉਸਨੂੰ ਚੰਗੀਆਂ ਆਦਤਾਂ ਸਿਖਾਉਂਦੀ ਹੈ, ਅਤੇ ਉਸਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਦੀ ਹੈ।

ਹਿੰਦੁਸਤਾਨੀ, ਅਤੇ ਖ਼ਾਸ ਕਰ ਕੇ ਪੰਜਾਬੀ, ਬਾਪ ਸਦੀਆਂ ਤੋਂ ਡਰ ਦਾ ਵਸੀਲਾ ਚਲਿਆ ਆ ਰਿਹਾ ਹੈ। ਭਾਵੇਂ ਇਹ ਸੰਕਲਪ ਹੁਣ ਥੋੜਾ ਬਹੁਤ ਬਦਲ ਰਿਹਾ ਹੈ ਪਰ ਹਾਲੇ ਵੀ ਪਿਓ ਬਹੁਤੀ ਵਾਰੀ ਚੰਡਾਲ ਹੀ ਮੰਨਿਆ ਜਾਂਦਾ ਹੈ ਜੋ ਬੱਚਿਆਂ ਨੂੰ ਡਰਾ ਧਮਕਾ ਕੇ ਰੱਖਦਾ ਹੈ। ਪਿੰਡਾਂ ਵਿੱਚ ਤਾਂ ਹਾਲੇ ਵੀ ਪਿਓ ਦੇ ਘਰ ਵੜਨ ਤੇ ਹੀ ਸਾਰੇ ਘਰ ਵਿੱਚ ਸਨਾਟਾ ਛਾ ਜਾਦਾ ਹੈ, ਸੁੰਨ-ਮਸਾਨ ਹੋ ਜਾਂਦੀ ਹੈ। ਕਿਸੇ ਦੇ ਕੁਸਕਣ ਦੀ ਹਿੰਮਤ ਨਹੀਂ ਪੈਂਦੀ। ਪਿਓ ਦੇ ਅੱਗੇ ਬੋਲਣ ਦਾ ਕੋਈ ਵੀ ਬੱਚਾ ਹੌਸਲਾ ਨਹੀਂ ਕਰ ਸਕਦਾ। ਪਿਓ ਆਪਣੇ ਬੱਚਿਆਂ ਨਾਲ ਬੇਇਨਸਾਫ਼ੀ ਵੀ ਕਰ ਸਕਦਾ ਹੈ ਅਤੇ ਸਖ਼ਤੀ ਵੀ ਵਰਤ ਸਕਦਾ ਹੈ। ਪਰ ਮਾਂ? ਉਹ ਤਾਂ ਬਹੁਤ ਹੀ ਘੱਟ ਇਹੋ ਜਿਹਾ ਕਰ ਸਕੇਗੀ।

ਮਾਂ ਬਾਰੇ ਬਹੁਤ ਸਾਰੇ ਗੀਤ ਵੀ ਲਿਖੇ ਗਏ ਹਨ। ਜਿਵੇਂ ਹਰਭਜਨ ਮਾਨ ਨੂੰ ਮਸ਼ਹੂਰ ਕਰਨ ਵਾਲਾ ਗੀਤ ਸ਼ਾਇਦ ਮਾਂ ਦੀ ਚਿੱਠੀ ਬਾਰੇ ਹੀ ਸੀ:

ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ।
ਆਖੀਂ ਮੇਰੇ ਸੋਹਣੇ ਪੁੱਤ ਨੂੰ ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ।

ਪਤਾ ਨਹੀਂ ਵਿਦੇਸ਼ਾਂ ਵਿੱਚ ਰਹਿੰਦੇ ਕਿੰਨੇ ਕੁ ਪੰਜਾਬੀ ਬੱਚੇ ਇਸ ਗੀਤ ਨੂੰ ਸੁਣ ਕੇ ਕਿੰਨੀ ਕੁ ਵਾਰੀ ਰੋਏ ਹੋਣਗੇ। ਪਤਾ ਨਹੀਂ ਬੱਚਿਆਂ ਤੋਂ ਦੁਰ ਰਹਿੰਦੀਆਂ ਕਿੰਨੀਆਂ ਕੁ ਮਾਵਾਂ ਇਸ ਗੀਤ ਨੂੰ ਸੁਣ ਕੇ ਕਿੰਨੀ ਕੁ ਵਾਰੀ ਰੋਈਆਂ ਹੋਣਗੀਆਂ। ਇਹ ਗੀਤ ਪੁੱਤਾਂ ਲਈ ਹੀ ਨਹੀਂ, ਧੀਆਂ ਬਾਰੇ ਵੀ ਹੈ।

 ਮਾਂ ਦੀ ਜੋ ਬੱਚਿਆਂ ਨੂੰ ਦੇਣ ਹੈ ਉਸ ਲਈ ਮਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਦੇਣ ਲਈ ਸ਼ਬਦ ਹੀ ਨਹੀਂ ਹਨ। ਜਿੰਨਾ ਵੀ ਕਿਹਾ ਜਾ ਸਕੇ ਥੋੜਾ ਹੈ। ਅਖੀਰ ਵਿੱਚ ਮੈਂ ਆਪਣੀ ਮਾਂ ਅਤੇ ਸਭ ਮਾਵਾਂ ਨੂੰ ਬੜੇ ਅਦਬ ਨਾਲ ਪ੍ਰਣਾਮ ਕਰਦਾ ਹਾਂ ਅਤੇ ਇਹ ਲੇਖ ਦੋ ਕਵਿਤਾਵਾਂ ਨਾਲ ਮਾਵਾਂ ਨੂੰ ਸ਼ਰਧਾਂਜਲੀ ਦੇ ਕੇ ਬੰਦ ਕਰਦਾ ਹਾਂ। ਪਹਿਲੀ ਗ਼ਜ਼ਲ ਰਾਜਿੰਦਰ ਜਿੰਦ ਦੀ ਲਿਖੀ ਹੋਈ ਹੈ ਜੋ ਉਸਨੇ ਆਪਣੀ ਮਾਤਾ ਜੀ ਦੇ ਤੁਰ ਜਾਣ ਤੋਂ ਕੁਝ ਦਿਨ ਬਾਦ ਲਿਖੀ ਸੀ। ਦੂਜੀ ਕਵਿਤਾ ਸ਼ਿਵ ਕੁਮਾਰ ਦੀ ਹੈ।

ਗ਼ਜ਼ਲ -ਰਾਜਿੰਦਰ ਜਿੰਦ
ਕੱਲਿਆਂ ਛੱਡ ਕੇ ਮਾਂ ਤੁਰ ਗਈ ਏ।  
ਏਦਾਂ ਲਗਦਾ ਛਾਂ ਤੁਰ ਗਈ ਏ।
ਸ਼ਾਇਦ ਹੀ ਹੁਣ ਨੀਂਦਰ ਆਵੇ ਸਿਰ ਦੇ ਹੇਠੋਂ ਬਾਂਹ ਤੁਰ ਗਈ ਏ।
ਬਾਪੂ ਦੀ ਝਿੜਕੀ ਤੋਂ ਡਰ ਕੇ ਲੁਕਣੇ ਵਾਲੀ ਥਾਂ ਤੁਰ ਗਈ ਏ।
ਹੋਰ ਕਿਸੇ ਜਾਮੇ ਵਿੱਚ ਆਊ ਏਸੇ ਲਈ ਹੀ ਤਾਂ ਤੁਰ ਗਈ ਏ।
ਉਂਗਲੀ ਫੜ ਕੇ ਸਾਂਭਦਿਆਂ ਨੂੰ ਝੱਟ ਹੀ ਕਰਕੇ ਨਾਂਹ ਤੁਰ ਗਈ ਏ।
ਸਾਰੀ ਉਮਰ ਲਕੋਈ ਰੱਖਿਆ ਉੱਚਾ ਕਰ ਕੇ ਨਾਂ ਤੁਰ ਗਈ ਏ।


ਮਾਂ -ਸ਼ਿਵ ਕੁਮਾਰ
ਮਾਂ, ਹੇ ਮੇਰੀ ਮਾਂ ਤੇਰੇ ਆਪਣੇ ਦੁੱਧ ਵਰਗਾ ਹੀ
ਤੇਰਾ ਸੁੱਚਾ ਨਾਂ ਜੀਭ ਹੋ ਜਾਏ
ਮਾਖਿਓਂ ਹਾਏ ਨੀ ਤੇਰਾ ਨਾਂ ਲਿਆਂ
ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ ਮਾਘੀ ਦੀ ਹਾਏ ਸੁੱਚੜੀ,
ਸੰਗਰਾਂਦ ਵਰਗਾ ਤੇਰਾ ਨਾਂ
ਮਾਂ ਤਾਂ ਹੁੰਦੀ ਹੈ ਛਾਂ ਛਾਂ ਕਦੇ ਘਸਦੀ ਤੇ ਨਾ ਮਾਂ,
ਹੇ ਮੇਰੀ ਮਾਂ! ਤੂੰ ਮੇਰੀ ਜਨਨੀ ਨਹੀਂ ਮੈਂ ਇਹ ਹਕੀਕਤ ਜਾਣਦਾਂ
ਤੇਰਾ ਮੇਰਾ ਕੀ ਹੈ ਰਿਸ਼ਤਾ ਏਸ ਬਾਰੇ ਕੀ ਕਹਾਂ?
ਗ਼ਮ ਦੇ ਸਹਿਰਾਵਾਂ 'ਚ ਭੁੱਜਿਆ
ਮੈਂ ਹਾਂ ਪੰਛੀ ਬੇ-ਜ਼ੁਬਾਂ ਦੋ ਕੁ ਪਲ ਜੇ ਦਏਂ ਇਜਾਜ਼ਤ
ਤੇਰੀ ਛਾਵੇਂ ਬੈਠ ਲਾਂ ਮਾਂ ਤਾਂ ਹੁੰਦੀ ਹੈ ਛਾਂ ਛਾਂ
ਕਦੇ ਘਸਦੀ ਤੇ ਨਾ ਮਾਂ,
ਹੇ ਮੇਰੀ ਮਾਂ! ਮਾਂ,
ਹੇ ਮੇਰੀ ਮਾਂ ਜਾਣਦਾਂ,
ਮੈਂ ਜਾਣਦਾਂ ਅਜੇ ਤੇਰੇ ਦਿਲ 'ਚ ਹੈ ! 

1 comment:

  1. ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ nachhattar dhammu

    ReplyDelete