Thursday 12 April 2012

1984 ਘੱਲੂਘਾਰੇ ਦੀ ਯਾਦ - ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੁਰਾਤਨ ਸਰੂਪ ਅਤੇ ਨਕਸ਼ਾ ਵੀ ਨਹੀਂ ਸਾਂਭ ਸਕੇ!!!

ੴ ਵਾਹਿਗੁਰੂ ਜੀ ਕੀ ਫ਼ਤਹਿ ਹੈ॥
              ਹਰ ਵਰ੍ਹੇ ਜੂਨ ਦਾ ਮਹੀਨਾ ਗੁਰੂ ਪੰਥ ਦੇ ਸਰੀਰ ਅਤੇ ਮਾਨਸਿਕਤਾ ’ਤੇ ਲੱਗੇ ਟੀਸ, ਪੀੜਾ, ਦੁਖ, ਸੰਤਾਪ, ਵਿਸ਼ਵਾਸ-ਘਾਤ ਅਤੇ ਸਦਮੇ ਦੇ ਜ਼ਖਮਾਂ ਨੂੰ ਵਲੂੰਧਰ ਕੇ ਰਖ ਦਿੰਦਾ ਹੈ। ਇਹ ਦਿਨ ਹੈ ਹਲੀਮੀ, ਸਤਿਕਾਰ ਅਤੇ ਸ਼ਰਧਾ ਨਾਲ ਹੋਏ ਘੱਲੂਘਾਰੇ ਨੂੰ ਯਾਦ ਕਰਣ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਦਾ। ਪਰ ਸਾਡੀ ਠੀਢ ਮਾਨਸਿਕਤਾ ਇਸਦਾ ਵੀ ਰਤੀ ਭਰ ਅਹਿਸਾਸ ਕਬੂਲਣ ਲਈ ਤਿਆਰ ਨਹੀਂ ਜਾਪਦੀ। ਹੁਣ ਨਿਰੋਲ ਰਾਜਨੀਤੀ ਅਤੇ ਚੋਣਾਂ ਨੂੰ ਮੁਖ ਰੱਖ ਕੁਝ ਵਿਅਕਤੀਆਂ ਅਤੇ ਧੜਿਆਂ ਵਲੋਂ ਇਹ ਸੁਨੇਹਾ ਅਤੇ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ 6 ਜੂਨ ਨੂੰ ਦਰਬਾਰ ਸਾਹਿਬ ਵਿਚ ਇਸ ਘੱਲੂਘਾਰੇ ਦੀ ਯਾਦ-ਗਾਰ ਨਾ ਕਾਇਮ ਕੀਤੀ ਗਈ ਤਾਂ ਉਹ ਖ਼ੁਦ ‘ਧੱਕੇ ਨਾਲ’ ਇਸ ਯਾਦ-ਗਾਰ ਦਾ ਨੀਂਹ ਪੱਥਰ ਰਖਣ ਗੇ। ਦਿਲਚਸਪ ਗ¤ਲ ਇਹ ਹੈ ਕਿ ਇਹ ਪਰੋਗਰਾਮ ਉਲੀਕਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੱਦੇ ਉਸ ਸੰਮੇਲਨ ਦਾ ਹਿੱਸਾ ਵੀ ਸਨ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਰੱਦ ਕਰ ਕੇ ਇਸਦੀ ਸਰਵੁੱਚਤਾ ਨੂੰ ਸਿੱਧੀ ਚੁਣੌਤੀ ਦੇਣ ਦੇ ਨਾਲ ਨਾਲ ਇਹ ਐਲਾਨ ਵੀ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਰਾਸਤਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਹੀ ਪਹੁੰਚਿਆ ਜਾ ਸਕਦਾ ਹੈ। ਸੋ ਇਸ ਐਲਾਨ ਅਤੇ ਪਰੋਗਰਾਮ ਦੀ ਮਨਸ਼ਾ ਅਤੇ ਨਿਸ਼ਾਨੇ ਪ੍ਰਤੀ ਕੋਈ ਵੀ ਸੰਦੇਹ ਬਾਕੀ ਨਹੀਂ ਰਹਿ ਜਾਂਦਾ।

              ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਦਹਿਸ਼ਤ-ਗਰਦਾਂ’ ਤੋਂ ਮੁਕਤ ਕਰਾਉਣ ਦੇ ਨਾਮ ’ਤੇ ਭਾਰਤ ਸਰਕਾਰ ਵਲੋਂ 1984 ਦਾ ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਦਾ ਇਕ ਅਭੁੱਲ ਅਤੇ ਦੁਖਦਾਈ ਘੱਲੂਘਾਰਾ ਹੈ। ਇਸਦੀ ਪੀੜਾ, ਤਕਲੀਫ਼ਾਂ, ਦੁਖ ਅਤੇ ਚੀਸ ਦੇ ਫੱਟ ਸ਼ਾਇਦ ਸਮੇਂ ਨਾਲ ਕੁਝ ਹੱਦ ਤਕ ਪੂਰੇ ਵੀ ਜਾਣ ਪਰ ਇਸ ਹਮਲੇ ਕਾਰਣ ਹੋਏ ਵਿਰਸੇ, ਵਿਰਾਸਤ, ਇਤਿਹਾਸਕ ਯਾਦਾਂ ਅਤੇ ਯਾਦਗਾਰਾਂ ਦੀ ਹੋਈ ਅਜ਼ਮਤ-ਰੇਜ਼ੀ ਅਤੇ ਬਰਬਾਦੀ ਸਦੀਵੀ ਹੈ ਅਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇ ਗੀ। ਇਹ ਵੀ ਤਲਖ਼ ਸੱਚਾਈ ਹੈ ਕਿ ਫ਼ੌਜੀ ਹਮਲੇ ਨੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਪਰਿਸਰ ਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਕਿ ਇਹ ਦੁਸ਼ਮਣ ਦੇ ਖਤਰਨਾਕ ‘ਅੱਡੇ’ ਹੋਣ ਅਤੇ ਇਹੀ ਸਮਝ ਰਾਹ ਵਿਚ ਆਉਂਦੀ ਹਰ ਇਮਾਰਤ, ਵਿਅਕਤੀ, ਯਾਦਗਾਰ, ਪਵਿੱਤਰ ਸਥਾਨ ਨੂੰ ਫ਼ੌਜੀ ਕਾਰਵਾਈ ਵਿਚ ਰੁਕਾਵਟ ਜਾਣ ਉਸ ਨੂੰ ਬੇਦਰਦੀ ਅਤੇ ਭਾਵਨਾ-ਰਹਿਤ ਢੰਗ ਨਾਲ ਬਰਬਾਦ ਕੀਤਾ।  

No comments:

Post a Comment