ਦਸਤਾਰ ਦੇ ਅਪਮਾਨ ਦਾ ਮਾਮਲਾ ਕਿਸੇ ਵੀ ਤਰਾਂ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ. ਅਸਲ ਵਿੱਚ ਇਸ ਸ਼ਰਮਨਾਕ ਹਰਕਤ ਨੇ ਵਿਦੇਸ਼ਾਂ ਵਿੱਚ ਦਸਤਾਰ ਦੇ ਅਪਮਾਨ ਵਿਰੁਧ ਚੱਲ ਰਹੇ ਸੰਘਰਸ਼ ਨੂੰ ਵੀ ਢਾਹ ਕਈ ਹੈ.
ਸਾਰੇ ਪੰਜਾਬੀਆਂ , ਸਾਰੇ ਸਿੱਖਾਂ ਵਾਂਗ , ਸਾਰੇ ਸੂਝਵਾਨ , ਸੰਵੇਦਨਸ਼ੀਲ ਇਨਸਾਨਾਂ ਵਾਂਗ ਹੀ ਮੈਂ ਮੋਹਾਲੀ ਵਾਲੀ ਦੁਰਘਟਨਾ ਨਾਲ ਡਾਅਢਾ ਦੁੱਖੀ ਹਾਂ , ਇੱਕ ਪੰਜਾਬੀ ਪੁਲਿਸ ਵਾਲਾ , ਇੱਕ ਸਿੱਖ ਪੁਲਿਸ ਵਾਲਾ ਇਹ ਹੁਕਮ ਕਿਵੇਂ ਦੇ ਸਕਦਾ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਇੰਝ ਉਤਾਰ ਲਈ ਜਾਵੇ ? ਡੀ. ਐਸ. ਪੀ. ਪ੍ਰੀਤਮ ਸਿੰਘ ਦੇ ਮਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ? ਦਸਤਾਰ ਲਾਹੁਣ ਵਾਲਾ ਕੁਲਭੂਸ਼ਨ ਕੀ ਸਿਰਫ ਆਪਣੇ "ਸਾਬ੍ਹ" ਦਾ ਹੁਕਮ ਹੀ ਵਜਾ ਰਿਹਾ ਸੀ ਜਾਂ ਉਸਦਾ ਨਜ਼ਰੀਆ ਮੁਜ਼ਾਹਰਾਕਾਰੀ ਨੌਜਵਾਨ ਦੇ ਸਿੱਖ ਹੋਣ ਕਾਰਨ ਐਨਾ ਖਤਰਨਾਕ ਹੋ ਗਿਆ ? ਜਗਜੀਤ ਸਿੰਘ ਜਿਸਦੀ ਕਿ ਦਸਤਾਰ ਲਾਹੀ ਗਈ ਉਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲਾ ਗੰਭੀਰ ਨੌਜਵਾਨ ਦਿਖਾਈ ਦਿੰਦਾ ਹੈ , ਉਸਦੀ ਉਮਰ ਤੇ ਉਸਦੀ ਦਿੱਖ ਕੋਈ ਬਚਗਾਨਾ ਨਹੀਂ ਹੈ , ਫਿਰ ਕਿਸ ਗੰਦੀ ਸੋਚ ਅਧੀਨ ਇਹ ਕੁਕਰਮ ਕੀਤਾ ਗਿਆ ? ਕੀ ਸਟੇਟ ਦਾ ਹੁਕਮ ਸੀ ਇਹ ? ਕੀ ਇਹ ਕੋਈ ਸਿੱਖ ਵਿਰੋਧੀ ਸਾਜ਼ਿਸ਼ ਹੈ ? ਕੀ ਇਸਦੇ ਪਿੱਛੇ ਕੋਈ ਤੀਜੀ ਤਾਕਤ ਵੀ ਕੰਮ ਕਰ ਰਹੀ ਹੈ ? ਮੇਰੀ ਤੁੱਛ ਬੁੱਧੀ ਕੁੱਝ ਵੀ ਸਾਫ ਸਾਫ ਸਮਝ ਨਹੀਂ ਪਾ ਰਹੀ ਦੋਸਤੋ ! ਮੇਰਾ ਗੁੱਸਾ ਹਰ ਵਾਰ ਇਹ ਵੀਡੀਓ ਵੇਖ ਕੇ ਸਵਾਇਆ ਹੋ ਜਾਂਦਾ ਹੈ , ਜੋ ਲੋਕ ਖੁੱਦ ਦਸਤਾਰ ਨਹੀਂ ਬੰਨਦੇ ਉਨਾਂ ਦੇ ਗੁੱਸੇ ਦਾ ਵੀ ਇਹੋ ਹਾਲ ਹੈ । ਇਹ ਦਸਤਾਰ ਉਤਾਰਨ ਵਾਲਾ ਦ੍ਰਿਸ਼ ਮੇਰੇ ਜ਼ਹਿਨ 'ਚ ਡੂੰਘਾ ਛਪ ਗਿਆ ਹੈ , ਇਹ ਗੱਲ ਮੈਨੂੰ ਉਪਰਾਮ ਕਰ ਰਹੀ ਹੈ ਜਦਕਿ ਮੈਂ ਆਪਣੇ ਆਪ ਨੂੰ ਬੜਾ ਧਰਮ-ਨਿਰਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਅੱਜ ਇਸ ਗੱਲ ਨਾਲ ਮੈਂ ਅੰਦਰੋਂ ਹਿੱਲ ਗਿਆ ਹਾਂ ।
" ਮੈਂ ਸਿੱਖ ਹਾਂ...ਸਿਰਫ ਸਿੱਖ ...ਗੁਰੂ ਦਸਮ ਪਿਤਾ ਦਾ ਸਿੱਖ " ,
ਇਹ ਆਵਾਜ਼ ਮੇਰੇ ਅੰਦਰ ਗੂੰਜ ਰਹੀ ਹੈ ।
" ਨਾ ਸਿਰਫ ਪਹਿਰਾਵਾ ਹਾਂ ਨਾ ਇੱਕਲੀ ਦਿੱਖ ਹਾਂ
ਮੈਂ ਤਾਂ ਗੁਰੂ ਜੀ ਤੇਰਾ ਅਮਲਾਂ ਤੋਂ ਹੀ ਸਿੱਖ ਹਾਂ "
ਮੈਨੂੰ ਇੱਥੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਖਾੜਕੂ ਲਹਿਰ 'ਚ ਕੁੱਦਣ ਵਾਲੇ ਸਿੱਖ ਨੌਜਵਾਨਾ ਦੀ ਮਨੋਸਥਿੱਤੀ ਅੱਜ ਮੈਂ ਵਧੇਰੇ ਚੰਗੀ ਤਰਾਂ ਸਮਝ ਪਾ ਰਿਹਾ ਹਾਂ , ਉਨਾਂ ਨੇ ਤਾਂ ਬਹੁਤ ਜ਼ਿਆਦਾ ਜ਼ੁਲਮ ਵੇਖਿਆ ਸੀ , ਉਨਾਂ ਦਾ ਪ੍ਰਤੀਕਰਮ ਉਹੀ ਹੋਣਾ ਸੀ ਜੋ ਉਨਾਂ ਨੇ ਵਿਖਾਇਆ ! ਮੈਂ ਅੱਜ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਨਾਂ ;
" ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ
ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ
ਤਾਕਤ 'ਚ ਅੰਨੇ ਹੋ ਕੇ ਵੇਲਾ ਭੁੱਲੋ ਨਾ
ਇੱਕੋ ਸ਼ੇਰ ਬੜਾ ਲੇਲ੍ਹਿਆਂ ਦੇ ਵੱਗ ਨੂੰ "
No comments:
Post a Comment