Friday, 20 April 2012

ਭਾਣਾ

             ਮਨੁੱਖ ਦੀ ਸੋਚ ਸਵਾਰਥੀ ਹੈ ਆਪਣੇ ਆਪ ਨੂੰ ਦੂਜਿਆ ਨਾਲੋ ਉੱਚਾ ਦੇਖਣ ਦੀ ਭਾਵਨਾ ਨੇ ਇਸ ਨੂੰ ਪਰਵਾਰ ਦੇ ਮੁਖੀ ਤੋਂ ਸੰਸਾਰ ਦਾ ਮੁਖੀ ਬਣਨ ਦੀ ਲੋਚਾ ਤੱਕ ਲੈ ਆਂਦਾ । ਸੰਸਾਰਕ ਸੁਖ ਭੋਗਣ ਲਈ ਮੁਖੀ ਲੋਕਾਂ ਨੇ ਆਮ ਲੋਕਾਂ ਨੂੰ ਖੋਹ ਖੁਹਾਈ ਕਰ ਨਿਮਾਣੇ ਨਿਤਾਣੇ ਬਣਾ ਛੱਡਿਆ । ਕੁਛ ਤਾਂ ਲੋਕ ਪਹਿਲਾਂ ਹੀ ਕੁਦਰਤ ਦੇ ਨਾ ਸਮਝ ਅਉਣ ਵਾਲੇ ਵਰਤਾਰਿਆਂ ਤੋਂ ਡਰਦਾ ਸੀ ਉੱਪਰੋ ਡਾਢੇ ਲੋਕਾਂ ਹੋਰ ਡਰਾ ਕੇ ਇਹ ਗੱਲ ਜਚਾ ਦਿੱਤੀ ਕਿ ਕਿਸੇ ਅਦਿੱਖ ਸ਼ਕਤੀ ਨੇ ਸਾਨੂੰ ਹੁਕਮ ਕਰਨ ਲਈ ਅਤੇ ਤੁਹਾਨੂੰ ਹੁਕਮ ਮੰਨਣ ਲਈ ਹੀ ਪੈਦਾ ਕੀਤਾ ਹੈ
              ਸਮਾਜਿਕ ਵਰਤਾਰੇ ਵਿੱਚ ਕਾਣੀ ਵੰਡ ਦੇਖਦਿਆਂ , ਕਿ ਕਿਵੇਂ ਵਰਨ ਵੰਡ ,ਅਤੇ ਤਕੜਿਆਂ ਦੇ ਆਪਣੇ ਹੱਕ ਵਿੱਚ ਸਾਜੇ ਕਨੂੰਨ ਦੀ ਆੜ ਵਿੱਚ ਮਾੜੇ ਨਾਲ਼ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ , ਕੁਝ ਜਾਗੇ ਹੋਏ ਲੋਕਾਂ ਨੇ ਪਿਸ ਰਹੀ ਲੋਕਾਈ ਨੂੰ ਜਗਾਉਣ ਲਈ ਅਵਾਜ ਉਠਾਈ ਤੇ ਇੱਕ ਅਜਿਹਾ ਸਮਾਜ ਸਿਰਜਣ ਦਾ ਯਤਨ ਕੀਤਾ । ਸ਼ਰਧਾ ਵੱਸ ਨਵੇਂ ਸਮਾਜ ਸਿਰਜਕ ਇਨਕਲਾਬੀ ਜੋਧਿਆਂ ਨੂੰ ਲੋਕਾਂ ਨੇ ਰੱਬ ਦੀ ਥਾਂ ਟਿਕਾ ਦਿੱਤਾ (ਭਾਵੇਂ ਕਿ ਉਹ ਵਿਅਕਤੀ ਆਪਣੀਆਂ ਲਿਖਤਾਂ ਵਿੱਚ ਆਪਣੇ ਆਪ ਦੇ ਰੱਬ ਨਾ ਹੋਣ ਦੀਆਂ ਦੁਹਾਈਆਂ ਪਉਂਦੇ ਰਹੇ) ਉਹਨਾਂ ਦੀ ਸੋਚ ਨੂੰ ਨਵਾਂ ‘ਧਰਮ’ ਬਣਾ ਦਿੱਤਾ । ਨਵਾਂ ਸੋਚ ਹੁਲਾਰਾ ਦੇ ਆਪਣੀ ਉਮਰ ਭੋਗ ਰਹਿਬਰ ਲੋਕ ਤਾਂ ਚਲੇ ਗਏ ਪਰ ਸਮਾ ਬੀਤਣ ਨਾਲ ਉਹਨਾਂ ਦਾ ਸਿਧਾਂਤ ਫਿਰ ਲੋਟੂ ਟੋਲੇ ਦੇ ਹੱਥ ਆ ਗਿਆ । ਲੋਟੂ ਟੋਲੇ ਨੇ ਹੱਕ ਸੱਚ ਦੇ ਸਿਧਾਂਤ ਨੂੰ ਫਿਰ ਆਪਣੇ ਬਣਾਏ ਅਰਥ ਦੇ ਕੇ ਆਮ ਲੋਕਾਂ ਨੂੰ ਫਿਰ ਧਾਰਮਿਕ ਪਖੰਡਾਂ ਦੇ ਸੰਗਲਾਂ ਵਿੱਚ ਜਕੜ ਲਿਆ ।
                ਫਿਰ ਅਸਲ ਵਿੱਚ ਰੱਬ ਦੇ ਹੁਕਮ ਦਾ ਸੰਕਲਪ ਜੋ ਧਾਰਮਿਕ ਲੋਕਾਂ ਵੱਲੋਂ ਦਿੱਤਾ ਗਿਆ ਕੀ ਹੈ ? ਇਸ ਗੱਲ ਨੂੰ ਸਮਝਣ ਲਈ ਦੁਨਿਆਵੀ ਉਦਾਹਰਣ ਦਾ ਆਸਰਾ ਲਈਏ । ਹਰ ਦੇਸ ਵਿੱਚ ਸੜਕੀ ਆਵਾਜਾਈ ਨੂੰ ਚਲਾਉਣ ਦੇ ਕੁਝ ਖਾਸ ਨਿਯਮ ਹਨ । ਕੈਨੇਡਾ ਦੀ ਗੱਲ ਕਰੀਏ ਤਾਂ ਸੱਜੇ ਪਾਸੇ ਚੱਲਣਾ , ਸਟਾਪ ਸਾਈਨ ਤੇ ਰੁਕ ਕੇ ਚੱਲਣਾ , ਸਪੀਡ ਦੀ ਪਾਬੰਦੀ ਦਾ ਧਿਆਨ ਰੱਖਣਾ ਮੁੱਖ ਗੱਲਾਂ ਹਨ ਤੇ ਇਸ ਸਾਰੇ ਸਿਸਟਮ ਨੂੰ ਇੱਕ ਅਥਾਰਟੀ ਕਾਬੂ ਕਰ ਰਹੀ ਹੈ ਪੂਰੇ ਸ਼ਹਿਰ ਵਿੱਚ ਟਰੈਫਿਕ ਲਾਈਟ ਸਿਸਟਮ ਹੈ , ਕੈਮਰੇ ਲੱਗੇ ਹਨ ਕਿਤੇ ਪੁਲੀਸ ਵੱਲੋਂ ਆਪ ਲੁਕਵੇਂ ਥਾਂ ਖੜ ਕੇ ਅਉਣ ਜਾਣ ਵਾਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ । ਅਸੀ ਇਸ ਪ੍ਰਬੰਧ ਬਾਰੇ ਕਹਿ ਸਕਦੇ ਹਾਂ ਕੇ ਇਸ ਸ਼ਹਿਰ ਦਾ ਸਾਰਾ ਟਰੈਫਿਕ ਉਸ ਟਰੈਫਿਕ ਕੰਟਰੋਲ ਸਿਸਟਮ ਦੇ ਹੁਕਮ ਵਿੱਚ ਚਲਦਾ ਹੈ ,ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਗੱਡੀ ਅਉਣ ਵਾਲੇ ਟਰੈਫਿਕ ਵਾਲੇ ਪਾਸਿਓ ਕੱਢਣ ਦੀ ਕੋਸ਼ਿਸ਼ ਕਰੀਏ , ਰੈੱਡ ਲਾਈਟ ਤੇ ਸੜਕ ਕਰਾਸ ਕਰਕੇ ਕਹੀਏ “ਕੋਈ ਗੱਲ ਨਹੀਂ ਜੀ ਇਹ ਸਭ ਕੁਝ ਟ੍ਰੈਫਿਕ ਕੰਟਰੋਲ ਦੇ ਹੁਕਮ ਵਿੱਚ ਚਲਦਾ ਹੈ ਮੇਰੀ ਕੋਈ ਗਲਤੀ ਨਹੀਂ” । ਜੇ ਕੋਈ ਇਸ ਦੀ ਉਲੰਘਣਾ ਕਰਨ ਦਾ ਯਤਨ ਕਰਦਾ ਹੈ ਤਾਂ ਨਤੀਜੇ ਛੋਟੇ ਵੱਡੇ ਐਕਸੀਡੈਂਟਸ ਦੇ ਰੂਪ ਵਿੱਚ ਸਾਹਮਣੇ ਅਉਂਦੇ ਹਨ । ਭੁੱਲ ਭੁਲੇਖੇ ਜਾਂ ਜਾਣ ਬੁੱਝ ਕੇ ਗਲਤੀ ਕਰਨ ਵਾਲਾ ਆਪਣੀ ਤੇ ਸੜਕ ਤੇ ਜਾਣ ਵਾਲੇ ਹੋਰ ਨਿਰਦੋਸ਼ ਲੋਕਾਂ ਦੀ ਜਾਨ ਖਤਰੇ ਵਿੱਚ ਪਉਣ ਦਾ ਦੋਸ਼ੀ ਬਣਦਾ ਹੈ ਜਾਂ ਆਵਾਜਾਈ ਪ੍ਰਬੰਧ ਹੁਕਮ ਅਦੂਲੀ ਕਰਨ ਦਾ ਮਤਲਬ ਆਪਣਾ ਲਾਈਸੈਂਸ ਕੈਂਸਲ ਕਰਵਾਉਣਾ , ਭਾਰੀ ਨਕਦ ਰਕਮ ਜ਼ੁਰਮਾਨੇ ਦੇ ਰੂਪ ਵਿੱਚ ਦੇਣਾ ਹੈ ।
               ਬਿੱਲਕੁੱਲ ਇਸੇ ਤਰ੍ਹਾਂ ਰਾਜਿਆ ਨੇ ਆਪਣੀ ਪਰਜਾ ਨੂੰ ਚਲਾਉਣ ਲਈ ਕੁਝ ਰਾਜ ਪ੍ਰਬੰਧ ਦੇ ਨਿਯਮ ਬਣਾ ਦਿੱਤੇ ਜਿਸ ਦਾ ਮਤਲਬ ਸੀ ਕਿ ਮੇਰੇ ਰਾਜ ਵਿੱਚ ਰਹਿਣਾ ਹੈ ਤਾਂ ਆਹ ਕੁਝ ਕਰਨਾ ਪਵੇਗਾ ਭਾਵ ਮੇਰੇ ਹੁਕਮ ਬਿਨ ਕੁਝ ਨਹੀਂ ਹੋ ਸਕਦਾ ਜੇ ਕੋਈ ਹੁਕਮ ਤੋਂ ਬਾਹਰ ਹੁੰਦਾ ਤਾਂ ਮੌਤ ਤੱਕ ਦੀ ਸਜਾ ਆਮ ਹੋ ਗਈ ਇੱਕ ਕਹਾਵਤ ਬਣ ਗਈ ਕਿ ਰਾਜੇ ਦੇ ਹੁਕਮ ਬਿਨ ਪੱਤਾ ਨਹੀ ਝੂਲ ਸਕਦਾ , ਧਾਰਮਿਕ ਲੋਕਾਂ ਨੇ ਸਮਾਜ ਨੂੰ ਸਹੀ ਸੇਧ ਦੇਣ ਲਈ ਕੁਝ ਧਾਰਮਿਕ ਅਸੂਲ ਜਿਵੇਂ ਸੱਚ ਬੋਲਣਾ , ਹੱਕ ਦੀ ਖਾਣੀ , ਆਪਣੀ ਕਮਾਈ ਵਿੱਚੋਂ ਉਹਨਾ ਲੋਕਾਂ ਦੀ ਸਹਾਇਤਾ ਕਰਨੀ ਜੋ ਕੁਦਰਤੀ ਤੌਰ ਤੇ ਕਮਾਉਣ ਦੇ ਯੋਗ ਨਹੀਂ ਜਿਆਦਾਤਰ ਇਸ ਲਈ ਲੋਕ ਦਾਨ ਕਰਨਾ ਸ਼ਬਦ ਵਰਤਦੇ ਸਨ ਸ਼ੁਰੂ ਸ਼ੁਰੂ ਵਿੱਚ ਸਭ ਠੀਕ ਚਲਦਾ ਰਿਹਾ ਪਰ ਇਹੀ ਦਾਨ ਪ੍ਰਥਾ ਵਰਗੀਆਂ ਧਾਰਨਾਵਾਂ ਪਰਵਾਰਿਕ ਸਮਾਜਿਕ ਜਿੰਮੇਵਾਰੀਆਂ ਤੋਂ ਭੱਜੇ ਸਵਾਰਥੀ ਲੋਕਾਂ ਦੇ ਧਾਰਮਿਕ ਆਗੂ ਬਣਨ ਦਾ ਕਾਰਨ ਬਣੀਆਂ ਲੋਕਾਂ ਨੂੰ ਸਵਰਗ ਨਰਕ . ਮੁਕਤੀ ਦਾ ਡਰ ਲਾਲਚ ਦੇ ਕੇ ਧਰਮ ਦੀ ਖੱਡ ਵਿੱਚ ਧਕੇਲ ਦਿੱਤਾ ਗਿਆ ਤੇ ਟਪੋਰੀ ਧਾਰਮਿਕ ਆਗੂ ਕਰਮਕਾਂਡਾਂ ਦੀ ਰੱਸੀ ਲਮਕਾ ਕੇ ਲੋਕਾਂ ਖੱਡ ‘ਚੋਂ ਕੱਢਣ ਦੇ ਲਾਰੇ ਲਾਉਣ ਲਾਗੇ । ਹੌਲੀ ਹੌਲੀ ਧਰਮ ਨੇ ਰਾਜੇ ਤੇ ਕਾਬੂ ਪਾ ਲਿਆ । ਧਰਮ ਤੇ ਰਾਜ ਦਾ ਆਗੂ ਭ੍ਰਿਸ਼ਟ ਹੋ ਗਏ । ਧਰਮ ਇਕੱਲਾ ਧਰਮ ਨਾ ਰਹਿ ਕੇ “ਰਾਜ ਧਰਮ” ਬਣ ਗਿਆ ਧਰਮ ਤੇ ਰਾਜ ਇੱਕ ਹੋ ਗਏ ਚੋਰ ਤੇ ਕੁੱਤੀ ਰਲ਼ ਗਏ । ਮੇਰੇ ਇੱਕ ਪਰਮ ਮਿੱਤਰ ਇਕਬਾਲ ਗਿੱਲ ਜੀ ਦੇ ਸ਼ਬਦਾਂ ਵਿੱਚ “ਸਿਆਸਤ, ਤੇ ਪੁਜਾਰੀ ਵਰਗ ਵਿਚ ਪੁਰਾਣੀ ਸੰਢ-ਗੰਢ ਹੈ ਤੇ ਸਿਆਸਤ ਲੋਟੂਆਂ ਦੀ ਚਾਕਰ ਹੁੰਦੀ ਹੈ
                 ਪੁਜਾਰੀ ਗਰੀਬ ਨੂੰ ਸਮਝਾਉਂਦੇ ਰਹੇ ਹਨ ਪਿਛਲੇ ਜਨਮ ਦੇ ਕੀਤੇ ਪਾਪਾਂ ਕਾਰਨ ਗਰੀਬ ਹੋ ਇਸ ਜਨਮ ਵਿਚ ਭਾਣੇ ਵਿਚ ਰਹੋ ਅਗਲੇ ਜਨਮ ਸੁਧਰ ਜਾਣਗੇ ਜਾਂ ਪ੍ਰਲੋਕ ਸੁਧਰ ਜਾਵੇਗਾ ਇਹ ਬਹੁਤ ਵੱਡੀ ਚਾਲ੍ਸਾਜ਼ੀ ਹੈ ਅਮੀਰ ਲਈ ਦਾਨ ਕਰਨ ਦਾ ਸਿਧਾਂਤ ਵੀ ਬਹੁਤ ਕਮਾਲ ਦਾ ਹੈ ਪਹਿਲਾਂ ਲੋਕਾਂ ਦਾ ਖੂਨ ਚੂਸੋ ਫਿਰ ਦਾਨ ਕਰੋ ਇਹ ਪੂਰਾ ਹਿਸਾਬ ਹੀ ਤਰਕ-ਸੰਗਤ ਨਹੀਂ, ਫਿਰ ਵੀ ਚੱਲ ਰਿਹਾ ਹੈ ਇਹ ਕਮਾਲ ਦੀ ਗੱਲ ਹੈ ” ਮੇਰੇ ਖਿਆਲ ਵਿੱਚ “ਰਾਜਧਰਮ” ਤੋਂ ਇਹੀ ਗੱਲ ਪੁੱਠੀ ਸਿੱਧੀ ਹੋ ਕੇ “ਧਰਮਰਾਜ” ਦੇ ਸੰਕਲਪ ਤੱਕ ਜਾ ਪਹੁੰਚੀ ।ਲੋਕਾਂ ਨੂੰ ਧਰਮ ਤੇ ਰਾਜ ਦੀ ਚੱਕੀ ਦੇ ਦੋ ਪੁੜਾਂ ਨੇ ਪੀਸਣਾ ਸ਼ੁਰੂ ਕਰ ਦਿੱਤਾ । ਕੋਈ ਉਹਨਾਂ ਦੇ ਜਾਲਮ ਕਨੂੰਨ ਤੋਂ ਅਜਾਦ ਹੋਣ ਲਈ ਕੋਈ ਕੰਮ ਕਰਦਾ ਲੋਕ ਕਹਿੰਦੇ ਕੇ ਧਰਮ ਰਾਜ ਭਾਵ ਧਾਰਮਿਕ ਆਗੂ ਤੇ ਰਾਜੇ ਦੇ ਹੁਕਮ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਝੂਲ ਸਕਦਾ ਤੂੰ ਇਹ ਕਿਵੇਂ ਕਰ ਸਕਦਾਂ ਹੈੰ ?
               ਗੁਰੂ ਨਾਨਕ ਸਾਹਿਬ ਜੀ ਨੇ ਇਸ ਸੋਚ ਦੀ ਗੁਲਾਮ ਲੋਕਾਈ ਨੂੰ ਜਗਾਉਣ ਲਈ ਪ੍ਰਚੱਲਤ ਸ਼ਬਦਾਂ ਨੂੰ ਨਵੇਂ ਅਰਥਾਂ ਵਿੱਚ ਲੋਕਾਂ ਦੀ ਸੋਚ ਵਿੱਚ ਪਾਇਆ ਮਸਲਨ ‘ਰੱਬ’ , ਜਿਸ ਨੂੰ ਕਿਸੇ ਖਾਸ ਆਸਣ ਤੇ ਬੈਠਾ ਮੰਨਿਆ ਜਾਂਦਾ ਸੀ ਵੱਖ ਵੱਖ ਧਰਮਾਂ ਵੱਲੋਂ ਉਸ ਦੇ ਖਾਸ ਸਰੂਪ ਮੰਨੇ ਜਾਂਦੇ ਸਨ , ਦੇ ਸਿਧਾਂਤ ਨੂੰ ਬਦਲ ਕੇ ਕਿਹਾ ਕੇ ਰੱਬ ਦਾ ਕੋਈ ਸਰੂਪ ਨਹੀਂ , ਕੋਈ ਰੰਗ ਨਹੀਂ , ਕੋਈ ਉਸਦੀ ਖਾਸ ਰਹਿਣ ਵਾਲੀ ਥਾਂ ਨਹੀਂ , ਭੁਲਿਓ ਲੋਕੋ ਇਹ ਰੱਬ ਤੁਹਾਡੇ ਵਿੱਚ ਵਸਦਾ ਹੈ ਇਹ ਸਾਰਾ ਸੰਸਾਰ ਜੋ ਦੇਖ ਰਹੇ ਹੋ ਇਸ ਨੂੰ ਰੱਬ ਸਮਝੋ ! ਰੱਬ ਦੇ ਨਾਂ ਤੇ ਤੁਹਾਨੁੰ ਜੋ ਲੋਟੂ ਟੋਲੇ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਪਛਾਣੋ ! ਜਾਲਮ ਰਾਜੇ ਤੇ ਧਾਰਮਿਕ ਆਗੂ ਤੇ ਇਹਨਾਂ ਦੇ ਹੁਕਮ ਤੇ ਜ਼ੁਲਮੀ ਕਨੂੰਨ ਬਿਨਸਨਹਾਰ ਹਨ । ਕੁਦਰਤ ਦਾ ਕਨੂੰਨ ਅਟੱਲ ਹੈ , ਨਿਰਭਉ ਹੈ, ਨਿਰਵੈਰ ਹੈ ਤੁਸੀਂ ਵੀ ਤੇ ਇਹ ਜਾਲਮ ਵੀ ਸਭ ਇੱਕ ਅਦਿਖ ਸ਼ਕਤੀ ਸੇ ਸਾਜੇ ਹਨ ਫਿਰ ਤੁਸੀਂ ਗੁਲਾਮ ਕਿਉਂ , ਇਹਨਾਂ ਜਾਲਮਾਂ ਦੀ ਪਰਵਾਹ ਕੀਤੇ ਬਿਨਾ ਹੱਕ ਸੱਚ ਦਾ ਰਾਹ ਅਪਣਾ ਕੇ , ਕਾਣੀ ਵੰਡ ਰੋਕ ਕੇ , ਖੁੰਢੀ ਕਰ ਦਿਉ ਜ਼ੁਲਮ ਦੀ ਤਲਵਾਰ ਇਕ ਹੋ ਜਾਉ ਸਭ ਕੋਈ ਛੋਟਾ ਕੋਈ ਵੱਡਾ ਨਾ ਦਿਸੇ ਬੇਗਮ ਪੁਰਾ ਬਣਾ ਦਿਉ ਇਸ ਸਮਾਜ ਨੂੰ । ਰਾਜੇ ਸ਼ੀਹ , ਮੁਕਦਮ ਕੁਤੇ ਹਨ । ਇਹ ਲੋਕ ਸ਼ਕਤੀ ਮੂਹਰੇ ਜਿਆਦਾ ਦੇਰ ਨਹੀ ਟਿਕ ਸਕਣਗੇ ਇਹ ਮਾਰਗ ਥੋੜਾ ਔਖਾ ਜਰੂਰ ਹੈ ਔਕੜਾਂ ਆ ਸਕਦੀਆਂ ਹਨ ਉਹਨਾਂ ਨੂੰ ਭਾਣਾ ਮੰਨ ਕੇ ਖਿੜੇ ਮੱਥੇ ਸਹੋ ਪਰ ਇਹ ਨਹੀਂ ਕਿ ਤੁਸੀ ਡਰ ਕੇ ਘਰਾਂ ਵਿੱਚ ਦੜ ਵੱਟ ਬੈਠੇ ਰਹੋ ਤੇ ਭਾਣਾ ਭਾਣਾ ਦੀ ਮਾਲਾ ਫੇਰਦੇ ਮਰ ਜਾਵੋਂ । ਇਹ ਮਾਰਗ ਸਿਰ ਧਰ ਤਲੀ ਗਲੀ ਮੇਰੀ ਆਉ ਦਾ ਮਾਰਗ ਹੈ । ਕੁਦਰਤ ਦੇ ਕਨੂੰਨ ਵਿੱਚ ਇਥੇ ਚੰਗਾ ਵੀ ਹੈ , ਮੰਦਾ ਵੀ ਹੈ , ਪੁੰਨੀ ਵੀ ਹੇ , ਪਾਪੀ ਵੀ ਹੈ . ਰਾਜਾ ਵੀ ਹੈ ਪਰਜਾ ਵੀ ਹੈ ਸਾਧ ਵੀ ਹੈ ਚੋਰ ਵੀ ਹੈ , ਅਮੀਰ ਵੀ ਹੈ ਗਰੀਬ ਵੀ ਹੈ । ਜਿਵੇਂ ਸਹਿਰ ਦੇ ਟ੍ਰੈਫਿਕ ਨਿਯਮ ਨੂੰ ਮੰਨਣ ਵਾਲੇ ਵੀ ਹਨ ਤੋੜਨ ਵਾਲੇ ਵੀ ਪਰ ਇਹ ਨਹੀਂ ਕਿ ਤੋੜਨ ਵਾਲੇ ਦੀ ਕਰਤੂਤ ਨੂੰ ਭਾਣਾ ਮੰਨ ਕੇ ਸਹੀ ਜਾਉ ।ਭਾਵੇਂ ਕਿ ਲੋਕਾਂ ਦੇ ਕਹੇ ਮੁਤਾਬਿਕ ਟ੍ਰੈਫਿਕ ਕੰਟਰੋਲ ਅਥਾਰਿਟੀ ਦੇ ਹੁਕਮ ਵਿੱਚ , ਉਸ ਨੂੰ ਜਿਵੇਂ ਭਉਂਦਾ ਹੈ ਇਹ ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਪਰ ਇਸ ਦੀ ਆੜ ਵਿੱਚ ਲਾਲ ਬੱਤੀ ਪਾਰ ਕਰ ਜਾਣਾ , 50 ਦੀ ਸਪੀਡ ਵਾਲੀ ਥਾਂ 100 ਤੇ ਗੱਡੀ ਭਜਾਉਣਾ , ਜਾਣ ਵਾਲੀ ਲਾਈਨ ਛੱਡ ਕੇ ਇਨਕਮਿੰਗ ਟ੍ਰੈਫਿਕ ਵਾਲੇ ਪਾਸੇ ਦੀ ਕਾਰ ਕੱਢਣ ਦੀ ਕੋਸ਼ਿਸ਼ ਕਰਨਾ ਕਨੂੰਨ ਤੋੜਨ ਦੀ ਗੱਲ ਹੈ ਕਨੂੰਨ ਨੂੰ ਚੰਗਾ ਲੱਗਣ ਵਾਲੀ ਨਹੀਂ ।
Trim it down to size with a high priority device

No comments:

Post a Comment