Tuesday, 27 March 2012

ਰਾਜੋਆਣਾ ਦੀ ਫਾਂਸੀ ਤੇ ਪੰਜਾਬ

ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਸੁਣਾਈ ਗਈ ਫਾਂਸੀ ਨੂੰ ਲੈ ਕੇ ਜਿਥੇ ਹਰ ਪਾਸੇ ਵੱਡੀ ਪੱਧਰ 'ਤੇ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ, ਉਥੇ ਇਸ ਫ਼ੈਸਲੇ ਸਬੰਧੀ ਕਈ ਵਿਵਾਦ ਵੀ ਪੈਦਾ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਵਿਧਾਨ ਸਭਾ 'ਚ ਬੋਲਦਿਆਂ ਸਪੱਸ਼ਟ ਸ਼ਬਦਾਂ 'ਚ ਇਹ ਕਿਹਾ ਹੈ ਕਿ ਇਸ ਕੇਸ 'ਚ ਕਈ ਕਾਨੂੰਨੀ ਤੇ ਸੰਵਿਧਾਨਕ ਖਾਮੀਆਂ, ਕਮਜ਼ੋਰੀਆਂ ਤੇ ਅੜਚਣਾਂ ਹਨ, ਜਿਸ ਕਰਕੇ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਰਨੀ ਅਸੰਭਵ ਹੈ। ਇਸ ਸਬੰਧੀ ਉਨ੍ਹਾਂ ਨੇ ਕਈ ਉਦਾਹਰਨਾਂ ਵੀ ਦਿੱਤੀਆਂ ਹਨ ਤੇ ਇਹ ਵੀ ਕਿਹਾ ਹੈ ਕਿ ਸਰਕਾਰ ਵੱਲੋਂ ਹੋਰ ਕਾਨੂੰਨੀ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਸਬੰਧੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਵੀ ਮਿਲਣਗੇ।

ਇਸ ਕੇਸ ਨਾਲ ਸੰਬੰਧਿਤ ਕਈ ਭਾਵੁਕ ਪਹਿਲੂ ਵੀ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਸ ਨਾਲ ਕੋਈ ਤਕਨੀਕੀ ਆਧਾਰ ਤਾਂ ਨਹੀਂ ਜੋੜਿਆ ਜਾ ਸਕਦਾ ਪਰ ਇਨ੍ਹਾਂ ਨੂੰ ਉੱਠੀ ਸਮੁੱਚੀ ਭਾਵਨਾ ਦੇ ਮੱਦੇਨਜ਼ਰ ਸਮਝੇ ਜਾਣ ਦੀ ਜ਼ਰੂਰਤ ਹੈ। ਜੇਕਰ ਸਮੇਂ ਸਿਰ ਇਨ੍ਹਾਂ ਨੂੰ ਨਾ ਸਮਝਿਆ ਗਿਆ ਤਾਂ ਇਸ ਨਾਲ ਬਹੁਤੇ ਸਿੱਖ ਮਨਾਂ 'ਚ ਮੁੜ ਬੇਗਾਨਗੀ ਦੀ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਹੈ। ਅਜਿਹੀ ਹੀ ਭਾਵਨਾ ਨੂੰ ਮਰਹੂਮ ਸ: ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਸਮਝਿਆ ਹੈ। ਇਸੇ ਹੀ ਤਰਜ਼ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਮੌਜੂਦਾ ਰਾਜ ਸਰਕਾਰ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਮੰਤਵ ਲਈ ਪਟੀਸ਼ਨ ਜਾਂ ਅਪੀਲ ਕਰਨਗੇ ਤਾਂ ਉਹ ਉਸ ਦਾ ਸਮਰੱਥਨ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਚਾਹੇ ਕਾਨੂੰਨ ਅਨੁਸਾਰ ਹੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਰ ਉਸ ਨੇ ਵੀ ਸਮੁੱਚੇ ਹਾਲਾਤ ਨੂੰ ਵੇਖਦੇ ਹੋਏ ਇਸ ਮਾਮਲੇ 'ਚ ਨਰਮ ਰਵੱਈਆ ਹੀ ਅਖ਼ਤਿਆਰ ਕੀਤਾ ਲੱਗਦਾ ਹੈ। ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਅਮਨ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਪੰਜਾਬ ਲੰਮਾ ਸਮਾਂ ਵੱਡਾ ਸੰਤਾਪ ਹੰਢਾਅ ਚੁੱਕਾ ਹੈ। ਸੂਬੇ ਦਾ ਇਸ ਸਮੇਂ ਦੌਰਾਨ ਵੱਡਾ ਨੁਕਸਾਨ ਹੋਇਆ ਹੈ। ਬਿਨਾਂ ਸ਼ੱਕ ਇਸ ਅਰਸੇ ਨੇ ਨਫ਼ਰਤ ਦੇ ਮਾਹੌਲ ਨੂੰ ਜਨਮ ਦਿੱਤਾ। ਆਪਸੀ ਤਲਖੀ ਬੇਹੱਦ ਵਧ ਗਈ, ਪਰ ਹੁਣ ਸਭ ਵੱਲੋਂ ਅਨੇਕਾਂ ਯਤਨਾਂ ਸਦਕਾ ਇਸ ਪੱਖੋਂ ਮਾਹੌਲ ਠੀਕ ਹੈ। ਇਹ ਵੀ ਆਸ ਕੀਤੀ ਜਾਂਦੀ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਸੁਖਾਵੇਂ ਬਣੇ ਰਹੇ ਤਾਂ ਜਿਥੇ ਆਮ ਲੋਕਾਂ ਦੀਆਂ ਮੁਢਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਹੋ ਸਕਦੇ ਹਨ, ਦੇਰ-ਸਵੇਰ ਪੰਜਾਬ ਮੁੜ ਖੁਸ਼ਹਾਲੀ ਦੀ ਰਾਹ 'ਤੇ ਵਧਦਾ ਨਜ਼ਰ ਆ ਸਕਦਾ ਹੈ।

ਬਿਨਾਂ ਸ਼ੱਕ ਪੰਜਾਬੀਆਂ ਦੀ ਭਾਈਚਾਰਕ ਸਾਂਝ ਕਾਫੀ ਲੰਮੇ ਸਮੇਂ ਤੋਂ ਬਣੀ ਆ ਰਹੀ ਹੈ ਪਰ ਇਸ ਅਰਸੇ ਦੌਰਾਨ ਕਈ ਵਾਰ ਅਜਿਹਾ ਕੁਝ ਵੀ ਵਾਪਰਦਾ ਰਿਹਾ, ਜਿਸ ਨੇ ਇਸ ਸਾਂਝ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਸੀ, ਜਿਸ ਨਾਲ ਅਜਿਹਾ ਮਾਹੌਲ ਪੈਦਾ ਹੋ ਗਿਆ, ਜੋ ਹਰ ਪੱਖੋਂ ਪੰਜਾਬੀਆਂ ਲਈ ਹਾਨੀਕਾਰਕ ਸੀ। ਅੱਜ ਪੰਜਾਬੀ ਭਾਈਚਾਰੇ ਦੇ ਲੋਕ ਸਮੁੱਚੇ ਦੇਸ਼ ਤੇ ਵਿਦੇਸ਼ਾਂ 'ਚ ਫੈਲੇ ਹੋਏ ਹਨ। ਹਰ ਥਾਂ 'ਤੇ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਵੀ ਬਣਾਈ ਹੈ। ਚਾਹੇ ਪੰਜਾਬ ਅੱਜ ਬੇਹੱਦ ਛੋਟਾ ਹੋ ਕੇ ਰਹਿ ਗਿਆ ਹੈ ਪਰ ਵਿਦੇਸ਼ਾਂ 'ਚ ਵਸਦੇ ਲੱਖਾਂ ਪੰਜਾਬੀਆਂ ਦੀ ਕਿਸੇ ਨਾ ਕਿਸੇ ਤਰ੍ਹਾਂ ਇਸ ਨਾਲ ਭਾਵੁਕ ਸਾਂਝ ਬਣੀ ਰਹੀ ਹੈ। ਇਸੇ ਲਈ ਜੇਕਰ ਇਥੇ ਕੁਝ ਅਨੋਖਾ ਵਾਪਰਦਾ ਹੈ ਤਾਂ ਇਸ ਦੇ ਅਨੇਕਾਂ ਤਰ੍ਹਾਂ ਦੇ ਵੱਡੇ ਪ੍ਰਤੀਕਰਮ ਉਨ੍ਹਾਂ ਤਰਫ਼ੋਂ ਸਾਹਮਣੇ ਆਉਂਦੇ ਹਨ। ਬਿਨਾਂ ਸ਼ੱਕ ਅੱਜ ਇਹ ਮਸਲਾ ਅਜਿਹਾ ਬਣ ਚੁੱਕਾ ਹੈ ਜਿਸ ਨਾਲ ਜੇਕਰ ਸੁਚੱਜੇ ਢੰਗ ਨਾਲ ਨਾ ਨਿਪਟਿਆ ਗਿਆ ਤਾਂ ਪੰਜਾਬ ਦੇ ਹਾਲਾਤ ਇਕ ਵਾਰ ਮੁੜ ਖਰਾਬ ਹੋ ਸਕਦੇ ਹਨ। ਅਸੀਂ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਦੀ ਭਾਵਨਾ ਨੂੰ ਸਮਝਦੇ ਹਾਂ। ਅਸੀਂ ਪੈਦਾ ਹੋਈ ਇਸ ਸਥਿਤੀ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿੱਢੀਆਂ ਸਰਗਰਮੀਆਂ ਨੂੰ ਵੀ ਵੇਖ ਰਹੇ ਹਾਂ। ਇਸ ਲਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੈਦਾ ਹੋਈ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਣਾ ਜ਼ਰੂਰੀ ਹੈ ਤਾਂ ਜੋ ਤਪੇ ਹੋਏ ਮਨ ਸ਼ਾਂਤ ਹੋ ਸਕਣ, ਤਾਂ ਜੋ ਆਪਸੀ ਪਰੰਪਰਾਗਤ ਸਾਂਝ ਬਣੀ ਰਹੇ, ਤਾਂ ਜੋ ਪੰਜਾਬ ਦੇ ਗੌਰਵ ਨੂੰ ਹੋਰ ਉੱਚਾ ਉਠਾਇਆ ਜਾ ਸਕੇ।

No comments:

Post a Comment