Tuesday 13 March 2012

ਅਜ਼ਾਦੀ: ਕਿਸ ਤੋਂ, ਕਿਸ ਨੂੰ, ਅਤੇ ਕਦੋਂ?

ਸਾਨੂੰ ਅਜ਼ਾਦੀ ਮਿਲਿਆਂ 65 ਸਾਲ ਹੋ ਗਏ ਹਨ। ਜੇ ਸੋਚੀਏ ਤਾਂ ਅਜ਼ਾਦੀ ਅਧਖੜ ਉਮਰ ਨੂੰ ਲੰਘ ਗਈ ਹੈ। ਜਵਾਨੀ ਤਾਂ ਇਹ ਕਦੋਂ ਦੀ ਲੰਘ ਚੁੱਕੀ ਹੈ। ਹੁਣ ਤਾਂ ਛੇਤੀਂ ਹੀ ਕੁਝ ਸਾਲਾਂ ਤੱਕ ਇਹ ਬਜ਼ੁਰਗੀ ਦੇ ਅਖਾੜੇ ਵਿੱਚ ਪੈਰ ਧਰਨ ਵਾਲੀ ਹੈ।



ਕਈ ਸਵਾਲ ਉੱਠਦੇ ਹਨ! ਅਜ਼ਾਦੀ ਕਿਸ ਤੋਂ ਮਿਲੀ ਹੈ, ਕਿਸ ਨੂੰ ਮਿਲੀ ਹੈ, ਕਦੋਂ ਮਿਲੀ ਹੈ, ਅਤੇ ਕਿੰਨੀ ਕੁ ਮਿਲੀ ਹੈ? ਉੱਪਰੋਂ ਉੱਪਰੋਂ ਦੇਖੀਏ ਤਾਂ ਜਵਾਬ ਬਹੁਤ ਸੌਖਾ ਹੈ। ਹਿੰਦੁਸਤਾਨ ਨੂੰ ਅਜ਼ਾਦੀ ਅੰਗਰੇਜ਼ਾਂ ਤੋਂ ਮਿਲੀ ਸੀ, ਸਾਰੇ ਹਿੰਦੁਸਤਾਨੀਆਂ ਨੂੰ ਇਹ ਅਜ਼ਾਦੀ ਮਿਲੀ ਸੀ, ਇਹ ਅਜ਼ਾਦੀ 1947 ਵਿੱਚ ਮਿਲੀ ਸੀ, ਅਤੇ ਇਹ ਅਜ਼ਾਦੀ ਪੂਰੀ ਤਰ੍ਹਾਂ ਮਿਲੀ ਸੀ। ਪਰ ਜੇ ਡੁੰਘਾਈ ਨਾਲ ਸੋਚੀਏ, ਤਾਂ ਕੀ ਇਹ ਸਾਰੇ ਜਵਾਬ ਸੱਚ ਹਨ? ਜਵਾਬ ਦਰੁਸਤ ਤਾਂ ਹਨ ਪਰ ਕੀ ਇਹ ਸੱਚ ਹਨ?



ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਤੋਂ ਤਾਂ ਅਜ਼ਾਦੀ ਜ਼ਰੂਰ ਮਿਲ ਗਈ ਹੈ ਪਰ ਗੁਲਾਮੀ ਤੋਂ ਅਜ਼ਾਦੀ ਹਾਲੇ ਵੀ ਨਹੀਂ ਮਿਲੀ, 62 ਸਾਲਾਂ ਦੇ ਬਾਦ ਵੀ। ਇਸ ਦੇ ਕਈ ਕਾਰਨ ਹਨ। ਬਹੁਤੇ ਹਿੰਦੁਸਤਾਨੀ ਤਾਂ ਗਰੀਬੀ, ਭੁੱਖ, ਨੰਗੇਜ, ਅਤੇ ਬਿਮਾਰੀਆਂ ਵਿੱਚ ਉਲਝੇ ਜ਼ਿੰਦਗੀ ਨਾਲ ਹਰ ਪਲ ਹਰ ਘੜੀ ਜੂਝਦੇ ਹੀ ਰਹਿੰਦੇ ਹਨ। ਅਸਲ ਵਿੱਚ ਇਹ ਲੋਕ ਜ਼ਿੰਦਗੀ ''ਜੀਅ" ਨਹੀਂ ਰਹੇ; ਸਿਰਫ਼ ਵਕਤ ਕੱਟ ਰਹੇ ਹਨ। ਇਹ ਲੋਕ ਅਮੀਰਾਂ ਦੀ, ਤਾਕਤ ਵਾਲਿਆਂ ਦੀ, ਸਿਆਸੀ ਲੋਕਾਂ ਦੀ, ਅਫ਼ਸਰਾਂ ਦੀ, ਅਤੇ ਧੱਕੇਸ਼ਾਹੀ ਕਰਨ ਵਾਲਿਆਂ ਦੀ ਗੁਲਾਮੀ ਵਿੱਚ ਹੀ ਸਾਰੀ ਉਮਰ ਬਿਤਾ ਦਿੰਦੇ ਹਨ। ਬਹੁਤੇ ਹਿੰਦੁਸਤਾਨੀਆਂ ਨੂੰ ਰਹਿਣ ਲਈ ਮਕਾਨ, ਤਨ ਢਕਣ ਲਈ ਕੱਪੜੇ, ਅਤੇ ਢਿੱਡ ਭਰਨ ਲਈ ਰੋਟੀ ਵੀ ਨਸੀਬ ਨਹੀਂ ਹੁੰਦੀ। ਜੇ ਇਨ੍ਹਾਂ ਲੋਕਾਂ ਨੂੰ ਜਾ ਕੇ ਦੱਸੋ ਕਿ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਹੋਇਆਂ 62 ਸਾਲ ਹੋ ਗਏ ਹਨ ਤਾਂ ਦੇਖੋ ਕੀ ਜਵਾਬ ਮਿਲਦਾ ਹੈ।



ਅਸੀਂ ਹਿੰਦੁਸਤਾਨੀ (ਮੇਰੇ ਵਰਗੇ ਤਾਂ ਸਿਰਫ਼ ਨਾਂ ਦੇ ਹੀ ਹਿੰਦੁਸਤਾਨੀ ਰਹਿ ਗਏ ਹਨ) ਰੋਜ਼ਾਨਾ ਦੁਹਾਈ ਪਾਉਣ ਅਤੇ ਡੀਂਗਾਂ ਮਾਰਨ ਤੋਂ ਨਹੀਂ ਹਟਦੇ ਕਿ ਹਿੰਦੁਸਤਾਨ ਦਾ ਸਭਿਆਚਾਰ ਸਾਰੀ ਦੁਨੀਆਂ ਤੋਂ ਪੁਰਾਣਾ ਅਤੇ ਵਧੀਆ ਹੈ। ਪੰਜਾਬੀਆਂ ਦੀ ਠਾਠ ਸਾਰੀ ਦੁਨੀਆਂ ਵਿੱਚ ਹੈ। ਪਰ ਕੀ ਅਸੀਂ ਕਦੇ ਸੋਚਿਆ ਕਿ ਅਜ਼ਾਦੀ ਤੋਂ ਬਾਦ ਸਾਡਾ ਸਭਿਆਚਾਰ ਕਿੱਧਰ ਨੂੰ ਜਾ ਰਿਹਾ ਹੈ? ਕੀ ਅਸੀਂ ਕਦੇ ਸੋਚਿਆ ਕਿ ਸਾਡੀ ਈਮਾਨਦਾਰੀ ਦੇ ਕਿੰਨੇ ਕੁ ਅੰਸ਼ ਬਾਕੀ ਬਚਦੇ ਹਨ? ਕੀ ਅਸੀਂ ਕਦੇ ਸੋਚਿਆ ਕਿ ਸਾਡਾ ਚਾਲਚਲਣ ਲਗਾਤਾਰ ਦੱਖਣੀ ਦਿਸ਼ਾ (ਜਾਣੀ ਕਿ ਗਿਰਾਵਟ) ਵਲ ਨੂੰ ਹੀ ਤੁਰਿਆ ਜਾ ਰਿਹਾ ਹੈ? ਕਦੇ ਉਹ ਜ਼ਮਾਨਾ ਸੀ ਕਿ ਹਿੰਦੁਸਤਾਨੀ ਗਾਉਂਦੇ ਹੁੰਦੇ ਸੀ, ''ਮੇਰਾ ਰੰਗ ਦੇ ਬਸੰਤੀ ਚੋਲਾ।" ਅਤੇ ਹੁਣ ਬਹੁਤੇ ਲੋਕ ਗਾ ਰਹੇ ਹਨ, ''ਮੇਰਾ ਭਰ ਦੇ ਖਾਲੀ ਝੋਲਾ।" ਇਹ ਸਭ ਕੁਝ ਕਦੋਂ ਅਤੇ ਕਿਵੇਂ ਵਾਪਰ ਗਿਆ? ਅਜ਼ਾਦੀ ਤੋਂ ਬਾਦ ਅਸੀਂ ਲਗਾਤਾਰ ਗਲਤ ਪਾਸੇ ਨੂੰ ਹੀ ਕਿਉਂ ਤੁਰੀ ਗਏ ਹਾਂ?



ਅਸੀਂ ਹਾਲੇ ਵੀ ਰੌਲਾ ਪਾਈ ਜਾ ਰਹੇ ਹਾਂ, ''ਇਹ ਮੇਰਾ ਇੰਡੀਆ।" ਪਰ ਸੋਚਣ ਵਾਲੀ ਗੱਲ ਹੈ ਕਿ ਕੀ ਇਸ ਹਾਲਤ ਵਿੱਚ ਇੰਡੀਆ ਬਚੇਗਾ? ਉਹ ਇੰਡੀਆ ਜਿੱਥੇ ਸੈਂਕੜੇ ਹੀ ਬੋਲੀਆਂ ਬੋਲੀਆਂ ਜਾਂਦੀਆਂ ਹਨ, ਹਰ ਦੋ ਸੌ ਮੀਲ ਤੇ ਲੋਕਾਂ ਦਾ ਸਭਿਆਚਾਰ ਬਿਲਕੁਲ ਹੀ ਬਦਲ ਜਾਂਦਾ ਹੈ, ਹਰ ਸੂਬੇ ਦੇ ਲੋਕ ਦੂਜੇ ਸੂਬਿਆਂ ਦੇ ਲੋਕਾਂ ਨੂੰ ਦੇਖ ਕੇ ਖੁਸ਼ ਨਹੀਂ, ਇਕੋ ਸਮੇਂ ਕਈ ਕੱਟੜਵਾਦੀ ਅਤੇ ਦਹਿਸ਼ਤਗਰਦ ਜਥੇਬੰਦੀਆਂ ਹੋਂਦ ਵਿੱਚ ਹਨ, ਜਿੱਥੇ ਜੁਰਮ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ, ਜਿੱਥੇ ਅਮੀਰ ਅਤੇ ਗਰੀਬ ਵਿਚਲਾ ਫ਼ਰਕ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਅਤੇ ਜਿੱਥੇ ਬਹੁਤ ਸਾਰੇ ਆਗੂਆਂ ਦੇ ਚਾਲਚਲਣ ਦਾ ਦਿਵਾਲਾ ਨਿਕਲਿਆ ਪਿਆ ਹੈ। ਕੀ ਅਸੀਂ ਸੱਚਮੁੱਚ ਹਿੰਦੁਸਤਾਨੀ ਹਾਂ? ਅਸੀਂ ਤਾਂ ਪੰਜਾਬੀ, ਮਹਾਂਰਾਸ਼ਟਰੀ, ਬਿਹਾਰੀ, ਮਦਰਾਸੀ, ਬੰਗਾਲੀ, ਅਸਾਮੀ, ਹਰਿਆਣਵੀ ਆਦਿ ਬਣ ਗਏ ਹਾਂ। ਅਸੀਂ ਹਿੰਦੁਸਤਾਨੀ ਲੋਕ ਫ਼ਿਰਕਾਪ੍ਰਸਤੀ, ਕੱਟੜਤਾ, ਪੱਖਪਾਤ, ਬੇਈਮਾਨੀ, ਰਿਸ਼ਵਤਖੋਰੀ, ਧਰਮ, ਅਤੇ ਪੈਸੇ ਦੇ ਗ਼ੁਲਾਮ ਬਣ ਕੇ ਰਹਿ ਗਏ ਹਾਂ। ਅਸੀਂ ਅਜ਼ਾਦ ਹੀ ਕਦੋਂ ਹੋਏ ਹਾਂ?



ਹਿੰਦੁਸਤਾਨ ਵਿੱਚ ਤਾਂ ''ਜਿਸ ਦੀ ਲਾਠੀ, ਉਸ ਦੀ ਭੈਂਸ" ਵਾਲੀ ਗੱਲ ਹੋ ਗਈ ਹੈ। ਸਿਰਫ਼ ਲਾਠੀ ਵਾਲਾ ਬੰਦਾ ਹੀ ਅਜ਼ਾਦ ਹੈ। ਜਿਨ੍ਹਾਂ ਲੋਕਾਂ ਕੋਲ ਲਾਠੀ ਨਹੀਂ, ਉਨ੍ਹਾਂ ਨੂੰ ਤਾਂ ਹਾਲੇ ਅਜ਼ਾਦੀ ਮਿਲੀ ਹੀ ਨਹੀਂ। ਸਾਰੇ ਲੋਕਾਂ ਨੂੰ ਅਜ਼ਾਦੀ ਤਾਂ ਹੀ ਮਿਲੇਗੀ ਜਦੋਂ ਲਾਠੀ ਦੀ ਮਹੱਤਤਾ ਖ਼ਤਮ ਕਰ ਦਿੱਤੀ ਜਾਵੇਗੀ। ਪਰ ਹਿੰਦੁਸਤਾਨੀ ਸਭਿਆਚਾਰ ਵਿੱਚੋਂ ਲਾਠੀ ਦੀ ਮਹੱਤਤਾ ਖ਼ਤਮ ਹੋਣ ਨੂੰ ਹਾਲੇ ਸ਼ਾਇਦ ਸਦੀਆਂ ਹੀ ਲੱਗਣ।



ਫਿਰ ਮੇਰੇ ਵਰਗੇ ਪ੍ਰਵਾਸੀ ਹਿੰਦੁਸਤਾਨੀਆਂ ਨੂੰ ਅਜ਼ਾਦੀ ਨਾਲ ਕੀ ਫ਼ਰਕ ਪਿਆ? ਜਿਨ੍ਹਾਂ ਕਰੋੜਾਂ ਹਿੰਦੁਸਤਾਨੀਆਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਹਿੰਦੁਸਤਾਨ ਸਦਾ ਲਈ ਛੱਡਣਾ ਪਿਆ, ਉਨ੍ਹਾਂ ਨੂੰ ਹਿੰਦੁਸਤਾਨ ਦੀ ਅਜ਼ਾਦੀ ਤੋਂ ਕੀ ਮਿਲਿਆ? ਦੇਸ਼ ਨਿਕਾਲਾ? ਕਰੋੜਾਂ ਹਿੰਦੁਸਤਾਨੀ ਹਿੰਦੁਸਤਾਨ ਛੱਡ ਕੇ ਦੂਜੇ ਮੁਲਕਾਂ ਵਿੱਚ ਜਾ ਕੇ ਗੁਲਾਮੀ ਕਰਨ ਲਈ ਲਿਲ੍ਹਕੜੀਆਂ ਲੈਂਦੇ ਹਨ। ਇਨ੍ਹਾਂ ਲੋਕਾਂ ਲਈ ਅਜ਼ਾਦੀ ਦੀ ਕੀ ਮਹੱਤਤਾ ਹੈ?



ਅਸਲ ਵਿੱਚ ਅਜ਼ਾਦੀ ਤੋਂ ਬਾਦ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ, ਅਬਾਦੀ ਦੇ ਬੇਤਹਾਸ਼ਾ ਵਾਧੇ ਨੇ, ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਦੇ ਧਰਮ ਨੇ, ਇਖਲਾਕ ਦੀ ਲਗਾਤਾਰ ਗਿਰਾਵਟ ਨੇ, ਅਤੇ ਪੈਸੇ ਦੀ ਵਧਦੀ ਮਹੱਤਤਾ ਅਤੇ ਲਾਲਸਾ ਆਦਿ ਨੇ ਹਿੰਦੁਸਤਾਨੀਆਂ ਲਈ ਅਜ਼ਾਦੀ ਦਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ ਹੈ। ਦੇਖੋ ਅੱਗੇ ਕੀ ਹੁੰਦਾ ਹੈ!

No comments:

Post a Comment