ਪੁਰਾਤਨ ਸਮੇਂ ਤੋਂ ਹੀ ਗੀਤ ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਰਿਹਾ ਹੈ। ਲੋਕ-ਗੀਤ, ਲੋਕ-ਕਿੱਸੇ ਅਤੇ ਲੋਕ-ਸਾਜ਼ ਪੰਜਾਬੀਆਂ ਦੀ ਕਮਜ਼ੋਰੀ ਰਹੇ ਹਨ। ਇਹ ਸਮੁੱਚੇ ਪੰਜਾਬੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਅੰਗ ਹਨ। ਇਨ੍ਹਾਂ ਸਦਕਾ ਪੰਜਾਬੀਆਂ ਨੂੰ ਆਪਣੇ ਵਲਵਲਿਆਂ, ਭਾਵਨਾਵਾਂ, ਖੁਸ਼ੀਆਂ ਅਤੇ ਸਧਰਾਂ ਨੂੰ ਭਰਪੂਰ ਹੁਲਾਰਾ ਮਿਲਦਾ ਪ੍ਰਤੀਤ ਹੁੰਦਾ ਹੈ। ਗੀਤ ਤਾਂ ਜਨਮ ਤੋਂ ਮੌਤ ਤੱਕ ਪੰਜਾਬੀਆਂ ਦੇ ਅੰਗ-ਸੰਗ ਰਹੇ ਹਨ। ਪੰਜਾਬੀ ਜਿੱਥੇ ਮਿਹਨਤ ਕਰਨ ਵਿਚ ਮੋਹਰੀ ਰਹੇ ਹਨ ਉਥੇ ਮਨ-ਪ੍ਰਚਾਵਾ ਵੀ ਇਨ੍ਹਾਂ ਦਾ ਮੁਢਲਾ ਸ਼ੌਕ ਰਿਹਾ ਹੈ। ਇਸੇ ਲਈ ਮੇਲੇ, ਤਿੱਥਾਂ, ਤਿਉਹਾਰ, ਲੋਕ-ਖੇਡਾਂ, ਲੋਕ-ਨਾਚ, ਲੋਕ-ਸੰਗੀਤ ਅਤੇ ਲੋਕ-ਕਲਾਵਾਂ ਦਾ ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਸਥਾਨ ਹੈ। ਬੀਤੇ ਵੇਲਿਆਂ ਵਿਚ ਗੀਤ-ਸੰਗੀਤ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਲੋਕਾਂ ਕੋਲ ਅੱਜ ਵਰਗੇ ਸਾਧਨ ਨਹੀਂ ਸਨ ਹੁੰਦੇ। ਮੇਲਿਆਂ ਜਾਂ ਇਕੱਠਾਂ ਵਿਚ ਜਾ ਕੇ ਅਖਾੜਿਆਂ ਦੇ ਰੂਪ ਵਿਚ ਲੋਕ-ਸਾਜ਼ਾਂ ਦੀ ਮੱਦਦ ਨਾਲ ਗਾਏ ਜਾ ਰਹੇ ਕਿੱਸਿਆਂ ਨੂੰ ਅਤੇ ਢਾਡੀਆਂ ਦੁਆਰਾ ਗਾਈਆਂ ਜਾਂਦੀਆਂ ਬੀਰ-ਰਸੀ ਵਾਰਾਂ ਨੂੰ ਸੁਣਨਾ ਹੀ ਸੰਗੀਤ-ਪ੍ਰੇਮੀਆਂ ਦੀ ਰੂਹ ਦੀ ਖੁਰਾਕ ਹੁੰਦੀ ਸੀ।
ਵਿਗਿਆਨ ਅਤੇ ਤਕਨੀਕ ਸਦਕਾ ਗੀਤ-ਸੰਗੀਤ ਦੇ ਖੇਤਰ ਦਾ ਵੀ ਤਕਨੀਕੀ ਵਿਕਾਸ ਆਰੰਭ ਹੋਇਆ, ਜਿਸ ਦੇ ਸਿੱਟੇ ਵਜੋਂ ਤਵਿਆਂ ਵਾਲੀ ਮਸ਼ੀਨ ਜਿਸਨੂੰ ਗ੍ਰਾਮਫੋਨ ਵੀ ਕਿਹਾ ਜਾਂਦਾ ਹੈ, ਹੋਂਦ ਵਿਚ ਆਈ। ਇਹ ਇਕ ਅਜਿਹਾ ਯੰਤਰ ਸੀ ਜੋ ਕਈ ਕਲਪੁਰਜ਼ਿਆਂ ਦੇ ਸੁਮੇਲ ਤੋਂ ਤਿਆਰ ਹੁੰਦਾ ਸੀ। ਇਸ ਨੂੰ ਚਾਬੀ ਦੀ ਮੱਦਦ ਨਾਲ ਚਲਾਇਆ ਜਾਂਦਾ ਸੀ ਜਿਸ ਉਤੇ ਬੇਹਤਰੀਨ ਤਕਨੀਕ ਨਾਲ ਬਣੇ ਪੱਥਰ ਦੇ ਤਵਿਆਂ ਦੀ ਅਵਾਜ਼ ਨੂੰ ਸਾਊਂਡ ਬੌਕਸ ਰਾਹੀਂ ਸਪੀਕਰਾਂ ਤੋਂ ਸੁਣਿਆ ਜਾਂਦਾ ਸੀ। ਜੋ ਅਕਸਰ ਖੁਸ਼ੀ ਦੇ ਮੌਕੇ ਦੋ ਮੰਜਿਆਂ ਨੂੰ ਜੋੜ ਕੇ ਉਨ੍ਹਾਂ ਉਪਰ ਬੰਨ੍ਹੇ ਹੁੰਦੇ ਸਨ। ਸਿਰਲੇਖ ਵਾਲੀ ਸਤਰ ਦਾ ਸਬੰਧ ਇਸੇ ਤਵਿਆਂ ਵਾਲੀ ਮਸ਼ੀਨ, ਤਵੇ ਅਤੇ ਸਪੀਕਰਾਂ ਨਾਲ ਹੈ। ਹੱਥਲੇ ਲੇਖ ਦਾ ਮੰਤਵ ਇਸੇ ਗ੍ਰਾਮੋਫੋਨ ਕਲਚਰ 'ਤੇ ਵਿਸਥਾਰ ਨਾਲ ਚਰਚਾ ਕਰਨਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਇਸ ਅਮੀਰ ਵਿਰਾਸਤ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ।
ਇਸ ਸਾਧਨ ਦੇ ਆਉਣ ਨਾਲ ਗੀਤ-ਸੰਗੀਤ ਦੇ ਖੇਤਰ ਵਿਚ ਇਕ ਨਵੇਂ ਦੌਰ ਦਾ ਆਰੰਭ ਹੋਇਆ। ਸ਼ੁਰੂਆਤੀ ਦੌਰ ਵਿਚ ਕੁਝ ਵਿਦੇਸ਼ੀ ਕੰਪਨੀਆਂ ਨੇ ਪੰਜਾਬੀ ਦੇ ਗਾਇਕ ਕਲਕਾਰਾਂ ਦੇ ਗੀਤਾਂ ਨੂੰ ਤਵਿਆਂ ਦੇ ਰੂਪ ਵਿਚ ਰਿਕਾਰਡ ਕੀਤਾ ਅਤੇ ਇਨ੍ਹਾਂ ਨੂੰ ਪੰਜਾਬੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਇਨ੍ਹਾਂ ਵਿਚ ਕਵੀਸ਼ਰ, ਢਾਡੀ ਵਾਰਾਂ ਅਤੇ ਲੋਕ-ਕਿੱਸੇ ਆਦਿ ਸ਼ਾਮਲ ਸਨ। ਇਸ ਉਪਰੰਤ ਹਰ ਉਭਰਦੇ ਗਾਇਕ ਦਾ ਨਿਸ਼ਾਨਾ ਤਵਿਆਂ ਦੇ ਰੂਪ ਵਿਚ ਆਪਣੀ ਅਵਾਜ਼ ਨੂੰ ਰਿਕਾਰਡ ਕਰਾਉਣਾ ਬਣ ਗਿਆ ਸੀ। ਸੋ ਗਾਇਕੀ ਦੇ ਮਿੱਥੇ ਮਿਆਰ 'ਤੇ ਖਰੇ ਉਤਰਨ ਵਾਲੇ ਗਾਇਕਾਂ ਨੂੰ ਕੰਪਨੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਉਨ੍ਹਾਂ ਵੇਲਿਆਂ ਵਿਚ ਰਿਕਾਰਡਿੰਗ ਕੰਪਨੀਆਂ ਕਲਾਕਾਰਾਂ ਨੂੰ, ਕੋਲੋਂ ਪੈਸੇ ਦੇ ਕੇ ਰਿਕਾਰਡ ਕਰਦੀਆਂ ਸਨ ਅਤੇ ਰਿਕਾਰਡਾਂ ਦੀ ਵਿਕਰੀ ਅਨੁਸਾਰ ਉਨ੍ਹਾਂ ਦਾ ਬਣਦਾ ਹਿੱਸਾ ਉਨ੍ਹਾਂ ਤੱਕ ਪਹੁੰਚਦਾ ਕਰਦੀਆਂ ਸਨ। ਇਸ ਵਰਤਾਰੇ ਕਾਰਨ ਪੰਜਾਬੀ ਗਾਇਕੀ ਮੌਲਣ ਅਤੇ ਵਿਗਸਣ ਲੱਗ ਪਈ। ਸਮਾਂ ਪਾ ਕੇ ਤਵਿਆਂ ਵਾਲੀਆਂ ਮਸ਼ੀਨਾਂ ਨੇ ਪੰਜਾਬੀ ਸੱਭਿਆਚਾਰ ਵਿਚ ਆਪਣਾ ਇਕ ਖ਼ਾਸ ਸਥਾਨ ਬਣਾ ਲਿਆ।
ਪਹਿਲਾਂ ਪਹਿਲ ਇਹ ਮਸ਼ੀਨਾਂ ਕੁਝ ਕੁ ਅਮੀਰ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣੀਆਂ। ਸਰਦੇ ਪੁੱਜਦੇ ਲੋਕਾਂ ਨੇ ਇਨ੍ਹਾਂ ਨੂੰ ਆਪਣੇ ਮਨਪ੍ਰਚਾਵੇ ਦਾ ਸਾਧਨ ਬਣਾ ਲਿਆ ਅਤੇ ਹੌਲੀ-ਹੌਲੀ ਇਹ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਈਆਂ। ਉਸ ਸਮੇਂ ਇਹ ਮਸ਼ੀਨਾਂ ਵਿਦੇਸ਼ੀ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਐਚ ਐਮ ਵੀ ਕੰਪਨੀ ਨੇ ਭਾਰਤ ਵਿਚ ਇਹ ਮਸ਼ੀਨਾਂ ਤਿਆਰ ਕਰਕੇ ਵੇਚਣੀਆਂ ਅਰੰਭ ਕਰ ਦਿੱਤੀਆਂ। ਇਨ੍ਹਾਂ ਨੂੰ ਲੋਕਾਂ ਨੇ ਤਕੜਾ ਹੁੰਗਾਰਾ ਦਿੱਤਾ। ਪੰਜਾਬੀਆਂ ਦੀ ਸੰਗੀਤ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਇਕ ਅਜਿਹਾ ਸਮਾਂ ਆਇਆ ਜਦੋਂ ਕੁਝ ਲੋਕਾਂ ਨੇ ਇਸਨੂੰ ਰੁਜ਼ਗਾਰ ਵਜੋਂ ਅਪਣਾਅ ਲਿਆ ਤੇ ਉਹ ਖੁਸ਼ੀਆਂ ਦੇ ਮੌਕੇ ਲੋਕਾਂ ਦੇ ਘਰਾਂ 'ਚ ਮਸ਼ੀਨਾਂ, ਤਵਿਆਂ ਅਤੇ ਸਪੀਕਾਰਾਂ ਨਾਲ ਉਨ੍ਹਾਂ ਦਾ ਮਨੋਰੰਜਨ ਕਰਦੇ ਤੇ ਆਪਣਾ ਜੀਵਨ ਨਿਰਬਾਹ ਕਰਦੇ। ਇਹ ਛੇਵੇਂ ਦਹਾਕੇ ਦਾ ਆਰੰਭਕ ਦੌਰ ਸੀ, ਜਦੋਂ ਲੋਕਾਂ ਦੇ ਘਰੀਂ ਵਿਆਹ-ਸ਼ਾਦੀਆਂ 'ਤੇ ਸਪੀਕਰ ਵੱਜਣ ਲੱਗ ਪਏ ਸਨ। ਫਿਰ ਤਾਂ ਖੁਸ਼ੀ ਦਾ ਹਰ ਮੌਕਾ ਸਪੀਕਰ ਤੋਂ ਬਿਨਾਂ ਅਧੂਰਾ ਹੀ ਲੱਗਦਾ ਸੀ, ਜਿਸ ਸਦਕਾ ਪਿੰਡਾਂ-ਸ਼ਹਿਰਾਂ ਵਿਚ ਸਪੀਕਰਾਂ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਲੱਗੀ ਅਤੇ ਹੌਲੀ-ਹੌਲੀ ਸਪੀਕਰ ਲਾਉਣਾ, ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਪਹੁੰਚ ਵਿਚ ਆਉਣ ਲੱਗ ਪਿਆ। ਪੰਜਾਬੀ ਗੀਤਾਂ ਪ੍ਰਤੀ ਲੋਕਾਂ ਦੀ ਰੁਚੀ ਹੋਰ ਵੀ ਵਧਣ ਲੱਗ ਪਈ। ਪੰਜਾਬੀ ਗਾਇਕਾਂ ਦੀ ਲੋਕਾਂ ਵਿਚ ਗੀਤਾਂ ਜ਼ਰੀਏ ਪਛਾਣ ਬਣਨ ਲੱਗੀ ਅਤੇ ਉਨ੍ਹਾਂ ਦੀ ਮਕਬੂਲੀਅਤ ਵਿਚ ਚੋਖਾ ਵਾਧਾ ਹੋਣ ਲੱਗਾ। ਫਿਰ ਤਾਂ ਇਹ ਗੀਤ ਲੋਕਾਂ ਦੀ ਰੂਹ ਦੀ ਖੁਰਾਕ ਹੀ ਬਣ ਗਏ ਤੇ ਤਵਿਆਂ ਵਾਲੀਆਂ ਮਸ਼ੀਨਾਂ ਸਾਡੇ ਸਮਾਜ ਦਾ ਇਕ ਅਹਿਮ ਹਿੱਸਾ ਬਣ ਗਈਆਂ। ਇਨ੍ਹਾਂ ਨੇ ਹਰ ਪੀੜ੍ਹੀ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ।
ਇਕ ਸਪੀਕਰ ਵਾਲਾ 8-10 ਪਿੰਡਾਂ ਦੇ ਦਾਇਰੇ ਵਿਚ ਆਪਣੇ ਸਪੀਕਰ ਚਲਾਉਂਦਾ। ਉਸਨੇ ਆਮ ਤੌਰ 'ਤੇ ਇਕ ਤੋਂ ਚਾਰ ਤੱਕ ਸੈੱਟ ਰੱਖੇ ਹੁੰਦੇ ਸਨ। ਸੈੱਟ ਵਿਚ ਇਕ ਵਿਸ਼ੇਸ਼ ਸਾਈਜ਼ ਦੀ ਲੱਕੜ ਦੀ ਪੇਟੀ ਹੁੰਦੀ ਸੀ, ਜਿਸ ਵਿਚ ਗ੍ਰਾਮੋਫੋਨ ਨੂੰ ਫਿੱਟ ਕੀਤਾ ਹੁੰਦਾ ਸੀ। ਇਸੇ ਅੰਦਰ ਇਕ ਪਾਸੇ ਤਵੇ ਰੱਖਣ ਲਈ ਥਾਂ ਬਣੀ ਹੁੰਦੀ ਸੀ। ਇਕ ਅਵਾਜ਼ ਵਧਾਉਣ ਵਾਲਾ ਯੰਤਰ, ਜਿਸ ਨੂੰ ਐਂਪਲੀਫਾਇਰ ਕਿਹਾ ਜਾਂਦਾ ਅਤੇ ਇਕ ਸੂਈਆਂ ਦੀ ਡੱਬੀ ਵੀ ਇਸੇ ਪੇਟੀ ਵਿਚ ਹੁੰਦੀ। ਇਕ ਪੇਟੀ ਨਾਲ ਇਕ ਬੈਟਰੀ ਅਤੇ ਦੋ ਸਪੀਕਰ ਜਾਂ ਹਾਰਨ ਹੁੰਦੇ ਸਨ। ਇਕ ਮੁਕੰਮਲ ਸੈੱਟ ਵਿਚ ਤਕਰੀਬਨ 40-50 ਤਵੇ ਹੁੰਦੇ ਸਨ, ਜਿਨ੍ਹਾਂ ਨੂੰ ਪ੍ਰੋਗਰਾਮ ਵਾਲੇ ਘਰ ਵਿਚ ਵਜਾਇਆ ਜਾਂਦਾ। ਪ੍ਰੋਗਰਾਮ ਤੋਂ 10-15 ਦਿਨ ਪਹਿਲਾਂ ਸਪੀਕਰ ਵਾਲੇ ਨੂੰ ਸਾਈ ਦੇ ਕੇ ਬੁਕਿੰਗ ਕਰ ਲਈ ਜਾਂਦੀ ਸੀ। ਆਮ ਤੌਰ 'ਤੇ ਸਪੀਕਰ ਘਰ ਵਿਚ ਇਕ ਜਾਂ ਵੱਧ ਤੋਂ ਵੱਧ ਚਾਰ ਦਿਨ ਲਈ ਵਜਾਇਆ ਜਾਂਦਾ ਸੀ। ਇਕ ਪ੍ਰੋਗਰਾਮ ਤੋਂ ਸਪੀਕਰ ਵਾਲੇ ਨੂੰ ਲਗਭਗ ਤਿੰਨ ਸੌ ਰੁਪਏ ਤੋਂ ਸੱਤ ਸੌ ਰੁਪਏ ਤੱਕ ਕਮਾਈ ਹੋ ਜਾਂਦੀ ਸੀ, ਜੋ ਉਨ੍ਹਾਂ ਸਮਿਆਂ ਵਿਚ ਕਾਫੀ ਸਮਝੀ ਜਾਂਦੀ ਸੀ। ਪ੍ਰੋਗਰਾਮ ਵਾਲੇ ਘਰ ਸਪੀਕਰਾਂ ਨੂੰ ਕੋਠੇ ਉਤੇ ਦੋ ਮੰਜਿਆਂ ਨੂੰ ਜੋੜ ਕੇ ਉਪਰ ਬੰਨ੍ਹ ਦਿੱਤਾ ਜਾਂਦਾ ਸੀ ਜਾਂ ਇਕ ਲੰਬੇ ਬਾਂਸ ਦੀ ਮੱਦਦ ਨਾਲ ਬੰਨ੍ਹ ਲਿਆ ਜਾਂਦਾ। ਸਪੀਕਰ ਵਾਲੇ ਨੂੰ ਸੈੱਟ ਰੱਖਣ ਲਈ ਅਤੇ ਬੈਠਣ ਲਈ ਯੋਗ ਥਾਂ ਦਿੱਤੀ ਜਾਂਦੀ। ਸਪੀਕਰ ਵਾਲੇ ਦੇ ਘਰ ਵਿਚ ਆਉਣ ਨਾਲ ਹੀ ਰੌਣਕ ਲੱਗ ਜਾਂਦੀ ਤੇ ਵਿਹੜਾ ਖੁਸ਼ੀਆਂ ਨਾਲ ਭਰ ਜਾਂਦਾ ਸੀ। ਉਸਨੂੰ ਖ਼ਾਸ ਮੈਂਬਰ ਸਮਝ ਕੇ ਉਸ ਦਾ ਆਦਰ ਸਤਿਕਾਰ ਕੀਤਾ ਜਾਂਦਾ। ਸਭ ਤੋਂ ਪਹਿਲਾਂ ਕਿਸੇ ਧਾਰਮਿਕ ਗੀਤ ਨੂੰ ਸਪੀਕਰ 'ਤੇ ਵਜਾਇਆ ਜਾਂਦਾ। ਉਨ੍ਹਾਂ ਦਿਨਾਂ ਵਿਚ ਲਾਲ ਚੰਦ ਯਮਲਾ ਜੱਟ ਦਾ ਮਸ਼ਹੂਰ ਗੀਤ Ḕਸਤਿਗੁਰੂ ਨਾਨਕ ਤੇਰੀ ਲੀਲ੍ਹਾ ਨਿਆਰੀ ਏ' ਸਭ ਤੋਂ ਪਹਿਲਾਂ ਵਜਾਇਆ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਲੋਕ ਆਮ ਤੌਰ 'ਤੇ ਯਮਲਾ ਜੱਟ, ਢਾਡੀ ਅਮਰ ਸਿੰਘ ਸ਼ੌਂਕੀ, ਦੀਦਾਰ ਸਿੰਘ ਅਤੇ ਪਾਰਟੀ, ਹਜ਼ਾਰਾ ਸਿੰਘ ਰਮਤਾ, ਨਰਿੰਦਰ ਬੀਬਾ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਕਰਮਜੀਤ ਧੂਰੀ, ਰੰਗੀਲਾ ਜੱਟ, ਮੁਹੰਮਦ ਸਦੀਕ-ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕੇ ਦੀਪ-ਜਗਮੋਹਨ ਕੌਰ, ਏ ਐਸ ਕੰਗ, ਦੀਦਾਰ ਸੰਧੂ ਅਤੇ ਸਵਰਨ ਲਤਾ ਆਦਿ ਕਲਾਕਾਰਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਸਨ।
ਆਪਣੇ ਵਧੀਆ ਸਪੀਕਰਾਂ ਅਤੇ ਚੰਗੇ ਕਲਾਕਾਰਾਂ ਦੇ ਤਵਿਆਂ ਕਰਕੇ ਇਸ ਖੇਤਰ ਦੇ ਲੋਕਾਂ ਦਾ ਨਾਂ ਦੂਰ-ਦੂਰ ਤੱਕ ਮਸ਼ਹੂਰ ਹੁੰਦਾ ਸੀ। ਕਿਸੇ ਸਮੇਂ ਮਾਲਵਾ ਇਲਾਕੇ ਦੇ ਛੋਟੇ ਜਿਹੇ ਕਸਬੇ ਜੈਤੋ ਦਾ ਵਸਨੀਕ ਅਵਤਾਰ ਸਿੰਘ ਤਾਰੀ ਜਿਸਨੂੰ Ḕਜੈਤੋ ਵਾਲਾ ਤਾਰੀ' ਕਿਹਾ ਜਾਂਦਾ ਹੈ, ਇਕ ਮਸ਼ਹੂਰ ਸਪੀਕਰ ਵਾਲਾ ਹੁੰਦਾ ਸੀ, ਜਿਸ ਕੋਲ ਸਭ ਤੋਂ ਵੱਧ ਲਗਭਗ ਪੰਦਰਾਂ ਸੈੱਟ ਹੁੰਦੇ ਸਨ ਅਤੇ ਉਸਦੀ ਕੇਵਲ ਮਾਲਵੇ ਵਿਚ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿਚ ਝੰਡੀ ਹੁੰਦੀ ਸੀ। ਇਸ ਖੇਤਰ ਵਿਚ ਤਾਰੀ ਦੀ ਭੂਮਿਕਾ ਸਦਕਾ ਉਸ ਦੀ ਪੰਜਾਬ ਦੇ ਤਕਰੀਬਨ ਸਾਰੇ ਗਾਇਕਾਂ ਨਾਲ ਬੜੇ ਨੇੜਤਾ ਹੁੰਦੀ ਸੀ। ਸਾਰੇ ਕਲਾਕਾਰ ਤਾਰੀ ਦਾ ਬੜਾ ਸਤਿਕਾਰ ਕਰਦੇ ਸਨ। ਇੱਥੋਂ ਤੱਕ ਕਿ ਬਹੁਤ ਸਾਰੇ ਗੀਤਾਂ ਵਿਚ ਤਾਰੀ ਦਾ ਨਾਂ ਲਿਆ ਜਾਣ ਲੱਗਾ। ਇਹ ਉਸਨੂੰ ਬੜਾ ਮਾਣ ਦੇਣ ਵਾਲੀ ਗੱਲ ਹੁੰਦੀ ਸੀ।
ਸ਼ੁਰੂਆਤੀ ਦੌਰ ਵਿਚ ਤਵਿਆਂ ਵਾਲੀ ਮਸ਼ੀਨ ਚਾਬੀ ਨਾਲ ਚੱਲਣ ਵਾਲੀ ਹੁੰਦੀ ਸੀ, ਜਿਸਨੂੰ ਇਕ ਦੋ ਗੀਤਾਂ ਬਾਅਦ ਚਾਬੀ ਭਰਨੀ ਪੈਂਦੀ ਸੀ। ਜੋ ਆਮ ਤੌਰ 'ਤੇ ਐਚ ਐਮ ਵੀ ਕੰਪਨੀ ਦੁਆਰਾ ਨਿਰਮਿਤ ਹੁੰਦੀ ਸੀ। ਤਕਨੀਕ ਦੇ ਹੋਰ ਵਿਕਸਤ ਹੋਣ ਨਾਲ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਹੋਂਦ ਵਿਚ ਆਈਆਂ। ਪਹਿਲਾਂ-ਪਹਿਲ ਤਵੇ ਇੰਗਲੈਂਡ ਦੀਆਂ ਕੰਪਨੀਆਂ ਦੁਆਰਾ ਬਣਾਏ ਜਾਂਦੇ ਸਨ। ਬਾਅਦ ਵਿਚ ਭਾਰਤ ਵਿਚ ਹੀ ਬਹੁਤ ਸਾਰੀਆਂ ਕੰਪਨੀਆਂ ਤਵਿਆਂ ਦਾ ਨਿਰਮਾਣ ਕਰਨ ਲੱਗੀਆਂ। ਸੰਨ 1971 ਤੱਕ ਪੱਥਰ ਦੇ ਤਵੇ ਬਣਾਏ ਜਾਂਦੇ ਰਹੇ। 1971 ਤੋਂ ਤਕਰੀਬਨ 1988 ਤੱਕ ਭਾਵ ਜਦ ਤੱਕ ਤਵਿਆਂ ਦਾ ਦੌਰ ਰਿਹਾ, ਇਹ ਪਲਾਸਟਿਕ ਦੇ ਬਣਦੇ ਰਹੇ। ਤਵੇ ਆਮ ਤੌਰ 'ਤੇ ਦੋ ਸਾਈਜਾਂ ਦੇ ਬਣਦੇ ਸਨ। ਐਲ ਪੀ ਭਾਵ ਲੌਂਗ ਪਲੇਅ ਜਿਸ ਵਿਚ ਅੱਠ ਤੋਂ ਬਾਰਾਂ ਤੱਕ ਗਾਣੇ ਹੁੰਦੇ ਸਨ। ਦੂਸਰਾ ਈ ਪੀ ਭਾਵ ਐਕਸਟੈਂਡ ਪਲੇਅ ਜਿਸ ਵਿਚ ਦੋ ਤੋਂ ਛੇ ਤੱਕ ਗੀਤ ਹੁੰਦੇ ਸਲ। ਪੱਥਰ ਦੇ ਤਵੇ ਬਣਾਉਣ ਵਾਲੀਆਂ ਕੰਪਨੀਆਂ ਐਚ ਐਮ ਵੀ, ਹਿੰਦੋਸਤਾਨ ਰਿਕਾਰਡਿੰਗ ਕੰਪਨੀ, ਕੋਲੰਬੀਆ ਅਤੇ ਏਂਜਲਸ ਰਿਕਾਰਡਿੰਗ ਆਦਿ ਕੰਪਨੀਆਂ ਸਨ। ਪਲਾਸਟਿਕ ਦੇ ਤਵੇ ਬਣਾਉਣ ਵਾਲਿਆਂ ਵਿਚ ਈ ਐਮ ਆਈ, ਉਡੀਅਨ, ਇਨਰੀਕੋ, ਏਂਜਲਸ, ਐਚ ਐਮ ਵੀ, ਸ਼ਿਵ ਦੁਰਗਾ, ਟੀ ਐਮ ਸੀ, ਕੇ ਐਮ ਸੀ, ਕੇ ਆਰ ਸੀ, ਰਿਧਮ ਕੈਪਕੋ ਆਦਿ ਕੰਪਨੀਆਂ ਸ਼ਾਮਲ ਸਨ। ਸਭ ਤੋਂ ਵੱਧ ਗਿਣਤੀ ਵਿਚ ਰਿਕਾਰਡ ਈ ਐਮ ਆਈ ਨੇ ਬਣਾਏ ਜੋ ਕਿ ਮਸ਼ਹੂਰ ਕੰਪਨੀ ਐਚ ਐਮ ਵੀ ਦੀ ਸਹਿਯੋਗੀ ਸੀ।
ਸੰਨ 1990 ਤੋਂ ਪਹਿਲਾਂ ਹੀ ਇਸ ਸੁਨਹਿਰੇ ਦੌਰ ਦਾ ਅੰਤ ਹੋ ਗਿਆ, ਭਾਵ ਮੁਕੰਮਲ ਰੂਪ ਵਿਚ ਤਵੇ ਬਣਨੇ ਬੰਦ ਹੋ ਗਏ। ਵਿਆਹਾਂ-ਸ਼ਾਦੀਆਂ ਵਿਚ ਹੁਣ ਸਪੀਕਰਾਂ ਦਾ ਰਿਵਾਜ ਬਹੁਤ ਘਟ ਚੁੱਕਾ ਸੀ। ਨਵੀਆਂ ਮਸ਼ੀਨਾਂ ਬਣਨੀਆਂ ਬੰਦ ਹੋ ਗਈਆਂ। ਗੀਤ-ਸੰਗੀਤ ਦੇ ਖੇਤਰ ਵਿਚ Ḕਕੈਸੇਟ ਕਲਚਰ' ਨਾਂ ਦਾ ਇਕ ਨਵਾਂ ਦੌਰ ਦਸਤਕ ਦੇ ਰਿਹਾ ਸੀ। ਤਕਨੀਕ ਹੋਰ ਵਿਕਸਤ ਹੋਈ। ਘਰ-ਘਰ ਵਿਚ ਟੇਪ-ਰਿਕਾਰਡਰ ਅਤੇ ਡੈਕ ਆ ਗਏ। ਫਿਰ ਸਾਰੀਆਂ ਕੈਸੇਟ ਕੰਪਨੀਆਂ ਹੋਂਦ ਵਿਚ ਆ ਗØਈਆਂ। ਤਵਿਆਂ ਦੀ ਥਾਂ ਟੇਪਾਂ ਨੇ ਲੈ ਲਈ।
ਤਵਿਆਂ ਵਾਲੇ ਦੌਰ ਦਾ ਆਗਮਨ ਵੀ ਤਕਨੀਕ ਸਦਕਾ ਹੋਇਆ ਸੀ ਅਤੇ ਇਸ ਦੌਰ ਦਾ ਖਾਤਮਾ ਵੀ ਤਕਨੀਕ ਕਾਰਨ ਹੀ ਹੋਇਆ। ਇਸ ਦੀ ਥਾਂ ਪਹਿਲਾਂ ਕੈਸੇਟ ਕਲਚਰ ਨੇ ਲਈ, ਸੀਡੀਆਂ ਦਾ ਸਮਾਂ ਆਇਆ, ਹੁਣ ਕੰਪਿਊਟਰ ਅਤੇ ਚਿੱਪਾਂ ਨੇ ਆਪਣੀ ਪਕੜ ਇਸ ਖੇਤਰ 'ਤੇ ਬਣਾਈ ਹੋਈ ਹੈ। ਵਿਆਹਾਂ-ਸ਼ਾਦੀਆਂ 'ਤੇ ਡੀ ਜੇ ਦਾ ਰਿਵਾਜ ਹੋ ਗਿਆ। ਅੱਜ ਗਾਇਕੀ 'ਤੇ ਵੀ ਤਕਨੀਕ ਭਾਰੂ ਹੋ ਗਈ। ਇਸ ਦੌਰ ਵਿਚ ਗਾਇਕੀ ਦਾ ਪੱਧਰ ਬਹੁਤ ਨੀਵਾਂ ਹੋਇਆ ਹੈ।
ਨਿਸ਼ਚੇ ਹੀ ਤਵਿਆਂ ਅਤੇ ਸਪੀਕਰਾਂ ਦਾ ਦੌਰ ਪੰਜਾਬੀ ਗਾਇਕੀ ਦਾ ਸੁਨਹਿਰੀ ਅਤੇ ਮਾਣਮੱਤਾ ਦੌਰ ਸੀ। ਇਸਨੇ ਸਾਡੇ ਸੱਭਿਆਚਾਰ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਇਹ ਤਵੇ ਮਸ਼ੀਨਾਂ ਸਾਡਾ ਅਮੀਰ ਵਿਰਸਾ ਹਨ, ਜਿਸਨੇ ਸਾਨੂੰ ਅਜਿਹੇ ਗੀਤ ਅਤੇ ਕਲਚਰ ਦਿੱਤੇ ਹਨ, ਜਿਨ੍ਹਾਂ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ। ਸਾਡੇ ਸਮਾਜ ਵਿਚ ਅੱਜ ਵੀ ਆਪਣੇ ਇਸ ਵਿਰਸੇ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ, ਜਿਨ੍ਹਾਂ ਨੇ ਅੱਜ ਦੇ ਕੰਪਿਊਟਰ ਯੁੱਗ ਵਿਚ ਵੀ ਪੁਰਾਣੇ ਤਵੇ, ਮਸ਼ੀਨਾਂ ਨੂੰ ਘਰਾਂ ਵਿਚ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਇਸਨੂੰ ਬਹੁਤ ਸ਼ੌਕ ਨਾਲ ਸੁਣਦੇ ਹਨ। ਪੰਜਾਬੀਆਂ ਨੂੰ ਆਪਣੀ ਇਸ ਵਿਰਾਸਤ 'ਤੇ ਮਾਣ ਹੈ।
No comments:
Post a Comment