Friday, 16 March 2012

ਪੰਜਾਬੀ ਜਵਾਨੀ : ਚੁਨੌਤੀਆਂ ਭਰਿਆ ਭਵਿੱਖ

'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।' ਇਸ ਅਖਾਣ ਨੂੰ ਓਪਰੀ ਨਜ਼ਰ ਵਾਚਿਆਂ ਲਗਦਾ ਹੈ ਕਿ ਇਸ ਦੇ ਅਰਥ ਵੇਲਾ ਵਿਹਾ ਚੁੱਕੇ ਹਨ। ਨਾ ਹੁਣ ਬਾਹਰਲੇ ਧਾੜਵੀ ਆਉਂਦੇ ਹਨ ਜਿਹੜੇ ਪੰਜਾਬ ਦਾ ਸਾਰਾ ਕੁਝ ਲੁੱਟ-ਪੁੱਟ ਕੇ ਲੈ ਜਾਂਦੇ ਸਨ ਨਾ ਹੀ ਹੁਣ ਰੋਜ਼ ਪੰਜਾਬ ਦੇ ਲੋਕਾਂ ਨੂੰ ਜੰਗ ਦੇ ਮੈਦਾਨ ਵਿਚ ਜਾਣਾ ਪੈਂਦਾ ਹੈ, ਨਾ ਹੀ ਉਧਾਲ਼ੀਆਂ ਧੀਆਂ ਦੀ ਪੱਤ ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ, ਨਾ ਕੋਈ ਅਹਿਮਦ ਸ਼ਾਹ ਅਬਦਾਲੀ ਹੈ ਅਤੇ ਨਾ ਕੋਈ ਨਾਦਰ ਸ਼ਾਹ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਪੰਜਾਬ ਦੀ ਕੁੱਲ ਲੁਕਾਈ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰੀ ਪਈ ਹੈ ਉਸ ਤੋਂ ਤਾਂ ਇਹੀ ਲਗਦਾ ਹੈ ਕਿ ਅਸੀਂ ਅੱਜ ਵੀ ਆਪਣੇ-ਆਪ ਨੂੰ ਮੱਧ-ਕਾਲ ਵਿਚ ਖੜ੍ਹੇ-ਖੜੋਤੇ, ਲੁੱਟੇ-ਪੁੱਟੇ ਮਹਿਸੂਸ ਕਰ ਰਹੇ ਹਾਂ, ਅਤੇ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਦੀ ਤਰ੍ਹਾਂ ਪੰਜਾਬੀ ਜਨ-ਹਿੱਤ ਲਈ ਲੜਨ-ਮਰਨ ਵਾਲਾ ਪੰਜਾਬੀ ਨੌਜਵਾਨ ਵਰਗ ਖ਼ੁਦ ਹੀ ਨਿਰਾਸ਼ਾਵਾਦੀ ਦੌਰ ਵਿਚੋਂ ਗੁਜ਼ਰ ਰਿਹਾ ਹੈ।



ਪੰਜਾਬੀ ਜਵਾਨੀ ਨੇ 'ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ' ਦੀ ਗੱਲ 'ਤੇ ਹਮੇਸ਼ਾ ਪਹਿਰਾ ਦਿੱਤਾ ਹੈ! ਭਾਵੇਂ ਮੱਧਕਾਲ ਵਿਚ ਬਾਹਰੀ ਹਮਲਾਵਰਾਂ ਨਾਲ ਲੋਹਾ ਲੈਣ ਦੀ ਗੱਲ ਹੋਵੇ ਅਤੇ ਚਾਹੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਦੀ ਗੱਲ ਹੋਵੇ, ਪੰਜਾਬ ਦੀ ਧਰਤੀ ਹਮੇਸ਼ਾ ਭਗਤ ਸਿੰਘ ਪੈਦਾ ਕਰਦੀ ਰਹੀ ਹੈ। ਅਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਖ਼ਾਤਰ ਸ਼ਹੀਦ ਹੋਣ ਵਾਲੇ ਸਿਪਾਹੀਆਂ ਵਿਚ ਪੰਜਾਬੀ ਜਵਾਨ ਪਹਿਲੇ ਨੰਬਰ 'ਤੇ ਰਹੇ ਹਨ ਪਰ ਹੁਣ ਬੇਰੁਜ਼ਗਾਰੀ ਤੇ ਨਸ਼ੇ ਵਰਗੀਆਂ ਅਲਾਮਤਾਂ ਅੱਗੇ ਪੰਜਾਬੀ ਜਵਾਨੀ ਬੇਵਸ ਹੋਈ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਪੁਲਿਸ ਦੀਆਂ ਡਾਂਗਾਂ ਖਾਂਦੇ ਬੇਰੁਜ਼ਗਾਰਾਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਪੜ੍ਹਨ ਵਾਲੇ ਦੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਜਾਂਦਾ ਹੈ ''ਵਿਚਾਰੇ।" ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਅਣਖੀ ਤੋਂ ਵਿਚਾਰੀ ਬਣਾ ਦਿੱਤੀ ਹੈ ਪੰਜਾਬੀ ਕੌਮ ਨੂੰ!



ਪਿਛਲੇ ਦਿਨੀਂ ਨੌਜਵਾਨ ਅਧਿਆਪਕਾਂ ਵਲੋਂ ਆਪਣੇ-ਆਪ ਨੂੰ ਅੱਗ ਲਗਾ ਕੇ ਕੀਤੇ ਵਿਰੋਧ-ਪਰਦਰਸ਼ਨ ਨੂੰ ਜਿਸ ਕਿਸੇ ਨੇ ਵੀ ਟੀ.ਵੀ. ਉੱਤੇ ਦੇਖਿਆ ਉਸ ਦਾ ਮਨ ਦਹਿਲ ਗਿਆ। ਉਸ ਤੋਂ ਬਾਅਦ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਕੰਪਿਊਟਰ ਅਧਿਆਪਕ ਵੀ ਸਰਕਾਰ ਨੂੰ ਆਤਮ-ਹੱਤਿਆ ਦੀ ਚੇਤਾਵਨੀ ਦੇ ਚੁੱਕੇ ਹਨ। ਜਲ ਸਪਲਾਈ ਮਹਿਕਮੇ ਦੇ ਮੁਲਾਜ਼ਮ ਵੀ ਟੈਂਕੀ ਤੇ ਚੜ੍ਹ ਕੇ ਆਪਣੇ-ਆਪ ਨੂੰ ਪੈਟਰੌਲ ਪਾ ਕੇ ਅੱਗ ਲਾਉਣ ਦੀ ਗੱਲ ਕਰ ਰਹੇ ਹਨ। ਅਣਖ ਤੇ ਹਮੇਸ਼ਾ ਚੜ੍ਹਦੀ ਕਲਾ ਦੀ ਪ੍ਰਤੀਕ ਪੰਜਾਬੀ ਜਵਾਨੀ ਨੂੰ ਵੀ ਆਤਮ-ਹੱਤਿਆ ਦੇ ਰਾਹ 'ਤੇ ਚਲਦਿਆਂ ਵੇਖ ਕੇ ਹਰ ਪੰਜਾਬੀ ਸੋਚਣ ਲਈ ਮਜਬੂਰ ਹੋ ਗਿਆ ਕਿ ਅਸੀਂ ਕਿਸ ਭਿਆਨਕ ਦੌਰ ਵਿਚੋਂ ਗੁਜ਼ਰ ਰਹੇ ਹਾਂ, ਜਿਸ ਵਿਚ ਇਕ ਰੇਹੜੀ ਵਾਲੇ ਤੋਂ ਲੈ ਕੇ ਕਿਸਾਨ ਅਤੇ ਅਧਿਆਪਕ ਤੱਕ ਨਿੰਦਣਯੋਗ ਵਰਤਾਰੇ ਆਤਮ ਹੱਤਿਆ ਲਈ ਮਜਬੂਰ ਹੋ ਰਹੇ ਹਨ। ਕੁੱਲ ਦਾ ਰਾਖਾ, ਭਾਰਤ ਦੀ ਖੜਗ ਭੁਜਾ ਬਣ ਕੇ ਕੁਰਬਾਨੀਆਂ ਦੇਣ ਵਾਲਾ ਪੰਜਾਬੀ ਆਤਮ ਦਾਹ ਜਿਹਾ ਗਿਲਾਨੀ ਭਰਿਆ ਕੰਮ ਕਰ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ?



ਪੰਜਾਬ ਦਾ ਨੌਜਵਾਨ ਵਰਗ ਹਤਾਸ਼ ਤੇ ਨਿਰਾਸ਼ ਹੋ ਚੁੱਕਿਆ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੇ ਪੜ੍ਹ ਲਿਖ ਕੇ ਕੋਈ ਗਲਤੀ ਕਰ ਲਈ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਵਰਗ ਦੀ ਜੋ ਐਮ.ਏ., ਐਮ.ਫਿਲ., ਪੀ.ਐਚ.ਡੀ. ਵਰਗੀਆਂ ਡਿਗਰੀਆਂ ਨਾਲ ਝੋਲੇ ਭਰੀ ਫਿਰਦੇ ਹਨ। ਪਰ ਪੰਜਾਬ ਦੀ ਹਰ ਜਗ੍ਹਾ ਉਨ੍ਹਾਂ੬ ਦਾ ਸ਼ੋਸ਼ਣ ਹੋ ਰਿਹਾ ਹੈ। ਪਹਿਲਾਂ ਸਰਕਾਰ ਦੇ ਆਪਣੇ ਸਰਕਾਰੀ ਕਾਲਜਾਂ ਦੀ ਹੀ ਗੱਲ ਕਰਦੇ ਹਾਂ ਜਿਥੇ ੧੩-੧੪ ਸਾਲਾਂ ਤੋਂ ਕੋਈ ਪੱਕੀ ਭਰਤੀ ਨਹੀਂ ਹੋਈ। ਯੂ ਜੀ ਸੀ ਦੇ ਸੋਧੇ ਹੋਏ ਸਕੇਲ ਕਾਰਨ ਇਕ ਪੱਕੇ ਕਾਲਜ ਲੈਕਚਰਾਰ ਦੀ ਤਨਖਾਹ ੬੦ ਹਜ਼ਾਰ ਤੋਂ ੮੫ ਹਜ਼ਾਰ ਪ੍ਰਤੀ ਮਹੀਨਾ ਤੱਕ ਦਿੱਤੀ ਜਾਂਦੀ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਰੱਖੇ ਗੈਸਟ ਫੈਕਲਟੀ ਲੈਕਚਰਾਰ (ਜਿਨ੍ਹਾਂ ਦਾ ਸ਼ੋਸ਼ਣ ਕਰਨ ਲਈ ਹਰ ਪੰਜ ਸਾਲ ਬਾਅਦ ਨਾਂ ਤਬਦੀਲ ਕਰ ਦਿੱਤਾ ਜਾਂਦਾ ਹੈ ਕਦੇ ਐਡਹਾਕ ਤੇ ਕਦੇ ਪਾਰਟ ਟਾਈਮ) ਨੂੰ ਸਾਰੇ ਸਾਲ ਵਿਚ ਕੇਵਲ ੪੫-੫੦ ਹਜ਼ਾਰ ਮਿਲਦਾ ਹੈ, ਭਾਵ ਕਿ ੩੦੦੦ ਤੋਂ ੩੫੦੦ ਮਹੀਨੇ ਦਾ। ਉਸੇ ਸੀਟ ਤੇ ਕੰਮ ਕਰਦੇ ਇਕ ਵਿਅਕਤੀ ਦੀ ਤਨਖਾਹ ੮੫ ਹਜ਼ਾਰ ਰੁਪਈਆਂ ਤੇ ਦੂਜੇ ਦੀ ਕੇਵਲ ੩੫੦੦ ਰੁਪਿਆ। ਅਧਿਆਪਕ ਦੇ ਮਨ ਵਿਚ ਖੁਦਕੁਸ਼ੀ ਵਰਗੇ ਵਿਚਾਰ ਨਹੀਂ ਆਉਣਗੇ ਤਾਂ ਹੋਰ ਕੀ ਹੋਵੇਗਾ। ੩੫੦੦ ਰੁਪਏ ਵਿਚ ਇਕ ਕਾਲਜ ਅਧਿਆਪਕ ਆਪਣਾ ਘਰ ਚਲਾ ਰਿਹਾ ਇਸ ਤੋਂ ਵਧ ਤ੍ਰਾਸਦੀ ਕੀ ਹੋ ਸਕਦੀ ਹੈ? ਉਹ ਵੀ ਸਰਕਾਰ ਆਪਣੇ ਖਜਾਨੇ ਵਿਚੋਂ ਨਹੀਂ ਦੇ ਰਹੀ। ਸਰਕਾਰੀ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ ਜੋ ਅਕਸਰ ਗਰੀਬ ਵਰਗ ਨਾਲ ਸੰਬੰਧਿਤ ਹੁੰਦੇ ਹਨ ਤੋਂ ਪੀ.ਟੀ.ਏ. ਫੰਡ ਦੇ ਰੂਪ ਵਿਚ ਪੈਸੇ ਇਕੱਠੇ ਕਰਕੇ ਅਧਿਆਪਕਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ। ਇਹਨਾਂ ਅਧਿਆਪਕਾਂ ਨੂੰ ਜੁਲਾਈ ਜਾਂ ਅਗਸਤ ਵਿਚ ਸੱਦਿਆ ਜਾਂਦਾ ਹੈ ਫਿਰ ਜਦੋਂ ਦਸੰਬਰ ਦੇ ਟੈਸਟ ਹੁੰਦੇ ਹਨ ਤਾਂ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਜਨਵਰੀ-ਫਰਵਰੀ ਵਿਚ ਫਿਰ ਸੱਦਿਆਂ ਜਾਂਦਾ ਹੈ ਅਤੇ ਦੋ ਮਹੀਨੇ ਪੜ੍ਹਾਉਣ ਤੋਂ ਬਾਅਦ ਜਦੋਂ ਸਿਲੇਬਸ ਖਤਮ ਹੋ ਜਾਂਦੇ ਤਾਂ ਫਿਰ ਘਰ ਬਠਾ ਦਿੱਤਾ ਜਾਂਦਾ ਹੈ । ਜਦੋਂ ਕਿ ਉਹਨਾਂ ਨਾਲ ਦੇ ਹੀ ਕੱਚੇ ਅਧਿਆਪਕ (ਪਾਰਟ ਟਾਈਮ) ਬਾਰਾਂ ਮਹੀਨੇ ਬੇਸਿਕ ਤਨਖਾਹ ਲੈਂਦੇ ਹਨ। ਗੈਸਟ ਫੈਕਲਟੀ ਅਧਿਆਪਕਾਂ ਦੀ ਵੱਧ ਤੋਂ ਵੱਧ ਸੱਤ ਹਜ਼ਾਰ ਪ੍ਰਤੀ ਮਹੀਨਾ ਦੀ ਰਕਮ ੧੪ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਬਾਕੀ ਸਾਰਾ ਮਹੀਨਾ ਸਰਕਾਰ ਇਹਨਾਂ ਤੋਂ ਮੁਫ਼ਤ ਕੰਮ ਕਰਵਾਉਂਦੀ ਹੈ। ਇੱਥੇ ਹੀ ਬੱਸ ਨਹੀਂ। ਇਨ੍ਹਾਂ ਅਧਿਆਪਕਾਂ ਦਾ ਕੰਮ ਕਰਨ ਦਾ ਤਜਰਬਾ ਵੀ ਕਿਤੇ ਕੰਮ ਨਹੀਂ ਆਉਂਦਾ। ਖੁਦ ਬਹੁਤ ਘੱਟ ਗੈਸਟ ਫੈਕਲਟੀ ਕਾਲਜ ਅਧਿਆਪਕ ਇਹ ਗੱਲ ਜਾਣਦੇ ਹਨ ਕਿ ਉਹਨਾਂ ਦਾ ਗੈਸਟ ਫੈਕਲਟੀ ਅਧਿਆਪਕ ਦਾ ਤਜਰਬਾ ਸਰਟੀਫਿਕੇਟ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਹੋਰ ਅਦਾਰਿਆਂ ਵਿਚ ਮੰਨਣਯੋਗ ਹੀ ਨਹੀਂ ਹੈ। ਕਿਸੇ ਸਰਕਾਰੀ ਕਾਲਜ ਵਿਚ ਪੰਜ-ਸੱਤ ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਉਸ ਨੂੰ ਇਹ ਗੱਲ ਪਤਾ ਲਗਦੀ ਤਾਂ ਉਹ ਮਹਿਸੂਸ ਕਰਦਾ ਹੈ ਮੱਧਕਾਲ ਦਾ ਅਹਿਮਦ ਸ਼ਾਹ ਅਬਦਾਲੀ ਫਿਰ ਆਇਆ ਤੇ ਸਭ ਕੁਝ ਲੁੱਟ ਪੁੱਟ ਕੇ ਲੈ ਗਿਆ। ਸਰਕਾਰੀ ਕਾਲਜ ਵਿਚ ਪੜ੍ਹਾ ਰਹੇ ਅਧਿਆਪਕਾਂ ਦਾ ਇਹ ਹਾਲ ਹੈ ਤਾਂ ਪ੍ਰਾਈਵੇਟ ਕਾਲਜਾਂ ਦੇ ਕੱਚੇ ਅਧਿਆਪਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਦੱਸਣ ਦੀ ਲੋੜ ਨਹੀਂ। ਜੋ ਛੇ ਮਹੀਨਿਆਂ ਦੀ ਨੌਕਰੀ ਲਈ ਵੀ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਤੇ ਫਿਰ ਮੰਗਣ ਵਾਲਿਆਂ ਵਾਂਗੂੰ ਜਿੰਨੇ ਕੋਈ ਦੇ ਦੇਵੇ ਉਸ ਤੇ ਗੁਜ਼ਾਰਾ ਕਰਨਾ ਪੈਂਦਾ ਹੈ। ਕਈ ਨਿੱਜੀ ਕਾਲਜ (ਸਾਰੇ ਨਹੀਂ) ਜੋ ਹਰ ਸਾਲ ਕੱਚੀਆਂ ਪੋਸਟਾਂ ਕੱਢਦੇ ਹਨ ਬੇਰੁਜ਼ਗਾਰ ਉਮੀਦਵਾਰਾਂ ਤੋਂ ਤਿੰਨ ਸੌ ਤੋਂ ਪੰਜ ਸੌ ਰੁਪਇਆ ਇਕੱਠਾ ਕਰ ਕੇ ਬਾਅਦ ਵਿਚ ਕਈ ਵਾਰ ਕੋਈ ਇੰਟਰਵਿਊ ਤੱਕ ਨਹੀਂ ਕਰਦੇ। ਸਭ ਤੋਂ ਵਧ ਪੜ੍ਹੇ-ਲਿਖੇ ਲੋਕ ਵਿਚਾਰੇ ਫਿਰ ਲੁੱਟੇ-ਪੁੱਟੇ ਜਾਂਦੇ ਹਨ।



ਪੰਜਾਬ ਦੇ ਬੇਰੁਜ਼ਗਾਰ ਸਕੂਲ ਅਧਿਆਪਕ ਤੇ ਠੇਕੇ 'ਤੇ ਰੱਖੇ ਅਧਿਆਪਕ ਵੀ ਰੋਜ਼ ਮਾਨਸਿਕ ਤਸੀਹੇ ਝੱਲਦੇ ਹਨ। ਠੇਕੇ 'ਤੇ ਅਧਿਆਪਕ ਰੱਖਣ ਦਾ ਕੋਈ ਵੀ ਕਾਰਨ ਤਰਕ ਸੰਗਤ ਨਹੀਂ ਹੈ। ਸਰਕਾਰ ਦਾ ਇਹ ਕਹਿਣਾ ਕਿ ਪੱਕੇ ਰੱਖੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ। ਤਾਂ ਕੀ ਸਰਕਾਰ ਇਹ ਕਹਿ ਰਹੀ ਹੈ ਕਿ ਪੱਕੇ ਅਧਿਆਪਕ ਕੰਮਚੋਰ ਹਨ? ਫਿਰ ਉਹਨਾਂ ਦੇ ਸੇਵਾ ਕਾਲ ਵਿਚ ਵਾਧਾ ਕਿਉਂ ਕੀਤਾ ਜਾ ਰਿਹਾ ਹੈ? ਕੀ ਉਹਨਾਂ ਦੀ ਗ਼ਲਤੀ ਦੀ ਸਜ਼ਾ ਬੇਰੁਜ਼ਗਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ? ਜੇ ਸਰਕਾਰ ਦੇ ਸਾਰੇ ਕਾਰਨ ਮੰਨ ਵੀ ਲਈਏ ਤਾਂ ਠੇਕੇ 'ਤੇ ਰੱਖੇ ਅਧਿਆਪਕ ਨੂੰ ਪੂਰੀ ਤਨਖਾਹ ਤੇ ਸਾਰੀਆਂ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਕੀ ਉਹਨਾਂ ਦੀ ਯੋਗਤਾ ਘੱਟ ਹੈ? ਠੇਕੇ 'ਤੇ ਰੱਖੇ ਅਧਿਆਪਕ ਨੂੰ ੪੫੦੦ ਰੁ. ਮਹੀਨਾ ਪੈਸੇ ਦਿੱਤੇ ਜਾਂਦੇ ਹਨ ਜੋ ਇਕ ਮਜ਼ਦੂਰ ਦੀ ਦਿਹਾੜੀ ਤੋਂ ਵੀ ਘੱਟ ਬਣਦੇ ਹਨ। ਜਿਥੋਂ ਤੱਕ ਸਰਕਾਰੀ ਸਕੂਲਾਂ ਦੀ ਮੰਦੀ ਹਾਲਤ ਦਾ ਸਵਾਲ ਹੈ ਉਸ ਲਈ ਅਧਿਆਪਕ ਤੋਂ ਵੱਧ ਸਰਕਾਰ ਜਿੰਮੇਵਾਰ ਹੈ। ਇਸ ਲਈ ਠੇਕੇ ਵਾਲੀ ਨੀਤੀ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ। ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਹੋਵੇਗੀ ਕਿ ਉਹ ਲੋਕਾਂ ਦੀ ਚੁਣੀ ਸਰਕਾਰ ਹੈ ਜਾਂ ਕੋਈ ਠੇਕੇਦਾਰ !



ਪੰਜਾਬ ਦੇ ਸਿੱਖਿਆ ਖੇਤਰ ਦਾ ਨਿੱਜੀਕਰਨ ਕਰਨਾ ਵੀ ਲੋਕ ਵਿਰੋਧੀ ਵਰਤਾਰਾ ਹੈ ਕਿਉਂਕਿ ਨਿੱਜੀਕਰਨ ਦੇ ਵਿਚ ਹਮੇਸ਼ਾ ਨਿੱਜ ਹਿੱਤ ਹੁੰਦਾ ਹੈ ਨਾ ਕਿ ਲੋਕ ਹਿੱਤ। ਨਿੱਜੀ ਸਕੂਲਾਂ ਦੇ ਅਧਿਆਪਕਾਂ ਦਾ ਜੋ ਮਾਨਸਿਕ ਤੇ ਆਰਥਿਕ ਸ਼ੋਸ਼ਣ ਹੁੰਦਾ ਹੈ ਉਸ ਦੇ ਚਲਦੇ ਅਸੀਂ ਆਦਰਸ਼ ਸਮਾਜ ਦੀ ਕਲਪਨਾ ਤੱਕ ਨਹੀਂ ਕਰ ਸਕਦੇ। ਸਰਕਾਰ ਦਾ ਬੇਹਿਸਾਬੇ ਨਿੱਜੀ ਸਕੂਲ ਤੇ ਕਾਲਜ ਖੋਲ੍ਹਣ ਦੀ ਇਜਾਜ਼ਤ ਦੇਣਾ ਕਿਹੜੀ ਨੀਤੀ ਦਾ ਹਿੱਸਾ ਹੈ? ਇਹ ਗੱਲ ਸਮਝ ਤੋਂ ਬਾਹਰ ਹੈ। ਕਿਤੇ ਇਨ੍ਹਾਂ ਦਾ ਮਕਸਦ ਸਰਮਾਏਦਾਰ ਲੋਕਾਂ ਦੀਆਂ ਜੇਬਾਂ ਭਰਨਾ ਤਾਂ ਨਹੀਂ? ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨਿੱਜੀ ਸਕੂਲਾਂ ਵਿਚੋਂ ਸਕੂਲ ਘੱਟ ਤੇ ਦੁਕਾਨਦਾਰੀਆਂ ਵੱਧ ਹਨ। ਸਰਕਾਰ ਨੇ ਸਕੂਲ ਅਧਿਆਪਕ ਤਿਆਰ ਕਰਨ ਲਈ ਕੁਝ ਸਾਲਾਂ ਵਿਚ ਹੀ ਬੀ.ਐਡ. ਕਾਲਜਾਂ ਦੀ ਗਿਣਤੀ ਕਈ ਗੁਣਾ ਕਰ ਦਿੱਤੀ ਹੈ। ੧੬੩ ਦੇ ਕਰੀਬ ਬੀ.ਐਡ ਕਾਲਜ ਹਰ ਸਾਲ ਹਜ਼ਾਰਾਂ ਅਧਿਆਪਕ ਪੈਦਾ ਕਰਦੇ ਹਨ। ਪੰਜਾਬ ਤੋਂ ਬਾਹਰੋਂ ਬੀ.ਐਡ. ਕਰਨ ਵਾਲਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ। ਪੰਜਾਬ ਵਿਚ ਹਰ ਸਾਲ ੩੦ ਹਜ਼ਾਰ ਦੇ ਕਰੀਬ ਬੇਰੁਜ਼ਗਾਰ ਸਕੂਲ ਅਧਿਆਪਕ ਤਿਆਰ ਹੋ ਰਹੇ ਹਨ। ਪੰਜਾਬ ਦੇ ੩੮ ਇੰਜੀਨੀਅਰ ਕਾਲਜ ੯੪੫੫ ਇੰਜੀਨੀਅਰ, ੨੨ ਲਾਅ ਕਾਲਜ ੩੦੪੮ ਵਕੀਲ, ੫੭ ਐਮ. ਬੀ. ਏ. ਤੇ ਬੀ. ਬੀ. ਏ. ਕਾਲਜ ੨੦੦੦ ਬਿਜ਼ਨਸ ਮਾਹਿਰ , ੨੫ ਐਮ. ਸੀ. ਏ. ਕਾਲਜ ੧੮੦੦ ਕੰਪਿਊਟਰ ਮਾਹਿਰ, ੩੫੫ ਬੀ.ਏ. ਪੱਧਰ ਦੇ ਕਾਲਜ ੪੪੦੦੦ ਕਲਾ ਵਿਚ ਨਿਪੁੰਨ ਵਿਦਿਆਰਥੀ, ਐਮ.ਏ. ਪੱਧਰ ਦੇ 75 ਕਾਲਜ ੧੬੦੩੨ ਕਲਾ ਵਿਚ ਮਾਸਟਰ ਹਰ ਸਾਲ ਪੈਦਾ ਕਰ ਰਹੇ ਹਨ। ਇਨ੍ਹਾਂ ਵਿਚੋਂ ਕਿੰਨੇ ਨਿਪੁੰਨ ਵਿਦਿਆਰਥੀਆਂ ਨੂੰ ਹਰ ਸਾਲ ਸਰਕਾਰ ਨੌਕਰੀਆਂ ਦੇ ਰਹੀ ਹੈ? ਰੋਜ਼ਗਾਰ ਦਫ਼ਤਰ ਪੰਜਾਬ ਅਨੁਸਾਰ ਸਾਲ ੨੦੦੮ ਵਿਚ ਦਸਵੀਂ ਪਾਸ ਫ੍ਰੈਸ਼ਰਜ ੧,੪੯,੩੭੪, ਬਾਰ੍ਹਵੀਂ ਪਾਸ ਫ੍ਰੈਸ਼ਰਜ ੬੭,੦੬੦, ਬੀ.ਏ. ਪਾਸ ਫ੍ਰੈਸ਼ਰਜ ੨੧੪੬੫, ਐਮ.ਏ. ਪਾਸ ਫ੍ਰੈਸ਼ਰਜ ੮੯੮੪, ਡਿਗਰੀ ਇੰਜੀਨੀਅਰ ੭੪੦, ਡਿਪਲੋਮਾ ਇੰਜੀਨੀਅਰ ੪੮੯੯, ਆਈ.ਟੀ.ਆਈ. ਤਜਰਬੇ ਵਾਲੇ ੨੮੯੫੮, ਡਾਕਟਰ ੩੦੭, ਖੇਤੀਬਾੜੀ ਮਾਹਿਰ ੧੦੮, ਐਮ.ਐਡ. ਤੇ ਬੀ.ਐਡ. ਪਾਸ ੨੬੩੦੫ ਤੇ ਹੋਰ ੩੦੦੦ ਪੜੇ-ਲਿਖੇ ਬੇਰੁਜ਼ਗਾਰ ਸਨ। ਨਿੱਜੀ ਅੰਕੜਿਆਂ ਅਨੁਸਾਰ ਇਨ੍ਹਾਂ ਦੀ ਗਿਣਤੀ ਕਈ ਗੁਣਾਂ ਹੈ। ਪੰਜਾਬ ਰੁਜ਼ਗਾਰ ਦਫ਼ਤਰ ਵੀ ਹੁਣ ਕੇਵਲ ਦਿਖਾਵਾ ਰਹਿ ਗਏ ਹਨ ਹੁਣ ਬੇਰੁਜ਼ਗਾਰ ਇਥੇ ਨਾਂ ਦਰਜ ਕਰਵਾਉਣਾ ਸਮਾਂ ਬਰਬਾਦ ਕਰਨਾ ਸਮਝਦੇ ਹਨ। ੧੯੯੦ ਵਿਚ ਹੁਨਰਮੰਦ ਤੇ ਗ਼ੈਰ-ਹੁਨਰਮੰਦ ੬੫੯੨੫੦ ਬੇਰੁਜ਼ਗਾਰਾਂ ਨੇ ਆਪਣਾ ਨਾਂ ਦਰਜ ਕਰਵਾਇਆ। ੨੦੦੭ 'ਚ ਇਹਨਾਂ ਦੀ ਗਿਣਤੀ ੪੩੭੬੧੭ ਰਹਿ ਗਈ ਸੀ ਜਦੋਂ ਕਿ ਬੇਰੁਜ਼ਗਾਰਾਂ ਦੀ ਗਿਣਤੀ ੨੫ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਪੰਜਾਬ ਦੇ ਬੇਰੁਜ਼ਗਾਰਾਂ ਲਈ ਇਕ ਵੀ ਪੱਕੀ ਨੌਕਰੀ ਨਹੀਂ!



ਪੰਜਾਬੀ ਨੌਜਵਾਨਾਂ ਦੀ ਤ੍ਰਾਸਦਿਕ ਸਥਿਤੀ ਵਿਦੇਸ਼ਾਂ ਵਿਚ ਵੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ। ਜਦੋਂ ਅੱਕੇ-ਥੱਕੇ ਬੇਰੁਜ਼ਗਾਰ ਹੀਲਾ-ਵਸੀਲਾ ਕਰਕੇ ਵਿਦੇਸ਼ ਜਾਂਦੇ ਹਨ ਤਾਂ ਉੱਥੇ ਵੀ ਬਹੁਤ ਸਾਰੇ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਬੈਠੇ ਹਨ ਜੋ ਕਦੇ ਲੁੱਟਦੇ ਹਨ ਤੇ ਕਦੇ ਕੁੱਟਦੇ ਹਨ, ਅਤੇ ਉਨ੍ਹਾਂ ਦਾ ਸ਼ਿਕਾਰ ਹੋਈਆਂ ਪਤਾ ਨਹੀਂ ਕਿੰਨੀਆਂ ਕੁ ਲਾਸ਼ਾਂ ਜਾਂ ਜਿਉਂਦੀਆਂ ਲਾਸ਼ਾਂ ਪੰਜਾਬ ਵਾਪਸ ਆ ਚੁੱਕੀਆਂ ਹਨ। ਆਸਟਰੇਲੀਆ ਦੀ ਵਿਕਟੋਰੀਆ ਪੁਲਸ ਕਮਿਸ਼ਨਰ ਓਵਰਲੈਂਡ ਨੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਹਮਲਿਆਂ ਤੋਂ ਬਚਣਾ ਹੈ ਤਾਂ 'ਗ਼ਰੀਬ' ਬਣ ਕੇ ਰਹਿਣ। ਇਹ ਸਲਾਹ ਸਾਰਾ ਕੁਝ ਬਿਆਨ ਕਰਦੀ ਹੈ। ਪਰ ਸਾਡੇ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਦੇਸ਼ਾਂ ਵਿਚ ਪੜ੍ਹਨ ਜਾਣ ਦਾ ਤਾਂ ਕੇਵਲ ਇਕ ਬਹਾਨਾ ਹੈ, ਅਸਲੀ ਮਕਸਦ ਤਾਂ ਕੰਮ ਦੀ ਤਲਾਸ਼ ਹੈ। ਮੇਰੇ ਇਕ ਬੇਰੁਜ਼ਗਾਰ ਈ.ਟੀ.ਟੀ. ਦੋਸਤ ਦਾ ਆਸਟਰੇਲੀਆ ਪੜ੍ਹਨ ਵਾਸਤੇ ਵੀਜ਼ਾ ਲੱਗਾ। ਮੈਂ ਉਸ ਨਾਲ ਉੱਥੋਂ ਦੇ ਹਾਲਾਤ ਬਾਰੇ ਚਿੰਤਾ ਜਿਤਾਈ ਤਾਂ ਉਸ ਨੇ ਕਿਹਾ ''ਯਾਰ ਇਥੇ ਪੰਜਾਬ ਪੁਲਿਸ ਤੋਂ ਕੁੱਟ ਖਾਈ ਦੀ ਆ ਉਥੇ ਜਾ ਕੇ ਗੋਰਿਆ ਤੋਂ ਖਾ ਲਵਾਂਗੇ૴ਘੱਟੋ-ਘੱਟ ਵਿਹਲੇ ਤਾਂ ਨਹੀਂ ਰਹਾਂਗੇ।" ਉਸ ਦੀ ਮਜ਼ਾਕ ਦੇ ਲਹਿਜ਼ੇ ਵਿਚ ਕਹੀ ਗੱਲ ਵਿਚ ਵੀ ਡੂੰਘਾ ਦਰਦ ਸੀ। ਮੇਰਾ ਇਕ ਹੋਰ ਮਿੱਤਰ ਜੋ ਐਮ.ਸੀ.ਏ. ਕਰਨ ਤੋਂ ਬਾਅਦ ਇਟਲੀ ਗਿਆ। ਇਕ ਦੋ ਮਹੀਨੇ ਜਦੋਂ ਉਸ ਦੀ ਕੋਈ ਖ਼ਬਰ ਸਾਰ ਨਾ ਆਈ ਤਾਂ ਬੜੀ ਮੁਸ਼ਕਲ ਨਾਲ ਲੱਭੇ ਨੰਬਰ ਤੇ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਕੰਪਿਊਟਰ ਸਾਫ਼ਟਵੇਅਰ ਦਾ ਹੀ ਕੰਮ ਲੱਭ ਪਿਆ ਹੈ। ਪਰ ਫ਼ੋਨ ਵਿਚ ਪਿਛਿਓਂ ਭੇਡਾਂ ਦੀਆਂ ਆਵਾਜ਼ਾਂ ਆਉਣ ਤੇ ਮੈਨੂੰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਮੇਰਾ ਕੰਪਿਊਟਰ ਮਾਹਿਰ ਦੋਸਤ ਉੱਥੇ ਭੇਡਾਂ ਚਾਰਨ ਦਾ ਕੰਮ ਕਰਦਾ ਹੈ। ਪਰ ਮੈਂ ਉਸ ਦੀ ਝੂਠੀ ਖੁਸ਼ੀ ਵਿਚ ਸ਼ਾਮਿਲ ਹੋਣਾ ਹੀ ਠੀਕ ਸਮਝਿਆ ਤੇ ਉਸ ਨੂੰ ਮੁਬਾਰਕਬਾਦ ਦੇ ਕੇ ਫੋਨ ਕੱਟ ਦਿੱਤਾ।



ਜੇ ਸਾਡੇ ਕੁਝ ਸਿੱਖਿਅਤ ਮਾਹਿਰਾਂ ਨੂੰ ਵਿਦੇਸ਼ਾਂ ਵਿਚ ਵਧੀਆ ਕੰਮ ਮਿਲਦਾ ਵੀ ਹੈ ਤਾਂ ਇਸ ਵਿਚ ਵੀ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਕ ਡਾਕਟਰ, ਇੰਜੀਨੀਅਰ, ਕੰਪਿਊਟਰ ਮਾਹਿਰ, ਅਧਿਆਪਕ ਨੂੰ ਤਿਆਰ ਕਰਨ ਵਿਚ ਲੱਖਾਂ ਰੁਪਏ ਲਗਦੇ ਹਨ ਤੇ ਵੀਹ-ਪੱਚੀ ਸਾਲ ਦਾ ਸਮਾਂ। ਅਸੀਂ ਬਾਹਰਲੇ ਦੇਸ਼ਾਂ ਨੂੰ ਆਪਣੀ ਮਿਹਨਤ ਤੇ ਪੈਸੇ ਨਾਲ ਉੱਨਤ ਕਰ ਰਹੇ ਹਾਂ । ਕੀ ਸਾਡੇ ਦੇਸ਼ ਵਿਚ ਇਸ ਪੜ੍ਹਾਈ ਤੇ ਪੜ੍ਹਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ? ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਆਪਣੇ ਦੇਸ਼ ਦੇ ਵਿਦਿਆਰਥੀਆਂ ਨੂੰ ਭਾਰਤੀ ਵਿਦਿਆਰਥੀਆਂ ਦੀ ਉਦਾਹਰਨ ਦਿੱਤੀ ਕਿ ਤੁਸੀਂ ਭਾਰਤੀ ਵਿਦਿਆਰਥੀਆਂ ਵਾਂਗੂੰ ਪੜ੍ਹੋ ਜੋ ਪੜ੍ਹਨ ਲਈ ਕੁਝ ਵੀ ਕਰਨ ਲਈ ਤਿਆਰ ਹਨ। ਪਰ ਸਾਡੀਆਂ ਸਰਕਾਰਾਂ ਤੋਂ ਇਸ ਪੜ੍ਹੇ ਲਿਖੇ ਵਰਗ ਬਾਰੇ ਸੋਚਣ ਲਈ ਸਮਾਂ ਹੀ ਨਹੀਂ। ਪੰਜਾਬ ਸਰਕਾਰ ਦੀ ਹਾਲਤ ਸਭ ਤੋਂ ਚਿੰਤਾਜਨਕ ਹੈ। ਗੁਆਂਢੀ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਵਿਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹਿਮਾਚਲੀ ਹੋਣਾ ਜ਼ਰੂਰੀ ਹੈ ਅਤੇ ਨਿੱਜੀ ਖੇਤਰ ਵਿਚ ਵੀ ੭੦% ਨੌਕਰੀਆਂ ਹਿਮਾਚਲ ਦੇ ਲੋਕਾਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿਚ ਅਜਿਹੀ ਕੋਈ ਨੀਤੀ ਨਹੀਂ। ਇਥੇ ਪਹਿਲਾਂ ਪੜ੍ਹਨਾ ਪੈਂਦਾ ਹੈ, ਫਿਰ ਲੜਨਾ ਪੈਂਦਾ ਹੈ, ਤੇ ਫਿਰ ਮਰਨਾ ਪੈਂਦਾ ਹੈ, ਤੇ ਫਿਰ ਜਾ ਕੇ ੧੦ ਲੱਖ ਰੁਪਇਆ ਮਿਲਦਾ ਹੈ ਤੇ ਘਰ ਦੇ ਇਕ ਮੈਂਬਰ ਨੂੰ ਨੌਕਰੀ ! ਪੰਜਾਬ ਸਰਕਾਰ ਦੇ ਹੁਣ ਤੱਕ ਦੇ ਵਤੀਰੇ ਤੋਂ ਤਾਂ ਇਹ ਹੀ ਸੰਦੇਸ਼ ਮਿਲਦਾ ਹੈ।



ਪੰਜਾਬ ਵਿਚ ਪੜ੍ਹੀਆਂ-ਲਿਖੀਆਂ ਪੰਜਾਬੀ ਮੁਟਿਆਰਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ। ਪੰਜਾਬ ਵਿਚ ਨੌਕਰੀਆਂ ਦੇ ਦਰਵਾਜ਼ੇ ਬੰਦ ਹੋਣ ਨਾਲ ਇਨ੍ਹਾਂ ਮੁਟਿਆਰਾਂ ਦਾ ਰੁਝਾਨ ਵੀ ਵਿਦੇਸ਼ ਵਲ ਪਹਿਲਾਂ ਨਾਲੋਂ ਜ਼ਿਆਦਾ ਵਧ ਗਿਆ ਹੈ। ਕੁਆਰੀਆਂ ਕੁੜੀਆਂ ਦਾ ਵਿਦੇਸ਼ ਵਿਚ ਇਕੱਲੇ ਰਹਿਣਾ ਆਪਣੇ-ਆਪ ਵਿਚ ਇਕ ਵੱਡੀ ਸਮੱਸਿਆ ਹੈ। ਵਿਦੇਸ਼ ਜਾਣ ਲਈ ਕਾਗਜ਼ੀ ਵਿਆਹ ਕਰਵਾ ਕੇ ਕਿਸੇ ਨਾਲ ਵੀ ਤੁਰ ਜਾਣ ਦੀ ਪ੍ਰਵਿਰਤੀ ਨੇ ਸਾਡੇ ਅਮੀਰ ਸਭਿਅਕ ਵਰਤਾਰੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਵਿਦੇਸ਼ੋਂ ਆਏ ਲਾੜਿਆਂ ਹੱਥੋਂ ਸਤਾਈਆਂ ਮੁਟਿਆਰਾਂ ਦੀ ਵਿਥਿਆ ਅਸੀਂ ਸਾਰੇ ਰੋਜ਼ ਪੜ੍ਹਦੇ-ਸੁਣਦੇ ਹਾਂ। ਜੋ ਵਿਆਹ 'ਤੇ ਲੱਖਾਂ ਦਾ ਖਰਚ ਕਰਵਾ ਕੇ ਚੁੱਪ-ਚੁਪੀਤੇ ਵਿਦੇਸ਼ ਤੁਰ ਜਾਂਦੇ ਅਤੇ ਉੱਥੇ ਪੱਕੇ ਹੋਣ ਲਈ (ਪੰਜਾਬੀ ਨੌਜਵਾਨਾਂ ਲਈ ਹਰ ਜਗ੍ਹਾ ਕੱਚੇ ਤੋਂ ਪੱਕੇ ਹੋਣ ਦਾ ਸਫ਼ਰ ਵੀ ਬੜਾ ਸੰਘਰਸ਼ ਪੂਰਨ ਹੈ) ਕਰਵਾਏ ਵਿਆਹ ਤੋਂ ਪੈਦਾ ਹੋਏ ਬੱਚਿਆ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਸਾਰਾ ਕੁਝ ਲੁੱਟ-ਪੁੱਟ ਲੈ ਜਾਣ ਵਾਲਾ 'ਮਾਹੀਆ' ਨਾਦਰ ਸ਼ਾਹ ਸੀ ਜਾਂ ਅਹਿਮਦ ਸ਼ਾਹ ਅਬਦਾਲੀ ਇਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ!



ਸਾਰੀਆਂ ਸਮੱਸਿਆਵਾਂ ਬੇਰੁਜ਼ਗਾਰੀ ਦੁਆਲੇ ਘੁੰਮਦੀਆਂ ਹਨ। ਪੰਜਾਬ ਵਿਚ ਛੇਵਾਂ ਦਰਿਆ ਵੀ ਇਸ ਸਮੱਸਿਆ ਦੀ ਉਪਜ ਹੈ। ਆਤਮ ਹੱਤਿਆ ਵੀ ਨਿਰਾਸ਼ ਭਾਵਨਾ ਵਿਚੋਂ ਪੈਦਾ ਹੁੰਦੀ ਹੈ। ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਥਾਂਵਾਂ ਤੇ ਤੋੜ-ਭੰਨ ਕਰਨ ਵਾਲੇ ਉਹਨਾਂ ਲੋਕਾਂ ਵਿਚ ਜ਼ਿਆਦਾ ਵਿਹਲੇ ਨੌਜਵਾਨ ਸਨ ਜਿਹੜੇ ਅੰਦਰੋਂ-ਅੰਦਰੀ ਸੁਲਗਦੇ ਰਹਿੰਦੇ ਹਨ ਤੇ ਮੌਕਾ ਆਉਣ 'ਤੇ ਹਿੰਸਕ ਹੋ ਜਾਂਦੇ ਹਨ। ਪੰਜਾਬੀ ਜਵਾਨੀ ਦਾ ਰੋਹ ਹੌਲੀ-ਹੌਲੀ ਇਕ ਲਾਵੇ ਦੇ ਰੂਪ ਵਿਚ ਇਕੱਠਾ ਹੋ ਰਿਹਾ ਹੈ ਜੋ ਕਿਸੇ ਸਮੇਂ ਵੀ ਫੁੱਟ ਸਕਦਾ ਹੈ। ਪੰਜਾਬ ਸਰਕਾਰ ਨੂੰ ਇਸ ਜਵਾਲਾਮੁਖੀ 'ਤੇ ਬੈਠਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਸਗੋਂ ਇਸ ਬਹੁਤ ਹੀ ਗੰਭੀਰ ਸਮੱਸਿਆ ਨੂੰ ਖ਼ਤਮ ਕਰਨ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਪੰਜਾਬੀ ਨੌਜਵਾਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ। ਸਾਨੂੰ ਆਪਣੇ ਚੁਨੌਤੀਆਂ ਭਰੇ ਭਵਿੱਖ ਨੂੰ ਸਵੀਕਾਰ ਕਰਦੇ ਹੋਏ ਹਰ ਯੁੱਗ ਵਿਚ ਨਾਦਰ ਸ਼ਾਹ ਤੇ ਅਬਦਾਲੀ ਨਾਲ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।

1 comment: