Tuesday, 13 March 2012

ਬਾਦਲ ਬਣ ਸਕਦੇ ਨੇ ਦੇਸ਼ ਦੇ ਉੱਪ ਪ੍ਰਧਾਨ ਮੰਤਰੀ

ਪੰਜਾਬ ਦੀ ਧਰਤੀ 'ਤੇ ਪੰਜਵੀਂ ਵਾਰੀ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਮਾਣ ਹਾਸਲ ਹੋ ਗਿਆ ਕਿ ਸੂਬੇ ਦੀ ਵੰਡ ਤੋਂ ਬਾਅਦ ਉਹ ਪੰਜਵੀਂ ਵਾਰੀ ਮੁੱਖ ਮੰਤਰੀ ਬਣ ਰਹੇ ਹਨ।
ਇਹ ਪਲ ਮੋਹਾਲੀ ਲਾਗੇ ਚੱਪੜਚਿੜੀ ਦੇ ਮੈਦਾਨ 'ਚ ਹੋਣ ਵਾਲੇ ਰਾਜ ਪੱਧਰੀ ਸਹੁੰ ਚੁੱਕ ਸਮਾਗਮ 'ਚ ਨਵੀਆਂ ਤੇ ਇਤਿਹਾਸਕ ਪੈੜਾਂ ਛੱਡ ਜਾਣਗੇ ਅਤੇ ਲੱਖਾਂ ਅੱਖਾਂ ਇਸ ਪਲ ਦਾ ਆਨੰਦ ਮਾਣਨਗੀਆਂ। ਪ੍ਰਕਾਸ਼ ਸਿੰਘ ਬਾਦਲ ਦੀ ਰਾਜਸੀ ਕਾਬਲੀਅਤ ਤੇ ਦੂਰਅੰਦੇਸ਼ੀ ਨੂੰ ਦੇਖਦੇ ਹੋਏ ਰਾਜਸੀ ਹਲਕਿਆਂ 'ਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਦੇਸ਼ 'ਚ ਪੂਰੇ ਸਮੇਂ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ, ਦੇਸ਼ 'ਚ ਖੇਤਰੀ ਪਾਰਟੀ ਦਾ ਦਬਦਬਾ ਰਹਿੰਦਾ ਹੈ ਤੇ ਐੱਨ. ਡੀ. ਏ. ਸਰਕਾਰ ਬਣਦੀ ਹੈ ਤਾਂ ਸ. ਬਾਦਲ ਉਸ ਸਰਕਾਰ 'ਚ ਬਤੌਰ ਉਪ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਵਿਚ ਸ. ਬਾਦਲ ਦਾ ਪੂਰਾ ਦਬਦਬਾ ਹੈ। ਸ. ਬਾਦਲ ਵੀ ਭਾਜਪਾ ਦੇ ਨੇਤਾਵਾਂ ਦਾ ਪੂਰਾ ਸਤਿਕਾਰ ਤੇ ਸਨਮਾਨ ਕਰਦੇ ਹਨ ਤੇ ਭਾਜਪਾ ਬਾਦਲ ਦੇ ਲੰਬਾ ਸਮਾਂ ਰਾਜ ਭਾਗ ਦੇ ਤਜਰਬੇ ਤੇ ਕਾਬਲੀਅਤ ਨੂੰ ਦੇਖਦੇ ਹੋਏ ਸ. ਬਾਦਲ ਨੂੰ ਉਪ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸਕਦੀ ਹੈ।
ਰਾਜਸੀ ਮਾਹਿਰਾਂ ਨੇ ਕਿਹਾ ਕਿ ਭਾਵੇਂ ਸ. ਬਾਦਲ ਭਵਿੱਖ 'ਚ ਕੋਈ ਵੀ ਚੋਣਾਂ ਨਾ ਲੜਨ ਬਾਰੇ ਬਿਆਨ ਦੇ ਚੁੱਕੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸ. ਬਾਦਲ ਨੂੰ ਪੰਜਾਬ 'ਚ ਖਾਲੀ ਹੋਣ ਵਾਲੀ ਰਾਜ ਸਭਾ ਦੀ ਸੀਟ ਦੇ ਸਕਦੀ ਹੈ। ਉਸ ਨਾਲ ਉਪ ਪ੍ਰਧਾਨ ਮੰਤਰੀ ਬਣਨ ਲਈ ਰਾਹ ਹੋਰ ਵੀ ਅਸਾਨ ਹੋ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਦੇ ਲਖਤੇ ਜਿਗਰ ਸ. ਸੁਖਬੀਰ ਸਿੰਘ ਬਾਦਲ ਵੀ ਪੰਜਾਬ ਦੇ ਫੁੱਲ ਫਲੈਸ਼ ਚੀਫ ਮਨਿਸਟਰ ਬਣ ਕੇ ਲੋਕਾਂ ਦੀ ਸੇਵਾ ਕਰਨਗੇ।
ਮਾਹਿਰਾਂ ਨੇ ਕਿਹਾ ਕਿ ਜੇਕਰ ਸ. ਬਾਦਲ ਸੱਚਮੁਚ ਉਪ ਪ੍ਰਧਾਨ ਮੰਤਰੀ ਵਾਲੀ ਕੁਰਸੀ ਤਕ ਪੁੱਜ ਗਏ ਤਾਂ ਉਹ ਚੌਧਰੀ ਦੇਵੀ ਲਾਲ ਤੋਂ ਬਾਅਦ ਖੇਤਰੀ ਪਾਰਟੀ ਦੇ ਦੂਜੇ ਨੇਤਾ ਹੋਣਗੇ ਕਿਉਂਕਿ ਚੌਧਰੀ ਦੇਵੀ ਲਾਲ ਹਰਿਆਣੇ 'ਚ ਕਈ ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਣੇ ਸਨ। ਇਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਸ. ਬਾਦਲ ਚੌਧਰੀ ਦੇਵੀ ਲਾਲ ਨੂੰ ਆਪਣੇ ਵੱਡੇ ਭਰਾ ਵਾਂਗ ਮਾਣ-ਸਨਮਾਨ ਦਿੰਦੇ ਸਨ ਅਤੇ ਇਹ ਦੋਵੇਂ ਵੱਡੇ ਨੇਤਾ 1957 ਵਿਚ ਕਾਂਗਰਸ ਦੀ ਟਿਕਟ 'ਤੇ ਅਣਵੰਡੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਚੁਣੇ ਗਏ ਸਨ।

No comments:

Post a Comment