ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟੈਕਨਾਲੋਜੀ (ਐੱਨ. ਸੀ. ਆਰ. ਟੀ.) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਬਲਿਕ ਕਿਤਾਬਾਂ ਦੀਆਂ (ਪਾਇਰੇਟਿਡ) ਡੁਪਲੀਕੇਟ ਕਿਤਾਬਾਂ ਮਾਰਕੀਟ ਵਿਚ ਧੜੱਲੇ ਨਾਲ ਵਿਕ ਰਹੀਆਂ ਹਨ। ਡੁਪਲੀਕੇਟ ਕਿਤਾਬਾਂ ਦੇ ਕਾਰੋਬਾਰੀਆਂ ਵਲੋਂ ਮਾਪਿਆਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪੰਜਾਬ ਵਿਚ ਸਕੂਲ-ਕਾਲਜਾਂ ਦੀਆਂ ਡੁਪਲੀਕੇਟ ਕਿਤਾਬਾਂ ਦੀ ਜਲੰਧਰ ਇਕ ਵੱਡੀ ਮੰਡੀ ਬਣ ਕੇ ਉਭਰਿਆ ਹੈ। ਜਲੰਧਰ ਦੇ ਮਾਈ ਹੀਰਾਂਗੇਟ ਵਿਚ ਸਥਿਤ ਪੰਜਾਬ ਦੀ ਸਭ ਤੋਂ ਮੁਖ ਹੋਲਸੇਲ ਕਿਤਾਬ ਅਤੇ ਸਟੇਸ਼ਨਰੀ ਮਾਰਕੀਟ ਡੁਪਲੀਕੇਟ ਕਿਤਾਬਾਂ ਦੇ ਕਾਰੋਬਾਰ ਦਾ ਕੇਂਦਰ ਬਿੰਦੂ ਬਣ ਗਈ ਹੈ। ਇਥੋਂ ਪੰਜਾਬ ਦੇ ਨਾਲ-ਨਾਲ ਹਿਮਾਚਲ ਤੇ ਹਰਿਆਣਾ ਸਮੇਤ ਜੰਮੂ-ਕਸ਼ਮੀਰ ਦੇ ਵਪਾਰੀਆਂ ਨੂੰ ਵੀ ਡੁਪਲੀਕੇਟ ਕਿਤਾਬਾਂ ਦੀ ਸਪਲਾਈ ਹੁੰਦੀ ਹੈ। ਡੁਪਲੀਕੇਟ ਕਿਤਾਬਾਂ ਦੇ ਕਾਰੋਬਾਰ ਕਰਨ ਵਾਲੇ ਲੋਕ ਕਿਸੇ ਵੀ ਅਸਲ ਕਿਤਾਬ ਦੇ ਨੈਗੇਟਿਵ ਬਣਾ ਕੇ ਡੁਪਲੀਕੇਟ ਕਿਤਾਬ ਦੀ ਛਪਾਈ ਕਰਵਾ ਲੈਂਦੇ ਹਨ। ਡੁਪਲੀਕੇਟ ਕਿਤਾਬ ਨੂੰ ਪ੍ਰਿੰਟ ਕਰਵਾਉਂਦੇ ਸਮੇਂ ਇਸ ਵਿਚ ਹਲਕੀ ਕੁਆਲਟੀ ਦੇ ਕਾਗਜ਼, ਟਾਈਟਲ ਅਤੇ ਬਾਈਡਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਡੁਪਲੀਕੇਟ ਕਿਤਾਬ ਨੂੰ ਛਾਪਣ ਵਿਚ ਅਸਲੀ ਕਿਤਾਬ ਨੂੰ ਬਣਾਉਣ ਵਿਚ ਹੋਣ ਵਾਲੇ ਆਥਰ ਦੀ ਰਾਇਲਟੀ, ਕੰਪੋਜ਼ਿੰਗ ਸਮੇਤ ਸਾਰੇ ਖਰਚੇ ਵੀ ਬਚ ਜਾਂਦੇ ਹਨ ਜਿਸ ਕਾਰਨ ਕਿਸੇ ਵੀ ਡੁਪਲੀਕੇਟ ਕਿਤਾਬ ਨੂੰ ਬਣਾਉਣ ਦਾ ਖਰਚ ਅਸਲੀ ਕਿਤਾਬ ਨੂੰ ਛਾਪਣ ਦਾ ਲਗਭਗ ਤੀਜਾ ਹਿੱਸਾ ਆਉਂਦਾ ਹੈ ਅਤੇ ਘੱਟ ਖਰਚ 'ਤੇ ਹੂ-ਬ-ਹੂ ਕਿਤਾਬ ਦੇ ਤਿਆਰ ਹੋ ਜਾਣ 'ਤੇ ਛੋਟੇ ਵਪਾਰੀਆਂ ਨੂੰ ਡੁਪਲੀਕੇਟ ਕਿਤਾਬ 60 ਫੀਸਦੀ ਤਕ ਦੀ ਕਮਿਸ਼ਨ 'ਤੇ ਵੇਚੀ ਜਾਂਦੀ ਹੈ। ਉਕਤ ਕਾਰੋਬਾਰ ਦੇ ਸੌਦਾਗਰ ਇਸ ਕਿਤਾਬ ਨੂੰ ਅਸਲ ਕਿਤਾਬ ਦੇ ਭਾਅ 'ਤੇ ਬੱਚਿਆਂ ਤੇ ਮਾਪਿਆਂ ਨੂੰ ਵੇਚ ਕੇ ਚਾਂਦੀ ਲੁੱਟ ਰਹੇ ਹਨ।
ਕਿਤਾਬਾਂ ਖਰੀਦਦੇ ਸਮੇਂ ਬੱਚੇ ਤੇ ਮਾਪੇ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਆਪਣੇ ਬੱਚਿਆਂ ਲਈ ਕਿਤਾਬਾਂ ਖਰੀਦਦੇ ਸਮੇਂ ਮਾਪੇ ਧਿਆਨ ਰੱਖਣ ਕਿ ਐੱਨ.ਸੀ. ਆਰ. ਟੀ. ਦੀ ਕਿਤਾਬ ਦੇ ਹਰ ਸਫੇ ਨੂੰ ਧਿਆਨ ਨਾਲ ਦੇਖਣ 'ਤੇ ਵਾਟਰ ਮਾਰਕ ਦਿਖਾਈ ਦੇਵੇਗਾ ਜਦਕਿ ਜ਼ਿਆਦਾਤਰ ਡੁਪਲੀਕੇਟ ਕਿਤਾਬਾਂ ਦੇ ਸਫਿਆਂ 'ਤੇ ਇਹ ਵਾਟਰ ਮਾਰਕ ਨਹੀਂ ਹੁੰਦਾ। ਇਸ ਤੋਂ ਇਲਾਵਾ ਡੁਪਲੀਕੇਟ ਕਿਤਾਬ ਦਾ ਕਾਗਜ਼, ਪ੍ਰਿੰਟਿੰਗ ਅਤੇ ਬਾਈਡਿੰਗ ਵਿਚ ਭਾਰੀ ਖਾਮੀਆਂ ਦੇਖਣ ਨੂੰ ਮਿਲਣਗੀਆਂ।
No comments:
Post a Comment