ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਵੇਂ ਅੱਜ ਕੁੱਝ ਲੋਕ ਅੱਤਵਾਦੀ ਜਾਂ ਉਗਰਵਾਦੀ ਵੀ ਕਹਿੰਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਖ਼ੁਦ ਵੀ ਪੰਜਾਬ ਵਿਚ ਆਏ ਉਸ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਜਿਸ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਲਈਆਂ ਸਨ। ਸਾਲ 1991 'ਚ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਭੜਕਾਉਣ 'ਤੇ ਭਾਈ ਰਾਜੋਆਣਾ ਦੇ ਸਾਬਕਾ ਫ਼ੌਜੀ ਪਿਤਾ ਸ. ਮਲਕੀਤ ਸਿੰਘ ਨੂੰ ਕੁੱਝ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ। ਉਸ ਵੇਲੇ ਦੀ ਸਰਕਾਰ ਅਤੇ ਪੁਲਿਸ ਦੀ ਯੋਜਨਾ ਸੀ ਕਿ ਅੱਤਵਾਦ ਦਾ ਸ਼ਿਕਾਰ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਉਨ੍ਹਾਂ ਨੂੰ ਖਾੜਕੂਆਂ ਦੇ ਵਿਰੁੱਧ ਵਰਤਿਆ ਜਾਵੇ। ਇਸੇ ਤਹਿਤ ਪੁਲਿਸ ਅਧਿਕਾਰੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਤਵਾਦ ਤੋਂ ਪੀੜਤ ਦਾ ਦਰਜਾ ਦੇ ਕੇ ਪੁਲਿਸ ਵਿਚ ਸਿਪਾਹੀ ਭਰਤੀ ਕਰ ਲਿਆ ਸੀ। ਪਿੰਡ ਦੇ ਲੋਕਾਂ ਅਨੁਸਾਰ ਉਸ ਵੇਲੇ ਭਾਈ ਰਾਜੋਆਣਾ ਨੇ ਕਿਹਾ ਸੀ ਕਿ 'ਖ਼ੁਦ ਨੂੰ ਖਾੜਕੂ ਦੱਸਣ ਵਾਲੇ ਜਿਨ੍ਹਾਂ ਲੋਕਾਂ ਨੇ ਉਸ ਦੇ ਨਿਰਦੋਸ਼ ਬਾਪ ਨੂੰ ਮਾਰਿਆ ਹੈ, ਉਹ ਨਕਲੀ ਖਾੜਕੂ ਨੇ, ਜੇਕਰ ਮੌਕਾ ਮਿਲਿਆ ਤਾਂ ਦੱਸਾਂਗਾ ਕਿ ਅਸਲੀ ਖਾੜਕੂ ਕੀ ਹੁੰਦੇ ਨੇ'। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਨੇ ਆਪਣੇ ਬੋਲਾਂ ਨੂੰ ਪੁਗਾ ਕੇ ਵੀ ਵਿਖਾਇਆ। ਜਦੋਂ ਉਸ ਨੂੰ ਅਧਿਕਾਰੀਆਂ ਨੇ ਪੁਲਿਸ ਵਿਚ ਭਰਤੀ ਕਰਕੇ ਖੁੱਲ੍ਹੀ ਛੁੱਟੀ ਦਿੱਤੀ ਸੀ ਕਿ ਜੇ ਕਰ ਉਹ ਚਾਹੇ ਤਾਂ ਆਪਣੇ ਬਾਪ ਦੇ ਕਾਤਲਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਟਿਕਾਣੇ ਲਗਾ ਸਕਦਾ ਹੈ, ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦਾ ਕਸੂਰ ਨਹੀਂ ਸਗੋਂ ਉਨ੍ਹਾਂ ਦੀ ਸੋਚ ਹੀ ਛੋਟੀ ਹੈ। ਫਿਰ ਜਦੋਂ ਉਸ ਦੇ ਸਬੰਧ ਨਾਮੀ ਖਾੜਕੂਆਂ ਨਾਲ ਬਣੇ ਤਾਂ ਫਿਰ ਖਾੜਕੂਆਂ ਨੇ ਵੀ ਭਾਈ ਰਾਜੋਆਣਾ ਨੂੰ ਆਪਣੇ ਪਿਤਾ ਦੇ ਕਾਤਲਾਂ ਦਾ ਸਿਰਫ਼ ਨਾਮ ਦੱਸਣ ਲਈ ਕਿਹਾ ਸੀ, ਪਰ ਉਦੋਂ ਵੀ ਭਾਈ ਰਾਜੋਆਣਾ ਨੂੰ ਉਹ ਹੀ ਗੱਲ ਦੁਹਰਾਉਂਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਚੁੱਕਾ ਹੈ। ਇਸ ਉੱਚੀ ਸੋਚ ਦੀ ਝਲਕ ਉਸ ਵੱਲੋਂ ਲਿਖੀਆਂ ਜੋਸ਼ੀਲੀਆਂ ਤਕਰੀਰਾਂ ਅਤੇ ਇਨਕਲਾਬੀ ਨਜ਼ਮਾਂ 'ਚੋਂ ਵੀ ਦਿਸਦੀ ਹੈ। ਇਸ ਤੋਂ ਇਲਾਵਾ ਜਿਸ ਹਰਪਿੰਦਰ ਸਿੰਘ ਗੋਲਡੀ ਨੂੰ ਭਾਈ ਰਾਜੋਆਣਾ ਨੇ ਆਪਣਾ ਛੋਟਾ ਭਰਾ ਬਣਾਇਆ ਸੀ, ਉਸ ਨੂੰ ਭਾਵੇਂ ਪੁਲਿਸ ਨੇ ਖਾੜਕੂ ਕਹਿ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪਰ ਉਹ ਗੋਲਡੀ ਵੀ ਇੱਕ ਕਮਿਊਨਿਸਟ ਸੋਚ ਵਾਲੇ ਪਰਿਵਾਰ 'ਚੋਂ ਸੀ। ਉਸ ਦੇ ਪਿਤਾ ਜਸਵੰਤ ਸਿੰਘ ਮਹਿਰਾਜ ਇਲਾਕੇ ਦੇ ਅਜਿਹੇ ਨਾਮਵਰ ਕਾਮਰੇਡ ਨੇਤਾ ਰਹੇ ਹਨ, ਜਿਨ੍ਹਾਂ ਕਿ ਕਮਿਊਨਿਸਟ ਹੋਣ ਦੇ ਨਾਲ ਨਾਲ ਅੰਮ੍ਰਿਤ ਵੀ ਛੱਕਿਆ ਹੋਇਆ ਸੀ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਉਨ੍ਹਾਂ ਦੀ ਹੀ ਬੇਟੀ ਹੈ।
ਭਾਈ ਰਾਜੋਆਣਾ ਬਾਰੇ ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਮੌਤ ਹੋ ਜਾਣ ਕਾਰਨ ਭਾਈ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਉਨ੍ਹਾਂ ਦੀ ਚਾਚੀ-ਮਾਸੀ ਨੇ ਹੀ ਪਾਲ੍ਹਿਆ ਸੀ। ਪਿੰਡ ਰਾਜੋਆਣਾ ਦੇ ਨਾਲ ਲੱਗਦੇ ਸਰਕਾਰੀ ਹਾਈ ਸਕੂਲ ਪਿੰਡ ਹੇਰ੍ਹਾਂ ਤੋਂ ਦਸਵੀਂ ਕਰਨ ਉਪਰੰਤ ਉਨ੍ਹਾਂ ਗੁਰੂਸਰ ਸਿਧਾਰ ਕਾਲਜ 'ਚ ਬੀ. ਏ. 'ਚ ਦਾਖ਼ਲਾ ਲਿਆ ਸੀ, ਪਰ ਪਿਤਾ ਦਾ ਕਤਲ ਹੋਣ ਤੇ ਵਿਚੇ ਹੀ ਪੜ੍ਹਾਈ ਛੱਡ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਆਪਣੀ ਇੱਛਾ ਨਾਲ ਕਮਾਂਡੋ ਸਿਖਲਾਈ ਲਈ। ਇਸ ਉਪਰੰਤ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨਾਲ ਬੇਅੰਤ ਸਿੰਘ ਕਤਲਕਾਂਡ ਦੀ ਰੂਪਰੇਖਾ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਦੋਸਤ ਨਾਲ ਗੱਲ ਕੀਤੀ ਸੀ ਕਿ ਉਸ ਕੋਲ ਤਾਂ ਸਿਰਫ਼ ਇੱਕ ਸਟੇਨਗੰਨ ਹੀ ਹੁੰਦੀ ਹੈ, ਇਸ ਲਈ ਉਹ ਸਾਡੇ ਲਈ ਵੱਡੇ ਅਸਲੇ ਦਾ ਪ੍ਰਬੰਧ ਕਰ ਕੇ ਦੇਵੇ। ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਵਾਰਦਾਤ ਦੀ ਪੂਰੀ ਵਿਊਂਤ ਤਿਆਰ ਕਰਨ ਤੱਕ ਵੀ ਉਨ੍ਹਾਂ ਦਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸੰਪਰਕ ਨਹੀਂ ਸੀ।
No comments:
Post a Comment