Tuesday, 20 March 2012

ਸਾਡੀਆਂ ਆਦਤਾਂ, ਸਾਡੇ ਸੁਭਾਅ -ਬੇਈਮਾਨੀ, ਚੋਰ-ਬਜ਼ਾਰੀ ਅਤੇ ਹੇਰਾ ਫੇਰੀ!

ਕਿਸੇ ਵੇਲੇ ਹਿੰਦੁਸਤਾਨ ਇਮਾਨਦਾਰੀ ਲਈ ਮਸ਼ਹੂਰ ਸੀ।ਪਰ ਅਜ਼ਾਦੀ ਤੋਂ ਬਾਦ ਹੌਲੀ ਹੌਲੀ ਹਿੰਦੁਸਤਾਨ ਨੂੰ ਬੇਈਮਾਨੀ, ਚੋਰ-ਬਜ਼ਾਰੀ, ਹੇਰਾ ਫੇਰੀ ਆਦਿ ਨੇ ਆਪਣੀ ਜਕੜ ਵਿੱਚ ਅਜਿਹਾ ਜਕੜਿਆ ਕਿ ਇਹ ਬੀਮਾਰੀ ਦਿਨ-ਬ-ਦਿਨ ਵਧਦੀ ਹੀ ਗਈ ਹੈ ਅਤੇ ਰੋਜ਼ਾਨਾ ਹੀ ਇਸਦੀ ਲਪੇਟ ਵਿੱਚ ਆਏ ਲੋਕਾਂ ਦੀ ਗਿਣਤੀ ਦੁਗਣੀ ਚੌਗੁਣੀ ਹੁੰਦੀ ਗਈ ਹੈ। ਮੁਆਫ਼ ਕਰਨਾ ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਹਿੰਦੁਸਤਾਨ ਦੀ ਗੱਲ ਤਾਂ ਹੁਣ ਬਿਲਕੁਲ ਪੰਜਾਬੀ ਦੇ ਹੇਠਲੇ ਮੁਹਾਵਰੇ ਵਰਗੀ ਹੋ ਗਈ ਹੈ:

ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ।

ਹਰ ਇਨਸਾਨ ਪੈਸੇ ਦੀ ਦੌੜ ਵਿੱਚ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੌੜ ਵਿੱਚ ਉਹ ਹਰ ਹੀਲੇ ਨਾਲ ਪੈਸਾ ਇਕੱਠਾ ਕਰਨ ਦਾ ਯਤਨ ਕਰ ਰਿਹਾ ਹੈ। ਇਸ ਬੀਮਾਰੀ ਤੋਂ ਬਹੁਤ ਥੋੜੇ ਲੋਕ ਹੀ ਬਚੇ ਹੋਏ ਹਨ ਅਤੇ ਇਨ੍ਹਾਂ ਵਿਚਾਰਿਆਂ ਦੀ ਕੋਈ ਪੇਸ਼ ਨਹੀਂ ਚਲਦੀ। ਬਹੁਤੇ ਰਾਜਨੀਤਕ ਲੀਡਰ ਅਤੇ ਬਹੁਤ ਸਾਰੇ ਅਫ਼ਸਰ ਤਾਂ ਇਸ ਰਿਸ਼ਵਤਖੋਰੀ ਦੇ ਚਿੱਕੜ ਵਿੱਚ ਬਹੁਤ ਬੁਰੀ ਤਰ੍ਹਾਂ ਖੁਭੇ ਹੋਏ ਹੀ ਨਹੀਂ ਸਗੋਂ ਗਰਕੇ ਹੋਏ ਹਨ। ਜਿਹੜੇ ਈਮਾਨਦਾਰ ਹਨ, ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ। ਅੱਜ ਦੇ ਹਿੰਦੁਸਤਾਨ ਵਿੱਚ ਇਹੋ ਜਿਹੇ ਈਮਾਨਦਾਰਾਂ ਦਾ ਜੀਣਾ ਸੌਖਾ ਨਹੀਂ। ਜਿਹੜੇ ਅਫ਼ਸਰ ਰਿਸ਼ਵਤਾਂ ਨਹੀਂ ਲੈਂਦੇ ਅਤੇ ਅਗਾਂਹ ਲੀਡਰਾਂ ਨੂੰ ਹਿੱਸਾ ਨਹੀਂ ਦਿੰਦੇ, ਆਮ ਤੌਰ ਤੇ ਉਨ੍ਹਾਂ ਦੀਆਂ ਤਬਦੀਲੀਆਂ ਇਹੋ ਜਿਹੇ ਥਾਵੀਂ ਕਰ ਦਿੱਤੀਆਂ ਜਾਂਦੀਆਂ ਹਨ ਜਿੱਥੇ ਉਨ੍ਹਾਂ ਦੀ ਕੋਈ ਵੁੱਕਤ ਨਹੀਂ ਹੁੰਦੀ। ਈਮਾਨਦਾਰ ਰਾਜਨੀਤਕ ਲੀਡਰ ਅਤੇ ਅਫ਼ਸਰ ਅੱਜ ਦੇ ਮਹੌਲ ਵਿੱਚ ਅਸਾਨੀ ਨਾਲ ਚਲ ਹੀ ਨਹੀਂ ਸਕਦੇ।

ਹਿੰਦੁਸਤਾਨ ਵਿੱਚ ਬੇਈਮਾਨੀਆਂ ਕਰਨ ਵਾਲੇ ਲੋਕ ਤਾਂ ਦੂਜਿਆਂ ਦੀਆਂ ਜਾਨਾਂ ਨਾਲ ਵੀ ਖੇਡਣ ਤੋਂ ਗੁਰੇਜ਼ ਨਹੀਂ ਕਰਦੇ। ਖਾਣ ਵਾਲੀਆਂ ਚੀਜ਼ਾਂ ਵਿੱਚ ਇਹੋ ਜਿਹੀਆਂ ਮਿਲਾਵਟਾਂ ਕਰਦੇ ਹਨ ਕਿ ਅਸੀਂ ਸੋਚ ਵੀ ਨਹੀਂ ਸਕਦੇ। ਇਨ੍ਹਾਂ ਲੋਕਾਂ ਦਾ ਚਰਿਤਰ ਇੰਨਾਂ ਗਿਰ ਚੁੱਕਾ ਹੈ ਕਿ ਅਸੀਂ ਇਨ੍ਹਾਂ ਨੂੰ ਇਨਸਾਨ ਵੀ ਨਹੀਂ ਆਖ ਸਕਦੇ। ਮੈਂ ਦੁੱਧ ਵਿੱਚ ਸਿਆਹੀ ਚੂਸਣ ਵਾਲੇ ਪੇਪਰ ਨੂੰ ਰਗੜ ਕੇ ਪਾਏ ਜਾਣ ਦੀਆਂ ਗੱਲਾਂ ਸੁਣੀਆਂ ਹਨ। ਹੁਣੇ ਹੁਣੇ ਦਿਵਾਲੀ ਤੇ ਪੰਜਾਬ ਵਿੱਚ ਸੈਂਕੜੇ ਟਨ ਬਨਾਵਟੀ ਖੋਆ ਫੜੇ ਜਾਣ ਦੀਆਂ ਖ਼ਬਰਾਂ ਪੜ੍ਹੀਆਂ ਅਤੇ ਸੁਣੀਆਂ ਹਨ। ਪੇਪਰਾਂ ਵਿੱਚ ਕਈ ਸੜਕਾਂ ਕਈ ਵਾਰ ਬਣਦੀਆਂ ਅਤੇ ਟੁੱਟਦੀਆਂ ਦਿਖਾਈਆਂ ਜਾਂਦੀਆਂ ਹਨ ਪਰ ਅਸਲੀਅਤ ਵਿੱਚ ਇਹ ਕਦੇ ਵੀ ਨਹੀਂ ਬਣੀਆਂ, ਸਿਰਫ਼ ਟੁੱਟੀਆਂ ਹੀ ਰਹਿੰਦੀਆਂ ਹਨ। ਇਹੋ ਜਿਹੀਆਂ ਹੋਰ ਵੀ ਸੈਂਕੜੇ ਘਟਨਾਵਾਂ ਸੁਣੀਆਂ ਅਤੇ ਪੜ੍ਹੀਆਂ ਹਨ।

ਕੋਈ ਜ਼ਮਾਨਾ ਸੀ ਅਧਿਆਪਕਾਂ ਨੂੰ ਗੁਰੂ ਦਾ ਰੁਤਬਾ ਦਿੱਤਾ ਜਾਂਦਾ ਸੀ ਅਤੇ ਉਹ ਈਮਾਨਦਾਰੀ ਦਾ ਸਿਖਰ ਸਮਝੇ ਜਾਂਦੇ ਸਨ। ਪਰ ਹੁਣ ਇਸ ਕਿੱਤੇ ਵਿੱਚ ਵੀ ਬੇਹੱਦ ਬੇਈਮਾਨੀ ਆ ਘੁਸੀ ਹੈ। ਸਾਡੇ ਵੇਲਿਆਂ ਵਿੱਚ ਸਕੂਲ ਤੋ ਬਾਦ ਅਧਿਆਪਕ ਮੁਫ਼ਤ ਵਾਧੂ ਸਮਾਂ ਲਾ ਕੇ ਪੜ੍ਹਾਉਂਦੇ ਹੁੰਦੇ ਸਨ। ਹੁਣ ਜੇ ਇਹ ਗੱਲ ਕਿਸੇ ਨੂੰ ਦੱਸੀਏ ਤਾਂ ਉਨ੍ਹਾਂ ਨੇ ਯਕੀਨ ਨਹੀਂ ਕਰਨਾ ਹਾਲਾਂ ਕਿ ਇਹ ਗੱਲ ਸਿਰਫ਼ 30-40 ਸਾਲ ਪੁਰਾਣੀ ਹੈ। ਅੱਜ ਕੱਲ ਵੀ ਬਹੁਤ ਸਾਰੇ ਅਧਿਆਪਕ ਬਹੁਤ ਈਮਾਨਦਾਰ ਹਨ। ਪਰ ਕਾਫ਼ੀ ਅਧਿਆਪਕ ਹਨ ਜੋ ਸਕੂਲਾਂ ਵਿੱਚ ਘੱਟ ਪੜ੍ਹਾਉਂਦੇ ਹਨ ਅਤੇ ਸਕੂਲ ਤੋਂ ਬਾਦ ਟੀਊਸ਼ਨਾਂ ਪੜ੍ਹਾਉਣ ਵਲ ਜ਼ਿਆਦਾ ਧਿਆਨ ਦਿੰਦੇ ਹਨ। ਸਭ ਮਾਇਆ ਦਾ ਚੱਕਰ ਹੈ। ਮੈਂ ਇਹੋ ਜਿਹੇ ਅਧਿਆਪਕਾਂ ਦੀਆਂ ਕਹਾਣੀਆਂ ਸੁਣੀਆਂ ਹਨ ਜੋ ਆਪਣੇ ਬੱਚਿਆਂ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਆਪ ਨਕਲ ਕਰਾਉਂਦੇ ਹਨ ਅਤੇ ਜਾਂ ਰਿਸ਼ਵਤਾਂ ਲੈ ਕੇ ਦੂਜਿਆਂ ਨੂੰ ਨਕਲ ਕਰਾਉਂਦੇ ਹਨ। ਇਕ ਵਾਰ ਜਦੋਂ ਮੈਂ ਹਿੰਦੁਸਤਾਨ ਗਿਆ ਤਾਂ ਇਕ ਵਾਕਫ਼ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਅਮਰੀਕਾ ਵਿੱਚ ਸਕੂਲਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਵਿੱਚ ਜਿਹੜੇ ਅਧਿਆਪਕ ਪੜ੍ਹਾਉਂਦੇ ਹਨ ਉਹ ਆਪ ਹੀ ਇਮਤਿਹਾਨ ਲਿਖਦੇ ਹਨ, ਆਪ ਹੀ ਵਿਦਿਆਰਥੀਆਂ ਦੇ ਇਮਤਿਹਾਨ ਲੈਂਦੇ ਹਨ, ਆਪ ਹੀ ਉਨ੍ਹਾਂ ਦੇ ਇਮਤਿਹਾਨਾਂ ਨੂੰ ਗਰੇਡ ਕਰਦੇ ਹਨ, ਅਤੇ ਆਪ ਹੀ ਆਪਣੇ ਵਿਦਿਆਰਥੀਆਂ ਨੂੰ ਗਰੇਡ ਦਿੰਦੇ ਹਨ। ਕੋਈ ਵੀ ਉਨ੍ਹਾਂ ਦੇ ਇਸ ਕੰਮ ਵਿੱਚ ਦਖ਼ਲ ਅੰਦਾਜ਼ੀ ਨਹੀਂ ਦਿੰਦਾ। ਉਸ ਵਾਕਫ਼ ਨੇ ਪੁੱਛਿਆ, ”ਫਿਰ ਤੁਹਾਡੇ ਮਨ ਵਿੱਚ ਬੇਈਮਾਨੀ ਨਹੀਂ ਆਉਂਦੀ?” ਮੇਰਾ ਜਵਾਬ ਸੀ, ”ਉੱਥੇ ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ ਹੈ ਕਿ ਬੇਈਮਾਨੀ ਦਾ ਕਦੇ ਖਿਆਲ ਹੀ ਨਹੀਂ ਆਉਂਦਾ।” ਮੇਰੇ ਨਾਲ ਪੜ੍ਹਾਉਂਦੇ ਕਈ ਪ੍ਰੋਫੈਸਰਾਂ ਦੇ ਬੱਚੇ ਮੇਰੇ ਕੋਲੋਂ ਪੜ੍ਹੇ ਹਨ। ਉਨ੍ਹਾਂ ਵਿੱਚੋਂ ਦੋ ਕੁ ਬੱਚਿਆਂ ਨੂੰ ਮੈਂ ਫੇਲ੍ਹ ਵੀ ਕੀਤਾ ਹੈ ਅਤੇ ਕੁਝ ਬੱਚਿਆਂ ਨੂੰ ਭੈੜੇ ਗਰੇਡ ਵੀ ਦਿੱਤੇ ਹਨ ਪਰ ਅੱਜ ਤੱਕ ਇਨ੍ਹਾਂ ਬੱਚਿਆਂ ਦਾ ਕੋਈ ਵੀ ਪਿਓ ਅਧਿਆਪਕ ਮੇਰੇ ਨਾਲ ਇਸ ਗੱਲੋਂ ਨਰਾਜ਼ ਨਹੀਂ ਹੋਇਆ। ਕਦੇ ਕਿਸੇ ਨੇ ਅੱਜ ਤੱਕ ਆਕੇ ਮੈਨੂੰ ਇਹ ਨਹੀਂ ਕਿਹਾ, ”ਇਹ ਮੇਰਾ ਲੜਕਾ / ਲੜਕੀ ਹੈ। ਥੋੜਾ ਖਿਆਲ ਰੱਖੀਂ।” ਇਸਦਾ ਮਤਲਬ ਇਹ ਨਹੀਂ ਕਿ ਅਮਰੀਕਾ ਦੇ ਸਾਰੇ ਅਧਿਆਪਕ ਬਿਲਕੁਲ ਈਮਾਨਦਾਰ ਹਨ। ਕੁਝ ਇਕ ਤਾਂ ਹਰ ਕਿੱਤੇ ਵਿੱਚ ਅਤੇ ਹਰ ਮੁਲਕ ਵਿੱਚ ਭੈੜੇ ਇਨਸਾਨ ਹੁੰਦੇ ਹੀ ਹਨ। ਪਰ ਅਮਰੀਕਾ ਵਿੱਚ ਪੈਸੇ ਲੈ ਕੇ ਕੋਈ ਅਧਿਆਪਕ ਕਿਸੇ ਨੂੰ ਅੱਛੇ ਗਰੇਡ ਨਹੀਂ ਦੇਵੇਗਾ। ਕਦੇ ਕਦੇ ਕੋਈ ਕੋਈ ਅਧਿਆਪਕ ਵਾਕਫ਼ੀਅਤ ਦੇ ਅਧਾਰ ਤੇ ਜਾਂ ਇਸ਼ਕ ਦੇ ਚੱਕਰ ਵਿੱਚ ਫਸ ਕੇ ਈਮਾਨਦਾਰੀ ਤੋਂ ਜ਼ਰੂਰ ਥਿੜਕ ਜਾਂਦਾ ਹੈ।

ਅਮਰੀਕਾ ਵਿੱਚ ਜੇ ਕਾਰ ਚਲਾਉਂਦਿਆਂ ਕੋਈ ਪੁਲੀਸ ਵਾਲਾ ਤੁਹਾਨੂੰ ਖੜ੍ਹਾ ਕਰ ਲਵੇ ਤਾਂ ਕਦੇ ਵੀ ਰਿਸ਼ਵਤ ਦੇ ਕੇ ਛੁੱਟਿਆ ਨਹੀਂ ਜਾ ਸਕਦਾ। ਕੋਈ ਦੋਸਤ ਦੱਸ ਰਿਹਾ ਸੀ ਕਿ ਇਕ ਪੰਜਾਬੀ ਨਵਾਂ ਨਵਾਂ ਹਿੰਦੁਸਤਾਨ ਤੋਂ ਕਨੇਡਾ ਆਇਆ। ਉਹ ਕਾਰ ਗਲਤ ਚਲਾ ਰਿਹਾ ਸੀ। ਪੁਲੀਸ ਵਾਲੇ ਨੇ ਖੜ੍ਹਾ ਕਰ ਲਿਆ। ਪੁਲੀਸ ਅਫ਼ਸਰ ਨੇ ਉਸਦੇ ਕਾਰ ਦੇ ਪੇਪਰ ਅਤੇ ਉਸਦਾ ਲਾਈਸੈਂਸ ਮੰਗੇ। ਉਸ ਭੱਦਰ ਪੁਰਸ਼ ਨੇ ਕਾਗ਼ਜ਼ਾਂ ਦੇ ਨਾਲ 100 ਡਾਲਰ ਰੱਖ ਕੇ ਪੁਲੀਸ ਅਫ਼ਸਰ ਨੂੰ ਫੜਾ ਦਿੱਤੇ। ਅੱਗਿਓਂ ਪੁਲੀਸ ਵਾਲਾ 100 ਡਾਲਰ ਮੋੜਦਾ ਹੋਇਆ ਕਹਿਣ ਲੱਗਾ, ”ਜੇ ਮੈਂ ਚਾਹਾਂ ਤਾਂ ਤੈਨੂੰ ਰਿਸ਼ਵਤ ਦੇਣ ਵਿੱਚ ਹੁਣੇ ਹੀ ਗ੍ਰਿਫ਼ਤਾਰ ਕਰ ਸਕਦਾ ਹਾਂ।” ਹਾਜ਼ਰ ਜਵਾਬ ਪੰਜਾਬੀ ਕਹਿਣ ਲੱਗਾ, ”ਮੈਂ ਸੋਚਿਆ ਕਿ ਮੈਂ ਇੱਥੇ ਹੀ ਜੁਰਮਾਨਾ ਦੇ ਦਿਆਂ ਅਤੇ ਮੈਨੂੰ ਕਚਹਿਰੀ ਵਿੱਚ ਨਾ ਜਾਣਾ ਪਵੇ।” ਪਤਾ ਨਹੀਂ ਇਹ ਸੱਚੀ ਵਾਪਰੀ ਘਟਨਾ ਹੈ ਜਾਂ ਪੰਜਾਬੀਆਂ ਵਾਰੇ ਬਣਾਇਆ ਹੋਇਆ ਚੁਟਕਲਾ ਹੈ। ਇਸਦੇ ਬਿਲਕੁਲ ਉਲਟ, ਹਿੰਦੁਸਤਾਨ ਵਿੱਚ ਪੁਲੀਸ ਵਾਲੇ ਮੌਕੇ ਤੇ ਹੀ ਜੁਰਮਾਨਾ ਲੈ ਕੇ ਜੇਬ ਵਿੱਚ ਪਾਉਣ ਵਿੱਚ ਯਕੀਨ ਰੱਖਦੇ ਹਨ। ਉਹ ਤਾਂ ਹਮੇਸ਼ਾ ਸ਼ਿਕਾਰ ਦੀ ਭਾਲ ਵਿੱਚ ਰਹਿੰਦੇ ਹਨ। ਬਹੁਤ ਥੋੜ੍ਹੇ ਹੀ ਪੁਲੀਸ ਵਾਲੇ ਈਮਾਨਦਾਰ ਹਨ। ਕਈ ਸਾਲ ਪਹਿਲਾਂ ਮੈਂ ਕਾਰ ਵਿੱਚ ਪੰਜਾਬ ਤੋਂ ਦਿੱਲੀ ਏਅਰਪੋਰਟ ਨੂੰ ਜਾ ਰਿਹਾ ਸੀ। ਦਿੱਲੀ ਵੜਦਿਆਂ ਹੀ ਇਕ ਪੁਲੀਸ ਵਾਲੇ ਨੇ ਕਾਰ ਰੋਕ ਲਈ। ਸਭ ਕੁਝ ਠੀਕ ਹੁੰਦਿਆਂ ਵੀ ਕਾਰ ਇਕ ਪਾਸੇ ਲੁਆ ਲਈ ਕਿ ਦਿੱਲੀ ਵਿੱਚ ਟੈਕਸੀ ਚਲਾ ਰਹੇ ਹੋ। ਹਰ ਗੱਲ ਦੇ ਜਵਾਬ ਵਿੱਚ ਆਖੀ ਜਾਵੇ, ”ਬੜੇ ਸਾਹਿਬ ਆਕਰ ਹੀ ਫੈਸਲਾ ਕਰੇਂਗੇ।” ਪਰ ਬੜੇ ਸਾਹਿਬ ਨੇ ਕਿੱਥੋਂ ਆਉਣਾ ਸੀ? ਅਖੀਰ ਉਸਨੂੰ ਕੁਝ ਦੇ ਕੇ ਛੁਟਕਾਰਾ ਕਰਵਾਉਣਾ ਪਿਆ। ਇਸੇ ਤਰ੍ਹਾਂ ਇਕ ਵਾਰ ਤੜਕੇ ਜਿਹੇ ਜਲੰਧਰ ਤੋਂ ਅੰਮ੍ਰਿਤਸਰ ਨੂੰ ਕਾਰ ਵਿੱਚ ਜਾ ਰਿਹਾ ਸੀ ਕਿ ਰਸਤੇ ਵਿੱਚ ਨਾਕਾ ਲਾ ਕੇ ਖੜੀ ਪੁਲੀਸ ਨੇ ਕਾਰ ਰੋਕ ਲਈ। ਥਾਣੇਦਾਰ ਆਪ ਬਿਲਕੁਲ ਸ਼ਰਾਬੀ ਹੋਇਆ ਡਿਗਦਾ ਫਿਰਦਾ ਸੀ – ਲੋਕਾਂ ਸਿਰੋਂ ਪੀ ਕੇ। ਡਰਾਈਵਰ ਨੇ ਸਾਰੇ ਕਾਗ਼ਜ਼ ਦਿਖਾਏ ਜੋ ਬਿਲਕੁਲ ਠੀਕ ਸਨ। ਜਦੋਂ ਪੁਲੀਸ ਵਾਲਿਆਂ ਨੇ ਦੇਖਿਆ ਕਿ ਸਾਰੇ ਕਾਗ਼ਜ਼ ਠੀਕ ਹਨ ਤਾਂ ਉਨ੍ਹਾਂ ਨੂੰ ਹੱਥੋਂ ਸ਼ਿਕਾਰ ਨਿਕਲਦਾ ਚੰਗਾ ਨਾ ਲੱਗਾ। ਸ਼ਰਾਬੀ ਹੋਇਆ ਥਾਣੇਦਾਰ ਰੋਟੀ ਪਾਣੀ ਲਈ ਕੁਝ ਦੇ ਕੇ ਜਾਣ ਲਈ ਮਿੰਨਤਾਂ ਹੀ ਕਰਨ ਲੱਗ ਪਿਆ। ਪਰ ਅਸੀਂ ਉਸਨੂੰ ਕੁਝ ਨਾ ਦਿੱਤਾ। ਇਹ ਹਾਲਤ ਹੈ ਹਿੰਦੁਸਤਾਨ ਵਿੱਚ ਦੇਸ਼ ਦੇ ਰਾਖਿਆਂ ਦੀ।

ਅਸੀਂ ਹਿੰਦੁਸਤਾਨੀਆਂ ਨੇ ਤਾਂ ਬਾਹਰਲੇ ਮੁਲਕਾਂ ਵਿੱਚ ਆ ਕੇ ਵੀ ਹੇਰਾ ਫੇਰੀ ਅਤੇ ਬੇਈਮਾਨੀ ਨਹੀਂ ਛੱਡੀ। ਇਕ ਪਾਸੇ ਬੇਰੁਜ਼ਗਾਰੀ ਭੱਤਾ ਲੈਣਾ ਅਤੇ ਦੂਜੇ ਪਾਸੇ ਨਕਦ ਪੈਸੇ ਲੈ ਕੇ ਕੰਮ ਕਰਨਾ ਕਈ ਹਿੰਦੁਸਤਾਨੀਆਂ ਦਾ ਕੰਮ ਹੈ। ਬਹੁਤ ਸਾਰੇ ਵੱਡੇ ਵੱਡੇ ਧਨਾਢ ਹਿੰਦੁਸਤਾਨੀ ਇਨ੍ਹਾਂ ਮੁਲਕਾਂ ਵਿੱਚ ਪੁਲੀਸ ਅਫਸਰਾਂ, ਜੱਜਾਂ, ਅਤੇ ਰਾਜਨੀਤਕ ਲੀਡਰਾਂ ਨੂੰ ਕ੍ਰਿਸਮਿਸ ਤੇ ਬਹੁਤ ਮਹਿੰਗੇ ਮਹਿੰਗੇ ਤੋਹਫ਼ੇ ਦਿੰਦੇ ਹਨ ਤਾਂ ਜੋ ਲੋੜ ਪੈਣ ਵੇਲੇ ਇਨ੍ਹਾਂ ਤੋਂ ਕੰਮ ਲਿਆ ਜਾ ਸਕੇ। ਭਾਵੇਂ ਤੋਹਫ਼ੇ ਰਿਸ਼ਵਤ ਵਿੱਚ ਨਹੀਂ ਗਿਣੇ ਜਾਂਦੇ ਪਰ ਜਦੋਂ ਇਹ ਸਿਰਫ਼ ਭਵਿਖ ਵਿੱਚ ਆਪਣਾ ਕੰਮ ਕਢਵਾਉਣ ਲਈ ਦਿੱਤੇ ਜਾਣ ਤਾਂ ਇਹ ਇਕ ਕਿਸਮ ਦੀ ਰਿਸ਼ਵਤ ਹੀ ਬਣ ਜਾਂਦੇ ਹਨ। ਹੁਣ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਬੇਈਮਾਨੀ ਵਧਦੀ ਜਾ ਰਹੀ ਹੈ। ਕਾਰਨ ਹੈ ਬਾਹਰੋਂ ਹਿੰਦੁਸਤਾਨ, ਰੂਸ, ਇਟਲੀ, ਅਤੇ ਹੋਰ ਪੂਰਬੀ ਯੂਰਪ, ਅਫ਼ਰੀਕਾ, ਅਤੇ ਏਸ਼ੀਆ ਤੋਂ ਹਰ ਸਾਲ ਆਉਂਦੇ ਲੋਕ ਜਿਨ੍ਹਾਂ ਵਿੱਚੋਂ ਕਈ ਬੇਈਮਾਨੀ, ਚੋਰ-ਬਜ਼ਾਰੀ, ਅਤੇ ਹੇਰਾ ਫੇਰੀ ਨੂੰ ਆਪਣੇ ਨਾਲ ਹੀ ਲੈ ਆਉਂਦੇ ਹਨ। ਪਰ ਫ਼ਰਕ ਇੰਨਾ ਹੈ ਕਿ ਅਮਰੀਕਾ ਵਰਗੇ ਮੁਲਕਾਂ ਵਿੱਚ ਜੇ ਕੋਈ ਗ਼ਲਤ ਕੰਮ ਕਰਦਾ ਫੜਿਆ ਜਾਵੇ ਤਾਂ ਉਹ ਆਮ ਤੌਰ ਤੇ ਛੁੱਟਦਾ ਨਹੀਂ। ਬਹੁਤ ਸਾਰੇ ਮਸ਼ਹੂਰ ਰਾਜਨੀਤਕ ਅਤੇ ਧਾਰਮਿਕ ਲੀਡਰ ਹੇਰਾ ਫੇਰੀਆਂ ਲਈ ਜੇਲ੍ਹ ਗਏ ਹਨ। ਹੁਣੇ ਹੁਣੇ ਦੋ ਸੂਬਿਆਂ ਦੇ ਸਾਬਕਾ ਗਵਰਨਰ ਜੇਲ੍ਹ ਭੇਜੇ ਗਏ ਹਨ ਰਿਸ਼ਵਤ ਲੈਣ ਲਈ। ਹਿੰਦੁਸਤਾਨ ਵਿੱਚ ਕਿੰਨੇ ਕੁ ਰਾਜਨੀਤਕ ਜਾਂ ਧਾਰਮਿਕ ਲੀਡਰ ਜੇਲ੍ਹ ਗਏ ਹਨ? ਹਿੰਦੁਸਤਾਨ ਵਿੱਚ ਤਾਂ ਸ਼ਰ੍ਹੇਆਮ ਨਸਲੀ ਦੰਗੇ ਕਰਵਾ ਕੇ ਅਤੇ ਹਜ਼ਾਰਾਂ ਇਨਸਾਨ ਮਰਵਾ ਕੇ ਵੀ ਰਾਜਨੀਤਕ ਲੀਡਰ ਸਿਰਫ਼ ਅਜ਼ਾਦੀ ਨਾਲ ਘੁੰਮ ਹੀ ਨਹੀਂ ਰਹੇ ਸਗੋਂ ਚੋਣਾਂ ਵਿੱਚ ਵੀ ਜਿੱਤਦੇ ਹਨ।

ਹਿੰਦੁਸਤਾਨ ਵਿੱਚੋਂ ਬਾਹਰ ਆਉਂਦੇ ਕਈ ਗੀਤਕਾਰ ਅਤੇ ਰਾਜਨੀਤਕ ਅਤੇ ਧਾਰਮਿਕ ਲੀਡਰ ਆਪਣੇ ਨਾਲ ਪੈਸੇ ਲੈ ਕੇ ਬੰਦਿਆਂ ਨੂੰ ਲੈ ਆਉਂਦੇ ਹਨ ਜਿਹੜੇ ਫਿਰ ਕਦੇ ਵੀ ਵਾਪਸ ਨਹੀਂ ਜਾਂਦੇ। ਹੁਣੇ ਜਿਹੇ ਕੁਝ ਪੰਜਾਬੀ ਹਿੰਦੁਸਤਾਨ ਤੋਂ ਨਸ਼ੇ ਲੈ ਕੇ ਬਾਹਰ ਨੂੰ ਆਉਂਦੇ ਵੀ ਗ੍ਰਿਫ਼ਤਾਰ ਕਰ ਲਏ ਗਏ ਸਨ। ਬਹੁਤ ਸਾਰੇ ਪੰਜਾਬੀ ਗਭਰੂ ਜੋ ਕਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾਉਂਦੇ ਹਨ, ਇਨ੍ਹਾਂ ਟਰੱਕਾਂ ਵਿੱਚ ਨਸ਼ੇ ਲੈ ਕੇ ਆਉਂਦੇ ਫੜੇ ਗਏ ਹਨ ਅਤੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਸਜਾ ਭੁਗਤ ਰਹੇ ਹਨ।

ਟਰਾਂਸਪੇਰੈਂਸੀ ਇੰਟਰਨੈਸ਼ਨਲ (Transparency International) ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀ ਏਜੈਂਸੀ ਹੈ। ਇਹ ਏਜੈਂਸੀ ਹਰ ਸਾਲ ਹੀ ਇਕ ਸਰਵੇਖਣ ਕਰਦੀ ਹੈ ਇਹ ਦੇਖਣ ਲਈ ਕਿ ਸਾਰੇ ਮੁਲਕਾਂ ਵਿੱਚ ਕਿੰਨਾ ਕੁ ਭ੍ਰਿਸ਼ਟਾਚਾਰ ਹੈ। ਹਰ ਮੁਲਕ ਨੂੰ ਈਮਾਨਦਾਰੀ ਦੇ ਅਧਾਰ ਤੇ 0 ਤੋਂ 10 ਦੇ ਵਿਚਕਾਰ ਇਕ ਨੰਬਰ (index) ਨਿਯੁਕਤ ਕੀਤਾ ਜਾਂਦਾ ਹੈ। ਇੱਥੇ 0 ਨੰਬਰ ਦਾ ਅਰਥ ਹੈ ਕਿ ਇਸ ਮੁਲਕ ਵਿੱਚ ਕੋਈ ਈਮਾਨਦਾਰੀ ਨਹੀਂ, ਜਾਂ ਕਹਿ ਲਵੋ ਕਿ ਇੱਥੇ ਬੇਹੱਦ ਭ੍ਰਿਸ਼ਟਾਚਾਰ ਹੈ। ਅਤੇ 10 ਦਾ ਅਰਥ ਹੈ ਕਿ ਇੱਥੇ ਪੂਰੀ ਈਮਾਨਦਾਰੀ ਹੈ ਅਤੇ ਕੋਈ ਵੀ ਭ੍ਰਿਸ਼ਟਾਚਾਰ ਨਹੀਂ। ਸਾਲ 2007 ਦੇ ਸਰਵੇਖਣ ਅਨੁਸਾਰ, ਸਭ ਤੋਂ ਵੱਧ ਈਮਾਨਦਾਰੀ (ਜਾਣੀ ਕਿ ਘੱਟ ਭ੍ਰਿਸ਼ਟਾਚਾਰ) ਵਾਲੇ ਮੁਲਕ ਡੈਨਮਾਰਕ, ਫਿਨਲੈਂਡ, ਅਤੇ ਨਿਊਜ਼ੀਲੈਂਡ ਹਨ। ਇਨ੍ਹਾਂ ਤਿੰਨਾਂ ਮੁਲਕਾਂ ਨੂੰ 9.4 ਨੰਬਰ ਪ੍ਰਾਪਤ ਹੋਇਆ। ਸਰਵੇਖਣ ਕੀਤੇ ਗਏ 179 ਦੇਸ਼ਾਂ ਵਿੱਚੋਂ ਸਭ ਤੋਂ ਘੱਟ ਈਮਾਨਦਾਰ ਮੁਲਕ (ਜਾਣੀ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਵਾਲੇ ਮੁਲਕ) ਹਨ ਸੋਮਾਲੀਆ ਅਤੇ ਮਾਇਨਮਾਰ (ਪੁਰਾਣਾ ਬਰਮਾ)। ਇਨ੍ਹਾਂ ਦੋਹਾਂ ਮੁਲਕਾਂ ਨੂੰ 1.4 ਨੰਬਰ ਦਿੱਤਾ ਗਿਆ। ਇਨ੍ਹਾਂ 179 ਮੁਲਕਾਂ ਵਿੱਚੋਂ 84 ਮੁਲਕਾਂ ਵਿੱਚ ਹਿੰਦੁਸਤਾਨ ਨਾਲੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ। ਛੇ ਹੋਰ ਮੁਲਕਾਂ ਵਿੱਚ ਹਿੰਦੁਸਤਾਨ ਜਿੰਨਾਂ ਹੀ ਭ੍ਰਿਸ਼ਟਾਚਾਰ ਹੈ ਅਤੇ ਇਨ੍ਹਾਂ ਮੁਲਕਾਂ ਵਿੱਚ ਚੀਨ ਵੀ ਸ਼ਾਮਲ ਹੈ। ਹਿੰਦੁਸਤਾਨ ਸਣੇ ਇਨ੍ਹਾਂ ਸੱਤਾਂ ਮੁਲਕਾਂ ਨੂੰ ਸਿਰਫ਼ 3.5 ਨੰਬਰ ਮਿਲਿਆ।

ਜੇ ਚੀਨ ਵਲ ਦੇਖੀਏ ਤਾਂ ਲਗਦਾ ਹੈ ਕਿ ਚੀਨ ਅੰਤਰਰਾਸ਼ਟਰੀ ਪੂੰਜੀ ਨੂੰ ਖਿੱਚਣ ਲਈ ਭ੍ਰਿਸ਼ਟਾਚਾਰ ਨੂੰ ਘਟਾ ਰਿਹਾ ਹੈ। ਪਿੱਛੇ ਜਿਹੇ ਹੀ ਚੀਨ ਦੀ ਇਕ ਖਿਡੌਣੇ ਬਣਾਉਣ ਵਾਲੀ ਫੈਕਟਰੀ ਦੇ ਮੁਖੀ ਨੇ ਭ੍ਰਿਸ਼ਟਾਚਾਰ ਦੀ ਨਮੋਸ਼ੀ ਨਾ ਸਹਾਰਦਿਆਂ ਹੋਇਆਂ ਆਤਮਹੱਤਿਆ ਕਰ ਲਈ ਸੀ। ਮਈ 2007 ਨੂੰ ਚੀਨ ਵਿੱਚ ਖਾਣੇ ਅਤੇ ਦੁਆਈਆਂ ਦੇ ਵਿਭਾਗ ਦੇ 1998 ਤੋਂ 2005 ਤੱਕ ਰਹਿ ਚੁੱਕੇ ਮੁਖੀ Zheng Xiaoyu ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤਾਂ ਲੈ ਕੇ ਗ਼ਲਤ ਦੁਆਈਆਂ ਨੂੰ ਮਨਜ਼ੂਰੀ ਦੇਣ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ। ਅਕਤੂਬਰ 2007 ਦੀ ਇਕ ਖ਼ਬਰ ਅਨੁਸਾਰ, ਚੀਨ ਵਿੱਚ 774 ਇਨਸਾਨ ਖਾਣੇ ਵਾਲੀਆਂ ਚੀਜ਼ਾਂ, ਦੁਆਈਆਂ ਆਦਿ ਵਿੱਚ ਮਿਲਾਵਟਾਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਏ ਗਏ ਸਨ। ਨਵੰਬਰ 2007 ਦੇ ਅਖੀਰ ਵਿੱਚ ਚੀਨ ਦੇ ਬਹੁਤ ਅਮੀਰ ਇਨਸਾਨ zhou Zhengyi ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਤੇ ਟੈਕਸ ਨਾ ਦੇਣ ਦੇ ਦੋਸ਼ ਵਿੱਚ 16 ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਪਰ ਹਿੰਦੁਸਤਾਨ ਇਸ ਪੱਖ ਵਿੱਚ ਹਾਲੇ ਬਹੁਤ ਪਿੱਛੇ ਹੈ। ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ।

ਹਿੰਦੁਸਤਾਨ ਵਿੱਚ ਸਾਨੂੰ ਕਦਰਾਂ ਕੀਮਤਾਂ ਅਤੇ ਇਨਸਾਨਾਂ ਦੇ ਚਰਿਤਰ ਨੂੰ ਸੁਧਾਰਨ ਵਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਇਹ ਕੰਮ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਚੰਗੇ ਈਮਾਨਦਾਰ ਲੀਡਰ ਚੁਣੀਏ, ਰਿਸ਼ਵਤਖੋਰ ਅਫ਼ਸਰਾਂ ਨੂੰ ਰਿਸ਼ਵਤਾਂ ਦੇਣ ਦੀ ਥਾਂ ਉਨ੍ਹਾਂ ਦੇ ਵਿਰੁੱਧ ਰਿਪੋਰਟਾਂ ਲਿਖਾਈਏ, ਮਾਂ-ਪਿਓ ਆਪਣੇ ਬੱਚਿਆਂ ਨੂੰ ਈਮਾਨਦਾਰੀ ਸਿਖਾਉਣ। ਜੇ ਬੱਚੇ ਘਰ ਵਿੱਚ ਮਾਂ ਪਿਓ ਨੂੰ ਬੇਈਮਾਨੀਆਂ ਕਰਦੇ ਦੇਖਣ ਤਾਂ ਉਹ ਵੀ ਇਹੋ ਕੁਝ ਕਰਨਗੇ। ਸਕੂਲਾਂ ਵਿੱਚ ਵੀ ਈਮਾਨਦਾਰੀ ਸਿਖਾਉਣ ਵਲ ਧਿਆਨ ਦੇਣ ਦੀ ਲੋੜ ਹੈ। ਬੇਈਮਾਨੀ ਕਰਨ ਵਾਲਿਆਂ ਅਤੇ ਰਿਸ਼ਵਤਖ਼ੋਰਾਂ ਨੂੰ ਬਹੁਤ ਹੀ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲਿਆਂ ਲਈ ਤਾਂ ਮੌਤ ਦੀ ਸਜ਼ਾ ਵੀ ਬਹੁਤ ਥੋੜ੍ਹੀ ਹੈ।

ਸਭ ਤੋਂ ਵੱਧ ਜ਼ਰੂਰਤ ਹੈ ਸਾਨੂੰ ਸੁਚੇਤ ਹੋਣ ਦੀ। ਜੇ ਅਸੀਂ ਕੋਈ ਗ਼ਲਤ ਕੰਮ ਹੁੰਦਾ ਦੇਖਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਵਿਰੁੱਧ ਅਵਾਜ਼ ਉਠਾਈਏ। ਚੁੱਪ ਕਰਕੇ ਬੈਠਣ ਨਾਲ ਅਤੇ ਬੇਈਮਾਨੀਆਂ ਸਹਿਣ ਨਾਲ ਅਸੀਂ ਵੀ ਉਨ੍ਹਾਂ ਲੋਕਾਂ ਦਾ ਸਾਥ ਦਿੰਦੇ ਹਾਂ।

No comments:

Post a Comment