Sunday, 18 March 2012

ਆਪਣੇ ਤੋਂ ਹੇਠਲੇ ਲੋਕਾਂ ਨਾਲ ਵਰਤਾਓ!

ਅਮਰੀਕਾ ਵਿੱਚ ਇਕ ਕਹਾਵਤ ਹੈ ਕਿ ਜ਼ਿੰਦਗੀ ਵਿੱਚ ਸਿਖਰ ਤੇ ਪਹੁੰਚਣ ਵਿੱਚ ਜਿਨ੍ਹਾਂ ਇਨਸਾਨਾਂ ਨੇ ਪੌੜੀ ਦੇ ਡੰਡੇ ਚੜ੍ਹਨ ਵਿੱਚ ਮਦਦ ਕੀਤੀ ਹੋਵੇ, ਉਨ੍ਹਾਂ ਨੂੰ ਕਦੇ ਨਾ ਭੁੱਲੋ ਕਿਉਂਕਿ ਉਪਰੋਂ ਉੱਤਰਨ ਵੇਲੇ ਪੌੜੀ ਨੂੰ ਫੜਨ ਲਈ (ਜਾਂ ਉਪਰੋਂ ਡਿਗਦਿਆਂ ਨੂੰ ਬੋਚਣ ਲਈ) ਇਨ੍ਹਾਂ ਹੀ ਮਦਦਗਾਰਾਂ ਦੀ ਲੋੜ ਪੈ ਸਕਦੀ ਹੈ।



ਇਸ ਕਹਾਵਤ ਵਿੱਚ ਬਹੁਤ ਹੀ ਸਚਾਈ ਹੈ। ਕਿਹਾ ਜਾਂਦਾ ਹੈ ਕਿ ਜੋ ਉਪਰ ਨੂੰ ਚੜ੍ਹਦਾ ਹੈ, ਉਹ ਕਦੇ ਨਾ ਕਦੇ ਹੇਠਾਂ ਨੂੰ ਜ਼ਰੂਰ ਡਿਗਦਾ ਹੈ। ਪਰ ਸਮੱਸਿਆ ਇਹ ਹੈ ਕਿ ਇਨਸਾਨ ਉੱਪਰ ਪਹੁੰਚ ਕੇ ਭੁੱਲ ਜਾਂਦਾ ਕਿ ਉਹ ਕਦੇ ਥੱਲੇ ਵੀ ਡਿਗ ਸਕਦਾ ਹੈ। ਉਰਦੂ ਦਾ ਸ਼ਿਅਰ ਹੈ:



ਖ਼ੁਦਾ ਜਬ ਹੁਸਨ ਦੇਤਾ ਹੈ, ਨਜ਼ਾਕਤ ਆ ਹੀ ਜਾਤੀ ਹੈ।

ਕਦਮ ਗਿਰ ਗਿਰ ਕੇ ਪੜਤੇ ਹੈਂ, ਮੁਹੱਬਤ ਹੋ ਹੀ ਜਾਤੀ ਹੈ।



ਇਸ ਸ਼ਿਅਰ ਨੂੰ ਇਸ ਪਾਸੇ ਵੀ ਲਾਇਆ ਜਾ ਸਕਦਾ ਹੈ ਕਿ ਜਦੋਂ ਇਨਸਾਨ ਸਿਖਰ ਤੇ ਪਹੁੰਚ ਜਾਂਦਾ ਹੈ ਤਾਂ ਕਈ ਵਾਰੀ ਉਸ ਵਿੱਚ ਘੁਮੰਡ, ਹੰਕਾਰ, ਆਕੜ, ਅਤੇ ਅੱਖੜਪੁਣਾ ਆਦਿ ਆ ਜਾਂਦੇ ਹਨ ਅਤੇ ਇਹੋ ਜਿਹੀਆਂ ਬੁਰਿਆਈਆਂ ਨਾਲ ਇਨਸਾਨ ਨੂੰ ਅਕਸਰ ਪਿਆਰ ਜਿਹਾ ਹੋ ਜਾਂਦਾ ਹੈ। ਦੂਜਿਆਂ ਪ੍ਰਤੀ ਹਮਦਰਦੀ, ਨਿਮਰਤਾ, ਅਤੇ ਸਹਿਣਸ਼ੀਲਤਾ ਆਦਿ ਬਿਲਕੁਲ ਗੁੰਮ ਹੋ ਜਾਂਦੇ ਹਨ। ਇੱਥੋਂ ਤੱਕ ਕਿ ਕਈ ਵਾਰੀ ਤਾਂ ਉੱਪਰ ਪਹੁੰਚੇ ਇਨਸਾਨ ਵਿੱਚ ਕਈ ਖ਼ਤਰਨਾਕ ਬੁਰਾਈਆਂ ਵੀ ਆ ਜਾਂਦੀਆਂ ਹਨ ਜਿਹੜੀਆਂ ਕਈ ਭਿੰਨ ਭਿੰਨ ਰੂਪਾਂ ਵਿੱਚ ਹੋ ਸਕਦੀਆਂ ਹਨ। ਪਰ ਸਵਾਲ ਉੱਠਦਾ ਹੈ ਕਿ ਇਨਸਾਨ ਜਦੋਂ ਤਰੱਕੀ ਦੀਆਂ ਪੌੜੀਆਂ ਚੜ੍ਹ ਜਾਂਦਾ ਹੈ ਜਾਂ ਪੈਸਾ ਆਉਣ ਨਾਲ ਧਨਾਢ ਬਣ ਜਾਂਦਾ ਹੈ ਤਾਂ ਉਸ ਵਿੱਚ ਭੈੜੀਆਂ ਆਦਤਾਂ ਕਿਉਂ ਪ੍ਰਵੇਸ਼ ਕਰ ਜਾਂਦੀਆਂ ਹਨ? ਉਹ ਘੁਮੰਡ, ਹੰਕਾਰ, ਆਕੜ, ਅਤੇ ਬਦਮਾਸ਼ੀਆਂ ਦੇ ਚੱਕਰ ਵਿੱਚ ਕਿਵੇਂ ਫਸ ਜਾਂਦਾ ਹੈ? ਇਹ ਸਿਰਫ਼ ਇਨਸਾਨ ਦਾ ਸੁਭਾਅ ਹੈ। ਜਾਂ ਫਿਰ ਕਹਿ ਲਓ ਕਿ ਹਰ ਬੰਦੇ ਦੀ ਪਰਸਨੈਲਿਟੀ ਦੇ ਦੋ ਪੱਖ ਹਨ ૶ ਇਕ ਇਨਸਾਨ ਦਾ ਅਤੇ ਦੂਜਾ ਹੈਵਾਨ ਦਾ। ਜਦੋਂ ਬੰਦਾ ਇਕ ਸਧਾਰਨ ਇਨਸਾਨ ਹੁੰਦਾ ਹੈ ਤਾਂ ਆਮ ਤੌਰ ਤੇ ਉਸ ਵਿੱਚ ਇਨਸਾਨੀਅਤ ਦਾ ਪੱਖ ਭਾਰਾ ਹੁੰਦਾ ਹੈ ਅਤੇ ਹੈਵਾਨੀਅਤ ਦਾ ਪੱਖ ਥੋੜਾ ਹਲਕਾ ਹੁੰਦਾ ਹੈ। ਜਿਉਂ ਜਿਉਂ ਇਨਸਾਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਜਾਂ ਉਸ ਕੋਲ ਜ਼ਿਆਦਾ ਪੈਸਾ ਆਉਣ ਲਗਦਾ ਹੈ ਤਾਂ ਬਹੁਤੀ ਵਾਰੀ ਉਸ ਵਿੱਚ ਇਨਸਾਨੀਅਤ ਦਾ ਪੱਖ ਘਟਦਾ ਜਾਂਦਾ ਹੈ ਅਤੇ ਹੈਵਾਨੀਅਤ ਦਾ ਪੱਖ ਭਾਰਾ ਹੁੰਦਾ ਜਾਂਦਾ ਹੈ, ਅਤੇ ਉਸਦੇ ਪੈਰ ਜ਼ਮੀਨ ਤੇ ਨਹੀਂ ਲਗਦੇ। ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਜਿੰਨੀ ਮਰਜ਼ੀ ਤਰੱਕੀ ਕਰ ਜਾਣ ਅਤੇ ਜਿੰਨਾਂ ਮਰਜ਼ੀ ਪੈਸਾ ਉਨ੍ਹਾਂ ਕੋਲ ਆ ਜਾਵੇ, ਉਹ ਕਦੇ ਵੀ ਨਹੀਂ ਬਦਲਦੇ; ਉਨ੍ਹਾਂ ਦੇ ਪੈਰ ਹਮੇਸ਼ਾ ਜ਼ਮੀਨ ਤੇ ਰਹਿੰਦੇ ਹਨ; ਉਨ੍ਹਾਂ ਵਿੱਚ ਹੈਵਾਨੀਅਤ ਦੇ ਅੰਸ਼ ਬਹੁਤ ਘੱਟ ਹੁੰਦੇ ਹਨ।



ਬਹੁਤ ਸਾਰੇ ਲੋਕ ਦੇਖੇ ਹਨ ਜੋ ਜਦੋਂ ''ਵੱਡੇ" ਬਣ ਜਾਂਦੇ ਹਨ ਤਾਂ ਉਹ ਦੂਜਿਆਂ ਨੂੰ ਛੋਟੇ ਆਖਣ ਜਾਂ ਸਮਝਣ ਲੱਗ ਜਾਂਦੇ ਹਨ। ਆਮ ਤੌਰ ਤੇ ਉਹ ਗਰੀਬ ਅਤੇ ਛੋਟੀਆਂ ਪਦਵੀਆਂ ਵਾਲੇ ਇਨਸਾਨਾਂ ਨੂੰ ਇਨਸਾਨ ਹੀ ਨਹੀਂ ਸਮਝਦੇ, ਉਨ੍ਹਾਂ ਨਾਲ ਗੱਲ ਕਰਨੀ ਵੀ ਉਹ ਆਪਣੀ ਬੇਇੱਜ਼ਤੀ ਸਮਝਦੇ ਹਨ। ਉਹ ਸਾਰੇ ਸੰਸਾਰ ਨੂੰ ਆਪਣਾ ਗੁਲਾਮ ਸਮਝਣ ਲੱਗ ਪੈਂਦੇ ਹਨ। ਕਈ ਵਾਰੀ ਉਹ ਆਪਣੇ ਪੁਰਾਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਬਾਰੇ ਕਹਿੰਦੇ ਹਨ, ''ਉਹ ਮੇਰੇ ਬਰਾਬਰ ਦੇ ਨਹੀਂ।" ਜਾਂ ''ਮੈਂ ਉਨ੍ਹਾਂ ਨਾਲ ਉੱਠਦਾ ਬੈਠਦਾ ਚੰਗਾ ਨਹੀਂ ਲਗਦਾ।" ਕਈ ਵਾਰੀ ਜਦੋਂ ਕੋਈ ਜ਼ਿਆਦਾ ਪੜ੍ਹ ਜਾਂਦਾ ਹੈ ਤਾਂ ਉਹ ਘੱਟ ਪੜ੍ਹੇ ਲੋਕਾਂ ਨਾਲ ਗੱਲ ਵੀ ਕਰ ਕੇ ਰਾਜ਼ੀ ਨਹੀਂ ਹੁੰਦਾ। ਇਹੋ ਜਿਹਾ ਬਨਾਵਟਪਣ ਇਨਸਾਨਾਂ ਵਿੱਚ ਆ ਜਾਣਾ ਸਿਰਫ਼ ਉਨ੍ਹਾਂ ਦੀ ਆਪਣੀ ਸੂਝ-ਬੂਝ ਦੇ ਦਿਵਾਲੇਪਣ ਦਾ ਪ੍ਰਗਟਾਵਾ ਕਰਦਾ ਹੈ।



ਕਈ ਲੋਕ ਜਦੋਂ ਅਫਸਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਇਸ ਹੱਦ ਤੱਕ ਆਕੜ ਆ ਜਾਂਦੀ ਹੈ ਕਿ ਇਸਦਾ ਵਰਨਣ ਕਰਨਾ ਔਖਾ ਹੈ; ਉਨ੍ਹਾਂ ਦੀ ਤੋਰ-ਚਾਲ ਅਤੇ ਰਹਿਣ-ਸਹਿਣ ਦੇ ਤੌਰ-ਤਰੀਕੇ ਬਿਲਕੁਲ ਬਦਲ ਜਾਂਦੇ ਹਨ। ਪੰਜਾਬ ਵਿੱਚ ਇਕ ਪ੍ਰਿੰਸੀਪਲ ਸੀ ਜੋ ਕਲਰਕਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਵਰਤਾਓ ਕਰਦਾ ਸੀ। ਵਿਚਾਰੇ ਕਲਰਕ ਉਸਨੂੰ ਦੇਖ ਕੇ ਥਰ ਥਰ ਕੰਬਦੇ ਸਨ। ਇਕ ਵਾਰੀ ਇਕ ਕਲਰਕ ਨੇ ਉਸਨੂੰ ਇਕ ਫਾਈਲ ਦੇਖਣ ਲਈ ਦਿੱਤੀ। ਪਤਾ ਨਹੀਂ ਪ੍ਰਿੰਸੀਪਲ ਨੂੰ ਕੀ ਬੁਰਾ ਲੱਗਾ, ਉਸਨੇ ਸਾਰੀ ਫਾਈਲ ਵਗਾ ਕੇ ਮਾਰੀ ਅਤੇ ਉਸ ਵਿੱਚੋਂ ਨਿਕਲ ਕੇ ਸੈਂਕੜੇ ਪੇਪਰ ਸਾਰੇ ਕਮਰੇ ਵਿੱਚ ਖਿੱਲਰ ਗਏ। ਪੇਪਰ ਇਕੱਠੇ ਕਰਦੇ ਕਲਰਕ ਦੇ ਦਿਲ ਵਿੱਚ ਪਤਾ ਨਹੀਂ ਕੀ ਕੀ ਆਇਆ ਹੋਵੇਗਾ ਅਤੇ ਉਸਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ।



ਕਿਹਾ ਜਾਂਦਾ ਹੈ ਕਿ ਕਿਸੇ ਵੀ ਇਨਸਾਨ ਦੇ ਸਹੀ ਚਾਲ-ਚਲਣ ਦਾ ਇਸ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਤੋਂ ਹੇਠਲੇ ਅਤੇ ਕਮਜ਼ੋਰ ਇਨਸਾਨਾਂ ਨਾਲ ਕਿਹੋ ਜਿਹਾ ਵਰਤਾਓ ਕਰਦਾ ਹੈ। ਆਪਣੇ ਤੋਂ ਵੱਡੇ ਨੂੰ ਤਾਂ ਹਰ ਕੋਈ ਸਲਾਮ ਕਰ ਲੈਂਦਾ ਹੈ ਪਰ ਵਡਿਆਈ ਤਾਂ ਇਸ ਵਿੱਚ ਹੈ ਕਿ ਆਪਣੇ ਤੋਂ ਛੋਟੇ ਨੂੰ ਵੀ ਸਤਿਕਾਰ ਅਤੇ ਪਿਆਰ ਨਾਲ ਬੁਲਾਇਆ ਜਾਵੇ। ਚੰਗੀਆਂ ਆਦਤਾਂ ਅਤੇ ਚੰਗੇ ਪਾਲਣ ਪੋਸ਼ਣ ਵਾਲੇ ਇਨਸਾਨ ਕਦੇ ਵੀ ਆਪਣੇ ਤੋਂ ਕਮਜ਼ੋਰ ਇਨਸਾਨਾਂ ਨਾਲ ਧੱਕਾ ਨਹੀਂ ਕਰਦੇ ਅਤੇ ਕਦੇ ਵੀ ਉਨ੍ਹਾਂ ਨਾਲ ਮਾੜਾ ਸਲੂਕ ਨਹੀਂ ਕਰਦੇ। ਵਡਿਆਈ ਇਸੇ ਵਿੱਚ ਹੈ ਕਿ ਮਕਾਨ ਦੀ ਛੱਤ ਤੇ ਚੜ੍ਹ ਕੇ ਹੇਠਾਂ ਵਾਲੇ ਲੋਕਾਂ ਵਲ ਪਿਆਰ, ਸਤਿਕਾਰ, ਅਤੇ ਹਮਦਰਦੀ ਨਾਲ ਦੇਖਿਆ ਜਾਵੇ।


ਜੰਗਲ ਵਿੱਚ ਸ਼ੇਰ ਰਾਜਾ ਹੈ ਕਿਉਂਕਿ ਉਸ ਕੋਲ ਤਾਕਤ ਹੈ। ਵਿਚਾਰੇ ਦੂਜੇ ਜਾਨਵਰ ਉਸਨੂੰ ਦੇਖ ਕੇ ਪਹਿਲਾਂ ਹੀ ਭੱਜ ਉੱਠਦੇ ਹਨ। ਜਦੋਂ ਵੀ ਉਸ ਕੋਲੋਂ ਕਮਜ਼ੋਰ ਜਾਨਵਰ ਕਾਬੂ ਆ ਜਾਵੇ ਤਾਂ ਉਹ ਜ਼ਿੰਦਾ ਨਹੀਂ ਰਹਿੰਦਾ।



ਕਬੀਰ ਜੀ ਦਾ ਹੇਠਲਾ ਸ਼ਬਦ ਇਸ ਸਚਾਈ ਨੂੰ ਸਪਸ਼ਟ ਕਰਦਾ ਹੈ ਕਿ ਕਿਸ ਤਰ੍ਹਾਂ ਅਮੀਰ ਗਰੀਬ ਨਾਲ ਅਤੇ ਗਰੀਬ ਅਮੀਰ ਨਾਲ ਸਲੂਕ ਕਰਦਾ ਹੈ। ਬੇਸ਼ੱਕ ਗਰੀਬ ਅਤੇ ਅਮੀਰ ਰੱਬ ਦੇ ਹੀ ਬਣਾਏ ਹੋਏ ਹਨ ਪਰ ਆਦਮੀ ਇਸ ਸਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦਾ। ਜੇ ਇਸ ਤੇ ਅਮਲ ਹੀ ਨਹੀਂ ਕਰਨਾ ਤਾਂ ਗੁਰਬਾਣੀ ਪੜ੍ਹਨ ਦਾ ਕੀ ਫ਼ਾਇਦਾ?





ਭੈਰਉ ਕਬੀਰ ਜੀ



ਨਿਰਧਨ ਆਦਰੁ ਕੋਈ ਨ ਦੇਇ

ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥ ਰਹਾਉ॥

ਜਉ ਨਿਰਧਨੁ ਸਰਧਨ ਕੈ ਜਾਇ॥

ਆਗੇ ਬੈਠਾ ਪੀਠਿ ਫਿਰਾਇ॥

ਜਉ ਸਰਧਨੁ ਨਿਰਧਨ ਕੈ ਜਾਇ॥

ਦੀਆ ਆਦਰੁ ਲੀਆ ਬੁਲਾਇ॥

ਨਿਰਧਨੁ ਸਰਧਨੁ ਦੋਨਉ ਭਾਈ॥

ਪ੍ਰਭ ਕੀ ਕਲਾ ਨ ਮੇਟੀ ਜਾਈ॥

ਕਹਿ ਕਬੀਰ ਨਿਰਧਨੁ ਹੈ ਸੋਈ॥

ਜਾ ਕੇ ਹਿਰਦੈ ਨਾਮੁ ਨ ਹੋਈ॥



ਬਿੱਲ ਗੇਟਸ ਬਹੁਤ ਅਮੀਰ ਆਦਮੀ ਹੈ। ਉਹ ਇਕ ਵਾਰੀ ਇਕੱਲਾ ਹੀ ਆਪਣੀ ਕਾਰ ਵਿੱਚ ਜਾ ਰਿਹਾ ਸੀ। ਉਸਦੀ ਕਾਰ ਦਾ ਪਹੀਆ ਪੈਂਚਰ ਹੋ ਗਿਆ। ਉਸਨੇ ਪਹੀਆ ਬਦਲਣਾ ਚਾਹਿਆ ਪਰ ਬਦਲ ਨਾ ਸਕਿਆ। ਇੰਨੇ ਨੂੰ ਇਕ ਟੈਕਸੀ ਡਰਾਈਵਰ ਆ ਗਿਆ। ਉਹ ਬਿੱਲ ਗੇਟਸ ਨੂੰ ਜਾਣਦਾ ਨਹੀਂ ਸੀ, ਪਰ ਇਕ ਇਨਸਾਨੀਅਤ ਦੀ ਨੀਅਤ ਨਾਲ ਉਸਨੇ ਆਪਣੀ ਟੈਕਸੀ ਖੜੀ ਕੀਤੀ ਤੇ ਪਹੀਆ ਬਦਲਣ ਵਿੱਚ ਕਾਮਯਾਬ ਹੋ ਗਿਆ। ਬਿੱਲ ਗੇਟਸ ਖੁਸ਼ ਹੋ ਗਿਆ, ਉਸਨੇ ਡਰਾਈਵਰ ਨੂੰ ਕੁਝ ਪੈਸੇ ਦੇਣੇ ਚਾਹੇ ਪਰ ਉਸਨੇ ਨਾ ਲਏ। ਗੱਲਾਂ ਗੱਲਾਂ ਵਿੱਚ ਬਿੱਲ ਗੇਟਸ ਨੇ ਜਾਣ ਲਿਆ ਕਿ ਉਹ ਇਕ ਗਰੀਬ ਟੈਕਸੀ ਡਰਾਈਵਰ ਹੈ, ਮਿਹਨਤ ਕਰਦਾ ਹੈ, ਘਰ ਦੇ ਕਰਜ਼ੇ ਦੀਆਂ ਕਿਸ਼ਤਾਂ ਵੀ ਦਿੰਦਾ ਹੈ ਅਤੇ ਟੱਬਰ ਵੀ ਪਾਲਦਾ ਹੈ। ਘਰ ਦਾ ਪਤਾ ਲੈ ਕੇ ਉਸਨੇ ਡਰਾਈਵਰ ਦਾ ਸ਼ੁਕਰੀਆ ਕੀਤਾ ਅਤੇ ਚਲਾ ਗਿਆ। ਥੋੜ੍ਹੇ ਦਿਨਾਂ ਪਿੱਛੋਂ ਡਰਾਈਵਰ ਨੇ ਦੇਖਿਆ ਕਿ ਕੋਈ ਉਸਦੇ ਘਰ ਦਾ ਸਾਰਾ ਕਰਜ਼ਾ ਦੇ ਗਿਆ ਹੈ। ਦੁਨੀਆਂ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਆਪਣੇ ਤੋਂ ਨੀਵਿਆਂ ਨਾਲ ਚੰਗਾ ਵਰਤਾਉ ਕਰਦੇ ਹਨ।

2 comments: