Wednesday 11 April 2012

ਇਨਸਾਨ ਅਤੇ ਇਨਸਾਨੀਅਤ

ਕੱਟੜਤਾ - ਧਾਰਮਿਕ ਅਤੇ ਦੂਜੇ ਵਿਚਾਰਾਂ ਬਾਰੇ - ਦੁਨੀਆਂ ਨੂੰ ਨਰਕ ਬਣਾ ਰਹੀ ਹੈ। ਉਮੀਦ ਸੀ ਕਿ ਵਿਦਵਤਾ ਦੇ ਪਸਾਰੇ ਨਾਲ ਅਤੇ ਤਕਨੀਕੀ ਉੱਨਤੀ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਸੁਧਰਨਗੀਆਂ ਅਤੇ ਲੋਕਾਂ ਵਿੱਚ ਨਫ਼ਰਤ ਦੀ ਥਾਂ ਪਿਆਰ ਵਧੇਗਾ। ਪਰ ਹੋਇਆ ਬਿਲਕੁਲ ਇਸਦੇ ਉਲਟ ਹੈ। ਕੁਝ ਲੋਕਾਂ ਦੇ ਵਿਚਾਰ ਹੋਰ ਵੀ ਕੱਟੜ ਹੋ ਗਏ ਹਨ। ਸਹਿਣਸ਼ੀਲਤਾ ਗੁੰਮ ਹੋ ਗਈ ਹੈ। ਪਿਆਰ ਅਤੇ ਹਮਦਰਦੀ ਘਟਦੇ ਜਾ ਰਹੇ ਹਨ। ਨਫ਼ਰਤ ਅਤੇ ਸਵਾਰਥਪੁਣਾ ਵਧ ਰਹੇ ਹਨ। ਇਨਸਾਨਾਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਰਹੀ ਹੈ। ਹੈਵਾਨੀਅਤ ਵਧਦੀ ਜਾ ਰਹੀ ਹੈ। ਇਸਦਾ ਅੰਤ ਕਦੋਂ, ਕਿਵੇਂ, ਅਤੇ ਕਿੱਥੇ ਜਾ ਕੇ ਹੋਵੇਗਾ? ਇਸ ਬਾਰੇ ਸੋਚ ਕੇ ਸਰੀਰ ਨੂੰ ਝੁਣਝੁਣੀਆਂ ਆਉਣ ਲੱਗ ਜਾਂਦੀਆਂ ਹਨ। ਕੁਝ ਲੋਕ ਸੰਸਾਰ ਨੂੰ ਤਬਾਹੀ ਵਲ ਬਹੁਤ ਹੀ ਤੇਜ਼ੀ ਨਾਲ ਲੈ ਕੇ ਜਾ ਰਹੇ ਹਨ।

ਇਹ ਗੱਲ ਸਿਰਫ਼ ਇਕ ਮੁਲਕ ਦੀ ਨਹੀਂ ਸਗੋਂ ਦੁਨੀਆਂ ਦੇ ਬਹੁਤੇ ਮੁਲਕਾਂ ਦੀ ਹੈ। ਜੋ ਹਮਲਾ ਅਤੇ ਵਾਰਦਾਤਾਂ ਆਸਟਰੀਆ ਦੇ ਸ਼ਹਿਰ ਵੀਏਨਾ (ਪੰਜਾਬੀ ਵਿੱਚ ਭਾਵੇਂ ਅਖ਼ਬਾਰਾਂ ਇਸਨੂੰ ਵਿਆਨਾ ਲਿਖਦੀਆਂ ਹਨ ਪਰ Vienna ਦਾ ਅਸਲੀ ਉਚਾਰਨ ਵੀਏਨਾ ਹੈ) ਦੇ ਇਕ ਗੁਰਦੁਆਰੇ ਵਿੱਚ ਹੋਈਆਂ ਹਨ, ਉਨ੍ਹਾਂ ਦੀ ਨਿਖੇਧੀ ਕਰਨੀ ਅਤੇ ਉਸਦੇ ਵਿਰੁੱਧ ਅਵਾਜ਼ ਉਠਾਉਣੀ (ਪਰ ਸ਼ਾਂਤਮਈ ਢੰਗ ਨਾਲ) ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ। ਹਰ ਇਨਸਾਨ ਦੇ ਵਿਚਾਰ ਵੱਖਰੇ ਹਨ ਅਤੇ ਹਰ ਇਨਸਾਨ ਨੂੰ ਆਪਣੇ ਢੰਗ ਨਾਲ ਸੋਚਣ, ਵਿਚਰਣ, ਅਤੇ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਜੇ ਕਰ ਇਸ ਨਾਲ ਦੂਜੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਹੋਵੇ। ਆਪਣੇ ਵਿਚਾਰ ਦੂਜਿਆਂ ਤੇ ਠੋਸਣੇ, ਜਾਂ ਦੂਜਿਆਂ ਨੂੰ ਵਿਚਾਰ ਬਦਲਣ ਲਈ ਮਜਬੂਰ ਕਰਨਾ, ਜਾਂ ਕਿਸੇ ਨੂੰ ਉਸਦੇ ਵੱਖਰੇ ਵਿਚਾਰਾਂ ਕਾਰਨ ਸੱਟ ਚੋਟ ਲਾਉਣੀ ਜਾਂ ਸਿਰਫ਼ ਵੱਖਰੇ ਵਿਚਾਰਾਂ ਦੇ ਅਧਾਰ ਤੇ ਕਿਸੇ ਦਾ ਕਤਲ ਕਰਨਾ ਗ਼ਲਤ ਹੀ ਨਹੀਂ ਸਗੋਂ ਘੋਰ ਜੁਰਮ ਹੈ ਜਿਸਦੀ ਸਜ਼ਾ ਕਰੜੀ ਤੋਂ ਕਰੜੀ ਮਿਲਣੀ ਚਾਹੀਦੀ ਹੈ।

ਅੱਜ ਕੱਲ ਜਿਸ ਤਰ੍ਹਾਂ ਦੁਨੀਆਂ ਵਿੱਚ ਮਾਸੂਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ - ਜ਼ਿਆਦਾ ਕੱਟੜਤਾ ਦੇ ਨਾਂ ਤੇ - ਉਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਇਨਸਾਨਾਂ ਦੇ ਕਤਲ ਇਸ ਤਰ੍ਹਾਂ ਹੋ ਰਹੇ ਹਨ ਜਿਵੇਂ ਉਹ ਬਦਾਮ ਜਾਂ ਅਖਰੋਟ ਨੂੰ ਭੰਨਣ ਤੋਂ ਵੀ ਸੌਖੇ ਹੋਣ। ਦੂਜਿਆਂ ਦੀ ਮਦਦ ਕਰਨ ਨਾਲੋਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਜ਼ਿਆਦਾ ਪ੍ਰਚਲਤ ਹੋ ਗਿਆ ਹੈ। ਵੀਏਨਾ ਵਿਚਲੇ ਕਾਤਲਾਨਾ ਹਮਲੇ ਤੋਂ ਬਾਦ ਉਸਦੇ ਪ੍ਰਤੀਕਰਮ ਵਜੋਂ ਜੋ ਪੰਜਾਬ ਵਿੱਚ ਵਾਪਰਿਆ ਉਸਦੀ ਵੀ ਉਤਨੀ ਹੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਜਿਤਨੀ ਵੀਏਨਾ ਦੇ ਹਮਲੇ ਦੀ। ਜੋ ਲੋਕਾਂ ਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਨੁਕਸਾਨ (ਜਾਨੀ ਹਾਂ ਹੋਰ) ਹੋਇਆ ਹੈ, ਉਸਨੂੰ ਕਿਸੇ ਪੱਖ ਤੋਂ ਵੀ ਠੀਕ ਨਹੀਂ ਆਖਿਆ ਜਾ ਸਕਦਾ। ਫੱਟੜ ਹੋਣ ਤੋਂ ਇਲਾਵਾ ਲੋਕਾਂ ਨੂੰ ਜੋ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਦਿੱਕਤਾਂ ਅਤੇ ਔਖਿਆਈਆਂ ਦਾ ਸਾਂਭਣਾ ਕਰਨਾ ਪਿਆ ਹੈ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਘਟਨਾ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨਾ ਜਾਇਜ਼ ਹੈ ਪਰ ਇਸ ਰੋਸੇ ਨੂੰ ਪ੍ਰਗਟਾਉਣ ਦੇ ਵੱਖਰੇ ਵੱਖਰੇ ਢੰਗ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਠੀਕ ਹਨ ਅਤੇ ਕੁਝ ਗ਼ਲਤ ਹਨ। ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਰੋਸ ਭੰਨ ਤੋੜ ਕਰ ਕੇ ਅਤੇ ਲੋਕਾਂ ਨੂੰ ਕੁੱਟ ਮਾਰ ਕਰ ਕੇ ਪ੍ਰਗਟ ਕੀਤਾ ਹੈ, ਉਹ ਵੀ ਉਨ੍ਹਾਂ ਕਾਤਲਾਂ ਤੋਂ ਵਧੀਆ ਇਨਸਾਨ ਨਹੀਂ ਹੋ ਸਕਦੇ ਜਿਨ੍ਹਾਂ ਨੇ ਵੀਏਨਾ ਵਿੱਚ ਗੋਲੀਆਂ ਚਲਾਈਆਂ ਸਨ। ਭੰਨ ਤੋੜ ਕਰ ਕੇ, ਰਾਹ ਰੋਕ ਕੇ, ਅਤੇ ਕੁੱਟ ਮਾਰ ਕਰ ਕੇ ਮਾਸੂਮ ਲੋਕਾਂ ਨੂੰ ਕਸ਼ਟ ਪਹੁੰਚਾਉਣ ਵਾਲੇ ਕਿਸੇ ਤਰ੍ਹਾਂ ਵੀ ਕਿਸੇ ਦੀ ਹਮਦਰਦੀ ਅਤੇ ਸਮਰਥਨ ਦੇ ਹੱਕਦਾਰ ਨਹੀਂ। ਬੱਸਾਂ ਨੂੰ, ਕਾਰਾਂ ਨੂੰ, ਅਤੇ ਹੋਰ ਨਿੱਜੀ ਜਾਂ ਸਰਕਾਰੀ ਜਾਇਦਾਦ ਨੂੰ ਅੱਗ ਲਾ ਕੇ ਸਾੜਨਾ ਇਕ ਚੰਗਾ ਕੰਮ ਨਹੀਂ ਸਗੋਂ ਬੇਵਕੂਫ਼ੀ ਹੈ ਜਿਸਨੂੰ ਭੰਡਣਾ ਹਰ ਇਨਸਾਨ ਦਾ ਕੰਮ ਹੈ।

ਧਰਮ ਦੇ ਨਾਂ ਤੇ ਜੋ ਜੋ ਸ਼ਰਮਨਾਕ ਘਟਨਾਵਾਂ ਦੁਨੀਆਂ ਵਿੱਚ ਹੋ ਰਹੀਆਂ ਹਨ, ਧਰਮ ਨੂੰ ਸਹੀ ਢੰਗ ਨਾਲ ਸਮਝਣ ਵਾਲੇ ਲੋਕ ਕਦੇ ਵੀ ਉਨ੍ਹਾਂ ਦੇ ਹੱਕ ਵਿੱਚ ਨਾਹਰਾ ਨਹੀਂ ਲਾਉਣਗੇ। ਇਹੋ ਜਿਹੀਆਂ ਘਟਨਾਵਾਂ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਚਾਹੇ ਇਹ ਆਸਟਰੀਆ ਵਿੱਚ ਵਾਪਰੀ ਵਾਰਦਾਤ ਹੈ, ਜਾਂ ਪੰਜਾਬ ਵਿੱਚ ਕੀਤੀ ਗਈ ਭੰਨ ਤੋੜ ਅਤੇ ਹੁੱਲੜਬਾਜ਼ੀ ਹੈ, ਜਾਂ ਹਿੰਦੁਸਤਾਨ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਫ਼ਿਰਕੂ ਦੰਗੇ ਹਨ, ਜਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਤਾਲੀਬਾਨ ਵਲੋਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਬੰਬ ਬਲਾਸਟ ਹਨ, ਜਾਂ ਇਰਾਕ ਵਿੱਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸ ਵਿੱਚ ਲੜਾਈ ਹੈ, ਜਾਂ ਇਰਾਨ ਵਿੱਚ ਧਰਮ ਦੀ ਆੜ ਲੈ ਕੇ ਲੋਕਾਂ ਦੀ ਅਜ਼ਾਦੀ ਨੂੰ ਕੁਚਲਨਾ ਹੈ, ਜਾਂ ਕਈ ਮੁਲਕਾਂ ਵਿੱਚ ਧਰਮ ਦੇ ਗ਼ਲਤ ਅਰਥ ਕੱਢ ਕੇ ਔਰਤਾਂ ਤੇ ਕੀਤੇ ਅਤਿਆਚਾਰ ਹਨ, ਜਾਂ ਅਫ਼ਰੀਕਾ ਦੇ ਕਈ ਮੁਲਕਾਂ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਲੀਡਰਾਂ ਵਲੋਂ ਬਨਾਉਟੀ ਤੌਰ ਤੇ ਪੈਦਾ ਕੀਤੀ ਭੁੱਖ-ਮਾਰ ਹੈ, ਅਤੇ ਜਾਂ ਫਿਰ ਉੱਤਰੀ ਕੋਰੀਆ ਵਲੋਂ ਬੱਚਿਆਂ ਨੂੰ ਭੁੱਖੇ ਰੱਖ ਕੇ ਮਿਸਲਾਂ ਅਤੇ ਬੰਬਾਂ ਤੇ ਪੈਸਾ ਖਰਚਣਾ ਹੈ।


No comments:

Post a Comment