Wednesday 4 April 2012
ਢਿੱਡੋ ਭੁੱਖਾ...ਨਾਮ ਅੰਨਦਾਤਾ
‘ਚਪੇੜ’ ਕਿਰਤੀ ਦੇ ਹੀ ਕਿਉਂ ਪੈਂਦੀ ਹੈ। ਟਰੈਫਿਕ ਪੁਲੀਸ ਦਾ ਹੱਥ ਜਦੋਂ ਉਠਦਾ ਹੈ ਤਾਂ ਕੰਨ ਗਰੀਬ ਰਿਕਸ਼ਾ ਚਾਲਕ ਦਾ ਸੁੰਨ ਹੁੰਦਾ ਹੈ। ਕਿਸੇ ਚੌਂਕ ’ਚ ਕਾਰ ਵਾਲੇ ਨੂੰ ਪੁੱਛਿਆ ਨਹੀਂ ਜਾਂਦਾ। ਭੀੜ ਭੜੱਕੇ ਵਾਲੇ ਚੌਂਕ ’ਚ ਗਲਤੀ ਕੋਈ ਵੀ ਕਰੇ, ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ। ਕਿਉਂ ਬੁਲਡੋਜ਼ਰ ਗਰੀਬ ਦੀ ‘ਝੁੱਗੀ’ ਨੂੰ ਦੇਖ ਕੇ ਹੌਸਲਾ ਫੜਦਾ ਹੈ। ਵੱਡੇ ਬਨੇਰਿਆਂ ਨੂੰ ਦੇਖ ਕਿਉਂ ਪਾਸਾ ਵੱਟਦਾ ਹੈ। ਸਿਲਾਈ ਮਸ਼ੀਨ ਲਈ ਤਰਲਾ ਪਾਉਂਦੀ ਵਿਧਵਾ ਬੀਬੀ ਦਾ ਘਸਮੈਲਾ ਚਿਹਰਾ ਦੇਖ ‘ਸਰਕਾਰੀ ਬਾਬੂ’ ਦਾ ਮੂੰਹ ਲਾਲ ਪੀਲਾ ਕਿਉਂ ਹੁੰਦਾ ਹੈ। ਇਹੋ ਮੂੰਹ ‘ਨੀਲੀ’ ਜਾਂ ਫਿਰ ‘ਚਿੱਟੀ’ ਵਾਲਿਆਂ ਨੂੰ ਦੇਖ ਕੇ ਕਿਉਂ ਸੁੱਕਣ ਲੱਗ ਜਾਂਦਾ ਹੈ। ਕਿਸੇ ਆਦਿਵਾਸੀ ਦੀ ਬੱਕਰੀ ਕਿਸੇ ਦਰੱਖਤ ਨੂੰ ਮੂੰਹ ਮਾਰ ਜਾਏ ਤਾਂ ਉਸ ਨੂੰ ਹਰਿਆਲੀ ’ਤੇ ਹਮਲਾ ਸਮਝਿਆ ਜਾਂਦੈ।। ਝੱਟੋ ਝੱਟ ਉਸ ਗਰੀਬ ’ਤੇ ਪੁਲੀਸ ਕੇਸ ਵੀ ਬਣਦਾ ਹੈ। ਉਨ੍ਹਾਂ ਦਾ ਵਾਲ ਵਿੰਗਾ ਕਿਉਂ ਨਹੀਂ ਹੁੰਦਾ ਜੋ ਪੂਰੇ ਦੇ ਪੂਰੇ ਜੰਗਲ ਹਜ਼ਮ ਕਰ ਜਾਂਦੇ ਹਨ। ਵਡਿਆਈ ਅੰਨਦਾਤਾ ਕਹਿ ਕੇ ਕਰਦੇ ਹਾਂ, ਪਿਐ ਖੁਦਕਸ਼ੀ ਦੇ ਰਾਹ, ਕਿਉਂ ? ਕੋਈ ਨਹੀਂ ਸੋਚਦਾ। ਜਿਗਰਾ ਦੇਖੋ, ਖੁਦ ਢਿੱਡੋਂ ਭੁੱਖਾ, ਫਿਰ ਵੀ ਫਿਕਰ ਹਰ ਢਿੱਡ ਦਾ ਕਰਦਾ ਹੈ। ਇਥੇ ਤਾਂ ਇਕੱਲੇ ਸਕੂਲ ਵੱਖੋ ਵੱਖਰੇ ਨਹੀਂ, ਸਕੂਲੀ ਛੁੱਟੀਆਂ ਦੇ ਮਾਹਣੇ ਵੀ ਅੱਡੋ ਅੱਡ ਨੇ। ਤਿੱਖੜ ਗਰਮੀ ’ਚ ਤੀਲਾ ਤੀਲਾ ਇਕੱਠਾ ਕਰਨਾ, ਪੂਰੇ ਵਰ੍ਹੇ ਦੀ ਫੀਸ ਦਾ ਪ੍ਰਬੰਧ ਕਰਨਾ,ਮੋਠੂ ਮਹਿਰੇ ਦੇ ਮੁੰਡੇ ਦੇ ਹਿੱਸੇ ਆਇਆ ਹੈ। ਇਕੱਲਾ ਸਰਪੈਚਾਂ ਦਾ ਮੁੰਡਾ ਹੀ ‘ਪਹਾੜਾਂ’ ਦੀ ਕਿਉਂ ਗੱਲ ਕਰਦੈ ਹੈ।
ਬਾਬੇ ਨਾਨਕ ਦੇ ‘ਕਿਰਤੀ’ ਦਾ ਅੱਜ ਇਹ ਹਾਲ ਹੈ। ਬਾਬਾ ਨਾਨਕ ਹੀ ਸੀ ਜਿਸ ਨੇ ਆਖਿਆ ਸੀ ,‘ਕਿਰਤ ਕਰੋ, ਵੰਡ ਛਕੋ।’ ਇੱਥੇ ਛੱਕਣ ਵਾਲੇ ਹੋਰ ਹਨ, ਕਿਰਤੀ ਤਾਂ ਮਿੱਟੀ ’ਚ ਮਿੱਟੀ ਹੋ ਜਾਂਦਾ ਹੈ। ਚਾਤੁਰ ਲੋਕ ਇਸ ਨੂੰ ਕਰਮਾਂ ਦੀ ਖੇਡ ਆਖ ਛੱਡਦੇ ਹਨ। ਤਾਂ ਜੋ ‘ਕਿਰਤੀ’ ਜਾਗ ਨਾ ਸਕੇ। ਖੈਰ, ਕਿਰਤੀ ਜਾਗੇ ਚਾਹੇ ਨਾ ਜਾਗੇ, ਕਾਨੂੰਨ ਜਾਗ ਪਏ,‘ਅਲਾਮਤਾਂ’ ਦਾ ਹੱਲ ਜ਼ਰੂਰ ਬਣ ਸਕਦੈ। ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਜ਼ਮੀਰ ਜਾਗ ਪਏ ਤਾਂ ਫਿਰ ਕੋਈ ਮੁਸ਼ਕਲ ਵੱਡੀ ਨਹੀਂ। ਜਿਨ੍ਹਾਂ ਨੂੰ ਪੂਰੇ 62 ਵਰ੍ਹਿਆਂ ਤੋਂ ਸੌਣ ਦੀ ਆਦਤ ਪਈ ਹੋਈ ਹੈ, ਉਹ ਇੰਝ ਜਾਗਣਗੇ, ਇਹ ਵੀ ਅਸੰਭਵ ਹੈ। ਖੁਦ ਜਾਗਣਾ ਪੈਣਾ ਹੈ ਤੇ ਫਿਰ ਉਨ੍ਹਾਂ ਸੁੱਤੇ ਸਰੀਰਾਂ ਨੂੰ ਹਲੂਣਾ ਦੇਣਾ ਪੈਣਾ ਹੈ ਜੋ ਸਮਾਜ ’ਚ ਲੋਥ ਬਣੇ ਹੋਏ ਹਨ। ਕਮੀ ਕਾਨੂੰਨ ਦੀ ਨਹੀਂ ਹੈ। ਬੱਸ ਲਾਗੂ ਕਰਨ ਦੀ ਹੈ। ਭਾਰਤੀ ਸੰਵਿਧਾਨ ਜਦੋਂ ਬਣਾਇਆ ਗਿਆ ਤਾਂ ਕਈ ਮੁਲਕਾਂ ਦੇ ਸੰਵਿਧਾਨਾਂ ਨੂੰ ਘੋਖਿਆ ਗਿਆ, ਕਈ ਮੁਲਕਾਂ ਦੇ ਸੰਵਿਧਾਨ ਦੇ ਹਰ ਚੰਗੇ ‘ਨਿਚੋੜ’ ਨੂੰ ਮਿਲਾ ਕੇ ਭਾਰਤੀ ਸੰਵਿਧਾਨ ਰਚਿਆ ਗਿਆ। ਸਮੇਂ ਮੁਤਾਬਿਕ ਇਸ ਨੂੰ ਸੋਧਣ ਦੀ ਕਸਰ ਵੀ ਨਹੀਂ ਛੱਡੀ ਗਈ, 395 ਆਰਟੀਕਲਾਂ ਵਾਲੇ ਸੰਵਿਧਾਨ ’ਚ ਸੌ ਤੋਂ ਵੱਧ ਸੋਧਾਂ ਵੀ ਹੋ ਗਈਆਂ ਹਨ। ਮਗਰੋਂ ਵੀ ਨਵੇਂ ਨਵੇਂ ਕਾਨੂੰਨ ਘੜ ਦਿੱਤੇ ਗਏ ਹਨ। ਸੁਆਲ ਏਨਾ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਦਾ ਹੈ। ਇੰਗਲੈਂਡ ਦਾ ਕੋਈ ਲਿਖਤੀ ਸੰਵਿਧਾਨ ਨਹੀਂ,ਉਥੇ ਫਿਰ ਵੀ ਕਾਨੂੰਨ ਦਾ ਰਾਜ ਹੈ।
ਅਮਰੀਕਾ ਦੇ ਸੰਵਿਧਾਨ ਦੇ ਕੇਵਲ ਸੱਤ ਆਰਟੀਕਲ ਹਨ। ਕਰੀਬ ਦੋ ਢਾਈ ਸੌ ਸਾਲਾਂ ’ਚ ਕੇਵਲ 30 ਕੁ ਸੋਧਾਂ ਹੋਈਆਂ ਹਨ। ਕਾਨੂੰਨ ਤੋਂ ਬਿਨ੍ਹਾਂ ਉਥੇ ਪੱਤਾ ਨਹੀਂ ਹਿਲਦਾ। ਇੱਥੇ ਦਰੱਖਤ ਹਿੱਲੀ ਜਾਣ, ਕਾਨੂੰਨ ਨੂੰ ਲਾਗੂ ਕਰਨ ਵਾਲੇ ਟੱਸ ਤੋਂ ਮੱਸ ਨਹੀਂ ਹੁੰਦੇ। ਫਰੀਦਕੋਟ ਦੀ ਅਨਾਜ ਮੰਡੀ ’ਚ ਇੱਕ ਛੋਟੀ ਜਿਹੀ ਮਜ਼ਦੂਰ ਬੱਚੀ ਨੇ ਦੋ ਚਾਰ ਮੁੱਠਾਂ ਕਣਕ ਚੋਰੀ ਕਰਨ ਲਈ। ਸਜਾ ਇਹ ਮਿਲੀ ਕਿ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ ਦਿੱਤਾ ਗਿਆ। ਉਹ ਕੁਰਲਾਉਂਦੀ ਰਹੀ,ਸਭ ਤਮਾਸ਼ਾ ਦੇਖਦੇ ਰਹੇ। ਆਖਰ ਮੀਡੀਏ ਦੀ ਬਦੌਲਤ ਉਸ ਦੀ ਜਾਨ ਬਚੀ। ਜੋ ‘ਚੋਰ’ ਬੋਹਲਾਂ ਦੇ ਬੋਹਲ ਛਕ ਜਾਂਦੇ ਹਨ, ਉਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਬੰਨਿਆ। ਸਭ ਅੱਖਾਂ ਮੀਟ ਲੈਂਦੇ ਹਨ। ਦੱਸਦੇ ਹਨ ਕਿ ਪਿਛਲੇ ਦਿਨੀ ‘ਵੱਡੇ ਘਰਾਣੇ’ ਦੀ ਵੱਡੀ ਤੇ ਠੰਡੀ ਬੱਸ ਨੇ ਇੱਕ ਗਰੀਬ ਔਰਤ ਨੂੰ ਕੁਚਲ ਦਿੱਤਾ। ਕੌਣ ਇਨਸਾਫ ਮੰਗੇ ਤੇ ਕਿਸ ਤੋਂ ਮੰਗੇ। ‘ਵੱਡੇ ਘਰਾਣੇ’ ਦੀ ਪੁਲੀਸ ਨੇ ਔਰਤ ਨੂੰ ਪਾਗਲ ਐਲਾਨ ਦਿੱਤਾ। ਮੌਤ ਦੇ ਮਾਮਲੇ ਨੂੰ ਪਲਾਂ ’ਚ ਰਫਾ ਦਫਾ ਕਰ ਦਿੱਤਾ ਗਿਆ। ਇਸੇ ਪੁਲੀਸ ਵਲੋਂ ਉਦੋਂ ਸਭ ਧਾਰਾਵਾਂ ਲਗਾ ਕੇ ਆਈ.ਟੀ.ਆਈ ਦੇ ਮੁੰਡਿਆਂ ’ਤੇ ਕੇਸ ਦਰਜ ਕਰ ਦਿੱਤਾ ਜਿਨ੍ਹਾਂ ਆਪਣੇ ‘ਹੱਕ’ ਮੰਗਦੇ ਹੋਏ ‘ਵੱਡੇ ਘਰਾਣੇ’ ਦੀ ਬੱਸ ਨੂੰ ਘੇਰਨ ਦੀ ਹਿੰਮਤ ਦਿਖਾ ਦਿੱਤੀ ਸੀ। ਗੁੱਸੇ ’ਚ ਆਏ ਮੁੰਡਿਆਂ ਨੇ ਕੁਝ ਸ਼ੀਸ਼ੇ ਵੀ ਤੋੜ ਦਿੱਤੇ ਸਨ।
ਪੰਜਾਬ ’ਚ ਵੀਆਨਾ ਕਾਂਡ ਵਜੋਂ ਜੋ ਹਿੰਸਾ ਹੋਈ ਤਾਂ ਉਦੋਂ ਹਕੂਮਤੀ ਪਰਿਵਾਰ ਦੀ ਹਰ ਬੱਸ ਦੀ ਰਾਖੀ ਕਰਨ ਵਾਸਤੇ ਰਾਜ ਦੀ ਪੁਲੀਸ ਪੱਬਾਂ ਭਾਰ ਰਹੀ। ਮੋਹਾਲੀ, ਬਰਨਾਲਾ ਤੇ ਬਠਿੰਡਾ ਦੀ ਪੁਲੀਸ ਨੇ ਪੁਲੀਸ ਲਾਈਨਾਂ ਆਦਿ ’ਚ ਇਨ੍ਹਾਂ ਬੱਸਾਂ ਨੂੰ ਖੜਾ ਕਰਕੇ ਪਹਿਰਾ ਦਿੱਤਾ ਤਾਂ ਜੋ ਇੱਕ ਪਰਿਵਾਰ ਦੀ ਸੰਪਤੀ ਦਾ ਕੋਈ ਨੁਕਸਾਨ ਨਾ ਹੋ ਜਾਏ। ਉਸੇ ਹਿੰਸਾ ’ਚ ਲੋਕਾਂ ਦੀ ਸੰਪਤੀ ਭਾਵ ਸਰਕਾਰੀ ਬੱਸਾਂ ਸੜਕਾਂ ’ਤੇ ਸੜਦੀਆਂ ਰਹੀਆ, ਕਿਸੇ ਨੂੰ ਕੋਈ ਫਿਕਰ ਨਹੀਂ ਸੀ। ਇੱਥੇ ਨੀਤੀ ਹੀ ਦੋਹਰੀ ਹੈ। ਆਮ ਲੋਕਾਂ ਲਈ ਕਾਨੂੰਨ ਹੋਰ ਹੈ ਤੇ ਖਾਸ ਲੋਕਾਂ ਲਈ ਹੋਰ ਵਿਧੀ ਵਿਧਾਨ ਹਨ। ‘ਆਪਣਿਆਂ’ ਤੇ ‘ਬਿਗਾਨਿਆਂ’ ’ਚ ਇੱਕ ਲੀਕ ਖਿੱਚੀ ਗਈ ਹੈ। ਪਿਸਦੀ ਆਮ ਜਨਤਾ ਹੀ ਹੈ। ਜਮਹੂਰੀ ਰਾਜ ’ਚ ਵਡਿਆਈ ਤਾਂ ਲੋਕਾਂ ਦੀ ਇੱਥੋਂ ਤੱਕ ਕੀਤੀ ਜਾਂਦੀ ਹੈ ਕਿ ਉਹ ‘ਮਾਲਕ’ ਹਨ ਰਾਜ ਭਾਗ ਦੇ। ਕੁਰਸੀ ’ਤੇ ਬੈਠਣ ਵਾਲੇ ਤੇ ਇਹ ਸਭ ਅਫਸਰ ਵਗੈਰਾ ਉਨ੍ਹਾਂ ਦੇ ਸੇਵਕ ਹਨ। ਮਹਾਤਮਾ ਗਾਂਧੀ ਨੇ ਜਨਤਾ ਨੂੰ ਅਸਲੀ ਮਾਲਕ ਦੱਸਿਆ ਸੀ। ਹਕੀਕਤ ਇਹ ਹੈ ਕਿ ਜਨਤਾ ਕੇਵਲ ਇੱਕ ਦਿਨ ਹੀ ‘ਮਾਲਕ’ ਹੁੰਦੀ ਹੈ ਜਿਸ ਦਿਨ ਵੋਟਾਂ ਪੈਂਦੀਆਂ ਹਨ, ਮੁੜ ਪੰਜ ਸਾਲ ਗੁਲਾਮੀ ਹੀ ਹੰਢਾਉਂਦੀ ਹੈ। ਲੋਕ ਰਾਜ ਦੀ ਗੁਲਾਮੀ। ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਵੱਡਾ ਲੋਕ ਰਾਜੀ ਮੁਲਕ ਹੈ। ਲੋਕ ਰਾਜ ਦੀ ਗੱਦੀ ’ਤੇ ਬੈਠਣ ਵਾਲੇ ਕਿੰਨੇ ‘ਵੱਡੇ’ ਬਣ ਜਾਂਦੇ ਹਨ, ਇਸ ਤੋਂ ਵੀ ਕੋਈ ਅਣਜਾਣ ਨਹੀਂ ਹੈ।
ਇਹੋ ‘ਵੱਡੇ’ ਜੋ ਕਰਤੂਤਾਂ ਕਰਦੇ ਹਨ, ਕਿਸੇ ਤੋਂ ਭੁੱਲਿਆ ਨਹੀਂ। ਅਸੈਂਬਲੀ ’ਚ ‘ਪੱਗਾਂ’ ਉਛਲੀ ਜਾਣ, ਕੋਈ ਗੱਲ ਨਹੀਂ। ਮਾਮੂਲੀ ਮਾਮਲਾ ਦੱਸਿਆ ਜਾਂਦਾ ਹੈ। ਜਦੋਂ ਇਹ ਮਾਮੂਲੀ ਹੈ ਤਾਂ ਫਿਰ ‘ਹੱਕ’ ਮੰਗਦੇ ਲੋਕਾਂ ਦਾ ਮੂੰਹ ‘ਡੰਡੇ’ ਨਾਲ ਬੰਦ ਕਰਨਾ ਕਿਵੇਂ ਜਾਇਜ਼ ਹੈ। ਜਦੋਂ ‘ਵੱਡੇ’ ਨੇਤਾ ਦੇ ਜਲਸੇ ’ਚ ‘ਹੱਕਾਂ ਵਾਲੇ’ ਗੱਜਦੇ ਹਨ ਤਾਂ ਉਨ੍ਹਾਂ ਨੂੰ ‘ਖਲੱਲ’ ਪਾਉਣ ਵਾਲੇ ਆਖਿਆ ਜਾਂਦਾ ਹੈ। ਪਾਰਲੀਮੈਂਟ ’ਚ ਉਸੇ ਨੇਤਾ ਵਲੋਂ ਕੀਤਾ ਜੂਤ ਪਤਾਂਗ ‘ਖਲੱਲ’ ਨਹੀਂ, ਦੇਸ਼ ਭਗਤੀ ਅਖਵਾਉਂਦਾ ਹੈ। ਮੁਲਕ ’ਚ ਕਾਨੂੰਨ ਤਾਂ ਇੱਕ ਹੈ, ਲਾਗੂ ਕਰਨ ਵਾਲੇ ‘ਬੰਦੇ’ ਦੀ ਸ਼ਕਲ ਦੇਖਕੇ ਲਾਗੂ ਕਰਦੇ ਹਨ। ਰੁਚਿਕਾ ਗਿਰਹੋਤਰਾ ਦੇ ਮਾਪਿਆਂ ਲਈ ਉਹੋ ਰਾਹ ਹੁਣ ਲਿਫ ਰਹੇ ਹਨ ਜਿਨ੍ਹਾਂ ਰਾਹਾਂ ਦੀ ਖਾਕ ਉਹ ਵਰ੍ਹਿਆਂ ਤੋਂ ਛਾਣ ਰਹੇ ਸਨ। ਕਾਨੂੰਨ ਉਹੀ ਹੈ ਜੋ 19 ਸਾਲ ਪਹਿਲਾਂ ਸੀ। ਫਰਕ ਏਨਾ ਹੈ ਕਿ ਉਦੋਂ ਲੋਕ ਤਾਕਤ ਦੇ ਹੱਥ ਜੁੜੇ ਨਹੀਂ ਸਨ। ਰਾਠੌਰ ਦੀ ਸ਼ਕਲ ਤੋਂ ਕਾਨੂੰਨ ਵੀ ਭੈਅ ਖਾਦਾਂ ਸੀ। ਫਿਰ ਲਾਗੂ ਕਰਨ ਵਾਲਿਆਂ ਦੀ ਕੀ ਮਜ਼ਾਲ। ਉਪਰਲੇ ਸੁਆਲਾਂ ਦਾ ਇਹੋ ਜੁਆਬ ਹੈ। ਕਿਹਾ ਜਾਂਦਾ ਹੈ ਕਿ ਲੋਕ ਰਾਜ ’ਚ ਸਿਰ ਗਿਣੇ ਜਾਂਦੇ ਹਨ। ਸੱਚ ਇਹ ਵੀ ਹੈ ਕਿ ਇਨ੍ਹਾਂ ਸਿਰਾਂ ਦੀ ਰਾਖੀ ਕਰਨ ਵਾਲੇ ਹੱਥ ਜਦੋਂ ਇੱਕ ਤੇ ਇੱਕ ਮਿਲ ਕੇ ਦੋ ਬਣਦੇ ਹਨ ਤਾਂ ਹਕੂਮਤ ਦੀ ਕੁਰਸੀ ਹਿੱਲਣ ਲੱਗ ਜਾਂਦੀ ਹੈ। ਅਫਸੋਸ ਇਹ ਹੈ ਕਿ ਇਸ ਕੁਰਸੀ ’ਤੇ ਬੈਠਣ ਵਾਲਿਆਂ ਨੇ ਇਨ੍ਹਾਂ ਹੱਥਾਂ ਨੂੰ ਅੱਡੋ ਅੱਡ ਰੱਖਣ ਲਈ ਨਿੱਤ ਜਾਲ ਵਿਛਾਏ ਹਨ।
ਇਹ ਜਾਲ ‘ਚੰਦ’ ਟਕਿਆਂ ਦਾ ਵੀ ਹੈ। ਜਾਤ ਪਾਤ ਦਾ ਵੀ ਹੈ। ਫਿਰਕਾਪ੍ਰਸਤੀ ਦਾ ਵੀ ਹੈ। ਨਿੱਤ ਨਵੇਂ ਜਾਲ ਬੁਣੇ ਜਾਂਦੇ ਹਨ। ਢੰਗ ਤਰੀਕੇ ਇਜਾਦ ਕੀਤੇ ਜਾਂਦੇ ਹਨ। ਲੋਕ ਰਾਜ ਦੀ ਮੱਛੀ ਕਿਤੇ ਭੇਤੀ ਨਾ ਹੋ ਜਾਏ, ਇਸੇ ਡਰ ਚੋਂ ਨਵੇਂ ਨਵੇਂ ਜਾਲ ਲਿਆਂਦੇ ਜਾਂਦੇ ਹਨ। ‘ਕਿਰਤੀ’ ਨੂੰ ਤਾਂ ਕਬੀਲਦਾਰੀ ਹੀ ਸਾਹ ਨਹੀਂ ਲੈਣ ਦਿੰਦੀ, ਹੱਕਾਂ ਦੇ ਚੇਤੇ ਦੀ ਵਿਹਲ ਕਿਥੇ। ਜਦੋਂ ਇਹੋ ‘ਕਿਰਤੀ’ ਆਪਣੀ ਕਬੀਲਦਾਰੀ ਦੀ ਗੁੰਝਲ ਦਾ ਰਾਜ ਸਮਝ ਜਾਏਗਾ ਤਾਂ ਫਿਰ ਉਸਦੇ ਬੱਚਿਆਂ ਨੂੰ ਬਾਪ ਦੀ ਰਾਹ ਨਹੀਂ ਤੱਕਣੀ ਪਏਗੀ। ‘ਬਿਰਧ ਬੇਬੇ’ ਨੂੰ ਬੁਢਾਪਾ ਪੈਨਸ਼ਨ ਲੈਣ ਲਈ ‘ਸੰਗਤ ਦਰਸ਼ਨਾਂ’ ’ਚ ਹੱਥ ਜੋੜਣ ਦੀ ਲੋੜ ਨਹੀਂ ਰਹਿਣੀ। ਮਹਿਰੇ ਦਾ ਮੁੰਡਾ ਵੀ ਸਰਪੰਚਾਂ ਦੇ ਮੁੰਡੇ ਵਾਂਗ ਸੋਚੇਗਾ। ਸਭ ਦੇ ਪੇਟ ਭਰਨ ਵਾਲਾ ਅੰਨਦਾਤਾ ਖੁਦਕਸ਼ੀ ਕਰੇਗਾ ਨਹੀਂ,ਖੁਦਕਸ਼ੀ ਬਣੇਗਾ। ਵਿਧਵਾ ਬੀਬੀ ਨੂੰ ਸਿਲਾਈ ਮਸ਼ੀਨ ਵਾਸਤੇ ਇੰਝ ਸਰਕਾਰੀ ਬਾਬੂ ਦੀ ਝਿੜਕ ਨਹੀਂ ਖਾਣੀ ਪਏਗੀ। ਬਿਜਲੀ ਦਾ ਖੰਭਾ ਵੀ ਬੱਚੀ ਨੂੰ ਨਹੀਂ, ਬੋਹਲ ਖਾਣ ਵਾਲਿਆਂ ਨੂੰ ਉਡੀਕੇਗਾ। ਜਾਲ ਚੋਂ ਨਿਕਲਣ ਲਈ ਹਾਲੇ ‘ਵੱਡਾ’ ਸਮਾਂ ਲੱਗੇਗਾ। ਦੇਰ ਹੈ ,ਅੰਧੇਰ ਨਹੀਂ।
Subscribe to:
Post Comments (Atom)
No comments:
Post a Comment